ਹਰੀਸ ਕਾਲੜਾ
ਰੂਪਨਗਰ 10 ਮਈ 2021: ਲੋਕਾਂ ਨੂੰ ਕੋਵਿਡ ਤੋਂ ਬਚਾਅ ਹਿੱਤ ਜਾਰੀ ਟੀਕਾਕਰਨ ਮੁਹਿੰਮ ਅਧੀਨ ਰਾਜ 18 ਤੋਂ 44 ਸਾਲ ਉਮਰ ਦੇ ਲੋਕਾਂ ਲਈ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਪਹਿਲੇ ਪੜਾਅ ਅਧੀਨ ਕਿਰਤ ਵਿਭਾਗ ਪੰਜਾਬ ਤੋਂ ਰਜਿਸਟਰਡ 18 ਤੋਂ 44 ਸਾਲ ਦੇ ਕਿਰਤੀ ਕਾਮਿਆਂ ਦੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਢਾਂਡਾ ਨੇ ਦੱਸਿਆ ਕਿ ਅੱਜ 18 ਤੋਂ 44 ਸਾਲ ਦੀ ਕੈਟਾਗਿਰੀ ਅਧੀਨ ਕਿਰਤ ਵਿਭਾਗ ਦੇ ਰਜਿਸਟਰਡ ਕਾਮਿਆਂ ਲਈ ਸ਼ੁਰੂ ਕੀਤੀ ਗਈ ਇਸ ਕੋਵਿਡ ਟੀਕਾਕਰਨ ਮੁਹਿੰਮ ਤਹਿਤ ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਅਤੇ ਆਈ.ਟੀ.ਆਈ. ਨੰਗਲ ਵਿਖੇ ਦੋ ਕੈਂਪਾਂ ਦਾ ਆਯੋਜਨ ਕੀਤਾ ਗਿਆ ਹੈ, ਜਰੂਰਤ ਅਨੁਸਾਰ ਕੋਵਿਡ ਟੀਕਾਕਰਨ ਕੈਂਪਾ ਦੀ ਗਿਣਤੀ ਵਧਾਈ ਜਾਵੇਗੀ ਤਾਂ ਜ਼ੋ ਸਾਰੇ ਰਜਿਸਟਰਡ ਕਿਰਤੀ ਕਾਮਿਆਂ ਨੂੰ ਕਵਰ ਕੀਤਾ ਜਾ ਸਕੇ।ਉਹਨਾਂ ਦੱਸਿਆ ਕਿ ਕੋਵਿਡ ਬੀਮਾਰੀ ਤੋਂ ਬਚਾਅ ਲਈ ਜਾਰੀ ਟੀਕਾਕਰਨ ਮੁਹਿੰਮ ਅਧੀਨ ਕਵਰ ਕੀਤੀਆਂ ਜਾ ਰਹੀਆਂ ਬਾਕੀ ਕੈਟਾਗਿਰੀਆਂ ਜਿਵੇਂ ਕਿ ਫਰੰਟ ਲਾਇਨ ਵਰਕਰਾਂ , ਗੰਭੀਰ ਬੀਮਾਰੀ ਨਾਲ ਪੀੜਤਾਂ ਅਤੇ 60 ਸਾਲ ਤੋਂ ਵਧੇਰੇ ਉਮਰ ਦੇ ਵਿਅਕਤੀਆਂ ਲਈ ਵੀ ਟੀਕਾਕਰਨ ਮੁਹਿੰਮ ਜਾਰੀ ਹੈ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀ ਵਾਰੀ ਆਊਣ ਤੇ ਟੀਕਾਕਰਨ ਜਰੂਰ ਕਰਵਾਉਣ ਅਤੇ ਕੋਵਿਡ ਅਨੂਰੁਪ ਵਿਵਹਾਰਾਂ ਦੀ ਪਾਲਣਾ ਕਰਨ।
ਲੇਬਰ ਇੰਸਪੈਕਟਰ ਸ਼੍ਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਜਿਲ੍ਹਾ ਰੂਪਨਗਰ ਵਿੱਚ ਤਕਰੀਬਨ 3000 ਰਜਿਸਟਰਡ ਕਿਰਤੀ ਕਾਮੇ ਹਨ ਅਤੇ ਉਹਨਾਂ ਦੀ ਕੋਸ਼ਿਸ ਰਹੇਗੀ ਕਿ ਜਿੰਨੀ ਜਲਦੀ ਹੋ ਸਕੇ ਸਾਰਿਆਂ ਦਾ ਕੋਵਿਡ ਟੀਕਾਕਰਨ ਕਰਵਾਇਆ ਜਾਵੇਗਾ ।ਉਹਨਾਂ ਕਿਹਾ ਕਿ ਉਹ ਸਮੂਹ ਰਜਿਸਟਰਡ ਕਿਰਤੀ ਕਾਮਿਆਂ ਨੂੰ ਅਪੀਲ ਕਰਦੇ ਹਨ ਕਿ ਕਿਸੇ ਵੀ ਅਫਵਾਹ ਤੇ ਯਕੀਨ ਨਾਂ ਕੀਤਾ ਜਾਵੇ ਅਤੇ ਕੋਵਿਡ ਦੀ ਮੋਜੂਦਾ ਸਥਿਤੀ ਵੇਖਦੇ ਹੋਏ ਜਲਦੀ ਤੋਂ ਜਲਦੀ ਕੋਵਿਡ ਟੀਕਾਕਰਨ ਕਰਵਾਉਣ ਅਤੇ ਆਪਣੇ ਆਪ ਨੂੰ ਇਸ ਬੀਮਾਰੀ ਦੀ ਲਾਗ ਤੋਂ ਬਚਾਉਣ।
ਇਸ ਮੋਕੇ ਮੈਡੀਕਲ ਅਫਸਰ ਡਾ. ਹਰਲੀਨ ਕੋਰ, ਡਿਪਟੀ ਮਾਸ ਮੀਡੀਆ ਅਫਸਰ ਸ਼੍ਰੀ ਗੁਰਦੀਪ ਸਿੰਘ, ਜੇ.ਈ. ਸ਼੍ਰੀ ਸੰਦੀਪ ਰਾਏ, ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਸੁਖਜੀਤ ਕੰਬੋਜ਼, ਤਜਿੰਦਰ ਸਿੰਘ , ਗਗਨਦੀਪ ਸਿੰਘ, ਪੰਕਜ ਕੁਮਾਰ ਅਤੇ ਜੀਵਨ ਜ਼ੋਤੀ ਹਾਜਰ ਸਨ।