ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 19 ਅਪ੍ਰੈਲ 2021-ਬੀਤੀ ਦੇਰ ਰਾਤ ਜ਼ਿਲ੍ਹੇ ਦੇ ਪਿੰਡ ਭੁੱਲਰ ਕੋਲ ਸ਼੍ਰੀ ਮੁਕਤਸਰ ਸਾਹਿਬ-ਬਠਿੰਡਾ ਰੋਡ ’ਤੇ ਅਵਾਰਾ ਪਸ਼ੂ ਅੱਗੇ ਆ ਜਾਣ ਕਾਰਨ ਇੱਕ ਮੋਟਰ ਸਾਈਕਲ ਸਵਾਰ ਨੌਜਵਾਨ ਦੀ ਮੌਤ ਦਾ ਸਮਾਚਾਰ ਹੈ। ਘਟਨਾ ’ਚ ਮੋਟਰਸਾਇਕਲ ’ਤੇ ਸਵਾਰ ਮਿ੍ਰਤਕ ਦੀ ਪਤਨੀ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਈ ਹੈ।
ਜਾਣਕਾਰੀ ਅਨੁਸਾਰ ਜਗਦੀਪ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਸਮਾਘ ਆਪਣੀ ਪਤਨੀ ਸੰਦੀਪ ਕੌਰ (ਰੇਨੂੰ) ਨਾਲ ਮੋਟਰ ਸਾਈਕਲ ’ਤੇ ਜਲਾਲਾਬਾਦ ਤੋਂ ਦਵਾਈ ਲੈ ਕੇ ਵਾਪਸ ਆਪਣੇ ਪਿੰਡ ਸਮਾਘ ਜਾ ਰਿਹਾ ਸੀ ਤਾਂ ਅਚਾਨਕ ਪਿੰਡ ਭੁੱਲਰ ਕੋਲ ਅਵਾਰਾ ਪਸ਼ੂ ਮੋਟਰਸਾਇਕਲ ਦੇ ਅੱਗੇ ਆ ਗਿਆ, ਜਿਸ ਨਾਲ ਮੋਟਰ ਸਾਈਕਲ ਡਗਮਗਾ ਗਿਆ, ਨਤੀਜਨ ਮੋਟਰਸਾਇਕਲ ਸਵਾਰ ਦੋਵੇਂ ਪਤੀ-ਪਤਨੀ ਸੜਕ ’ਤੇ ਡਿੱਗ ਗਏ। ਸੜਕ ’ਤੇ ਸਿਰ ਵੱਜਣ ਕਰਕੇ ਜਗਦੀਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਉਸ ਦੀ ਪਤਨੀ ਨੂੰ ਵੀ ਕਾਫੀ ਸੱਟਾਂ ਲੱਗੀਆਂ ਹਨ, ਜਿੰਨਾਂ ਨੂੰ ਰਾਹਗੀਰਾਂ ਅਤੇ ਐਂਬੂਲੈਂਸ ਦੀ ਮੱਦਦ ਨਾਲ ਸ਼੍ਰੀ ਮੁਕਤਸਰ ਸਹਿਬ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ।
ਇਸ ਘਟਨਾ ਦਾ ਪਤਾ ਚਲਦਿਆਂ ਹੀ ਥਾਣਾ ਸਦਰ ਸ਼੍ਰੀ ਮੁਕਤਸਰ ਸਾਹਿਬ ਦੇ ਏ.ਐਸ.ਆਈ ਜਸਵੀਰ ਸਿੰਘ ਪੁਲਿਸ ਪਾਰਟੀ ਨਾਲ ਮੌਕੇ ’ਤੇ ਪਹੁੰਚੇ ਅਤੇ ਮਿ੍ਰਤਕ ਦੇ ਪਿਤਾ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟ-ਮਾਰਟਮ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤੀ।