ਛੋਟਾ ਠਾਣੇਦਾਰ ਨੌਕਰੀ ਤੋਂ ਬਰਖਾਸਤ, ਵਿਧਵਾ ਔਰਤ ਨਾਲ ਬਲਾਤਕਾਰ ਕਰਨ ਦੇ ਦੋਸ਼ 'ਚ ਕੀਤਾ ਅੰਦਰ
ਅਸ਼ੋਕ ਵਰਮਾ
ਬਠਿੰਡਾ ,12ਮਈ2021: ਬਠਿੰਡਾ ਜਿਲ੍ਹੇ ਦੇ ਪਿੰਡ ਬਾਠ ਵਿੱਚ ਇੱਕ ਵਿਧਵਾ ਔਰਤ ਨਾਲ ਪਿਛਲੇ ਕਈ ਦਿਨਾਂ ਤੋਂ ਬਲਾਤਕਾਰ ਕਰਨ ਦੇ ਮਾਮਲੇ ’ਚ ਜਿਲ੍ਹਾ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਸੀ ਆਈ ਏ ਸਟਾਫ ਵਨ ’ਚ ਤਾਇਨਾਤ ਇੱਕ ਏ ਐਸ ਆਈ ਨੂੰ ਬਰਖਾਸਤ ਕਰ ਦਿੱਤਾ ਹੈ। ਹਾਲਾਂਕਿ ਪੁਲਿਸ ਵੱਲੋਂ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਵਰਦੀ ਦੀ ਆੜ ’ਚ ਜਬਰਜਨਾਂਹ ਵਰਗੀ ਘਿਨਾਉਣੀ ਵਾਰਦਾਤ ਨੇ ਪੁਲਿਸ ਦਾ ਇੱਕ ਕਰੂਰ ਚਿਹਰਾ ਸਾਹਮਣੇ ਲੈ ਆਂਦਾ ਹੈ। ਐਸ ਐਸ ਪੀ ਬਠਿੰਡਾ ਦੇ ਹੁਕਮਾਂ ਤਹਿਤ ਪੁਲਿਸ ਦੀ ਵਰਦੀ ਨੂੰ ਦਾਗਦਾਰ ਕਰਨ ਵਾਲੇ ਏ ਐਸ ਆਈ ਗੁਰਵਿੰਦਰ ਸਿੰਘ ਖਿਲਾਫ ਥਾਣਾ ਨਥਾਣਾ ਪੁਲਿਸ ਨੇ ਮੁਕੱਦਮਾ ਦਰਜ ਕਰਨ ਉਪਰੰਤ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਥਾਣਾ ਨਥਾਣਾ ਪੁਲਿਸ ਅੱਜ ਇਸ ਵਿਧਵਾ ਔਰਤ ਨੂੰ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਬਠਿੰਡਾ ਲਿਆਈ ਸੀ ਜਿੱਥੇ ਉਸ ਨੇ ਪੱਤਰਕਾਰਾਂ ਅੱਗੇ ਆਪਣੀ ਦੁੱਖ ਭਰੀ ਕਹਾਣੀ ਬਿਆਨਦਿਆਂ ਮਾਮਲੇ ਦੀ ਜਾਂਚ ਕਰਕੇ ਏ ਐਸ ਆਈ ਗੁਰਵਿੰਦਰ ਸਿੰਘ ਨੂੰ ਸਖਤ ਸਜ਼ਾ ਦਿਵਾਉਣ ਦੀ ਮੰਗ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬਾਠ ਦੀ ਰਹਿਣ ਵਾਲੀ ਇਸ ਵਿਧਵਾ ਔਰਤ ਦੇ ਪੁੱਤਰ ਖਿਲਾਫ ਕੁੱਝ ਦਿਨ ਪਹਿਲਾਂ ਨਸ਼ਾ ਤਸਕਰੀ ਦਾ ਝੂਠਾ ਕੇਸ ਦਰਜ ਕੀਤਾ ਗਿਆ ਸੀ। ਉਸ ਦੇ ਲੜਕੇ ਨੂੰ ਇਸ ਕੇਸ ਚੋਂ ਬਚਾਉਣ ਲਈ ਇਹ ਸਹਾਇਕ ਥਾਣੇਦਾਰ ਔਰਤ ਨੂੰ ਬਲੈਕਮੇਲ ਕਰਕੇ ਜਿਣਸੀ ਸਬੰਧ ਬਨਾਉਣ ਲਈ ਮਜਬੂਰ ਕਰ ਰਿਹਾ ਸੀ। ਪਤਾ ਲੱਗਿਆ ਹੈ ਕਿ ਦੋ ਦਿਨ ਪਹਿਲਾਂ ਏ ਐਸ ਆਈ ਨੇ ਇਸ ਵਿਧਵਾ ਔਰਤ ਨੂੰ ਸੱਦ ਕੇ ਬਠਿੰਡਾ ਰਾਮਪੁਰਾ ਸੜਕ ਤੇ ਪੈਂਦੇ ਇੱਕ ਹਸਪਤਾਲ ਲਾਗੇ ਉਸ ਨਾਲ ਜਬਰਦਸਤੀ ਸ਼ਰੀਰਕ ਸਬੰਧ ਬਣਾਏ ਸਨ।
ਵੇਰਵਿਆਂ ਅਨੁਸਾਰ ਆਪਣੇ ਯਤਨ ’ਚ ਕਾਮਯਾਬ ਹੋਣ ਤੋਂ ਬਾਅਦ ਏ ਐਸ ਆਈ ਦਾ ਹੌਂਸਲਾ ਐਨਾ ਵਧ ਗਿਆ ਕਿ ਉਸ ਨੇ ਔਰਤ ਦੇ ਘਰ ਆਉਣ ਦੀ ਜਿਦ ਫੜ੍ਹ ਲਈ। ਪੀੜਤ ਔਰਤ ਪਹਿਲਾਂ ਤਾਂ ਪੁੱਤ ਖਾਤਰ ਸਭ ਕੁੱਝ ਝੱਲਦੀ ਰਹੀ ਪਰ ਜਦੋਂ ਪਾਣੀ ਸਿਰ ਤੋਂ ਦੀ ਲੰਘ ਗਿਆ ਤਾਂ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਪਿੰਡ ਵਾਸੀਆਂ ਨੂੰ ਆਪਣੀ ਹੱਡਬੀਤੀ ਸੁਣਾਈ। ਦੱਸਿਆ ਜਾਂਦਾ ਹੈ ਕਿ ਥਾਣੇਦਾਰ ਨੂੰ ਸਮਝਾਉਣ ਦੀਆਂ ਕੋਸ਼ਿਸਾਂ ਵੀ ਹੋਈਆਂ ਪਰ ਵਰਦੀ ਦੇ ਦਾਬੇ ਨਾਲ ਇਸ ਨੂੰ ਟਿੱਚ ਜਾਣਿਆ ਅਤੇ ਔਰਤ ਨੂੰ ਤੰਗ ਪ੍ਰੇਸ਼ਾਨ ਕਰਨਾ ਜਾਰੀ ਰੱਖਿਆ। ਅੰਤ ਨੂੰ ਥਾਣੇਦਾਰ ਦੀਆਂ ਵਧੀਕੀਆਂ ਤੋਂ ਅੱਕੇ ਪਿੰਡ ਵਾਸੀਆਂ ਨੇ ਗੁਰਵਿੰਦਰ ਸਿੰਘ ਨੂੰ ਰੰਗੇ ਹੱਥੀਂ ਫੜ੍ਹਨ ਦੀ ਯੋਜਨਾ ਬਣਾ ਲਈ।
ਮੰਗਲਵਾਰ ਰਾਤ ਨੂੰ ਧੱਕੇ ਨਾਲ ਵਿਧਵਾ ਦੇ ਘਰ ਪੁੱਜ ਕੇ ਬਲਾਤਕਾਰ ਕਰ ਰਹੇ ਏ ਐਸ ਆਈ ਗੁਰਵਿੰਦਰ ਸਿੰਘ ਨੂੰ ਪਿੰਡ ਵਾਸੀਆਂ ਨੇ ਦਬੋਚ ਲਿਆ। ਇਸ ਮੌਕੇ ਪਿੰਡ ਵਾਸੀਆਂ ਨੇ ਵੀਡੀਓ ਵੀ ਬਣਾ ਲਈ ਜੋ ਕਿ ਬਾਅਦ ’ਚ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਗਈ ਜਿਸ ’ਚ ਉਹ ਪੂਰੀ ਤਰਾਂ ਨਿਰਵਸਤਰ ਦਿਖਾਈ ਦੇ ਰਿਹਾ ਹੈ। ਪਿੰਡ ਵਾਸੀਆਂ ਨੇ ਪੁਲਿਸ ਮੁਲਾਜਮ ਵੱਲੋਂ ਕੀਤੇ ਇਸ ਕਾਂਡ ਦੀ ਜਾਣਕਾਰੀ ਥਾਣਾ ਨਥਾਣਾ ਪੁਲਿਸ ਨੂੰ ਦਿੱਤੀ ਜਿਸ ਨੇ ਏ ਐਸ ਆਈ ਨੂੰ ਹਿਰਾਸਤ ’ਚ ਲੈ ਲਿਆ ਅਤੇ ਥਾਣੇ ਲੈ ਗਈ। ਵਾਇਰਲ ਹੋਈ ਵੀਡੀਓ ’ਚ ਇੱਕ ਵਿਅਕਤੀ ਨੇ ਸਹਾਇਕ ਥਾਣੇਦਾਰ ਵੱਲੋਂ ਕੀਤੀ ਜਾ ਰਹੀ ਦਰਿੰਦਗੀ ਬਾਰੇ ਜਾਣਕਾਰੀ ਦਿੰਦਿਆਂ ਐਸ ਐਸ ਪੀ ਬਠਿੰਡਾ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਸੀ।
ਮੇਰੇ ਨਾਲ ਜਬਰਦਸਤੀ ਕੀਤੀ-ਪੀੜਤਾ
ਸਿਵਲ ਹਸਪਤਾਲ ’ਚ ਆਪਣੀ ਹੱਡਬੀਤੀ ਬਿਆਨ ਕਰਦਿਆਂ ਪੀੜਤ ਔਰਤ ਨੇ ਦੱਸਿਆ ਕਿ ਏ ਐਸ ਆਈ ਨੇ ਉਸ ਨੂੰ ਧਮਕੀਆਂ ਦਿੱਤੀਆਂ ਸਨ ਕਿ ਉਹ ਉਸ ਦੇ ਲੜਕੇ ਖਿਲਾਫ ਅਜਿਹਾ ਮੁਕੱਦਮਾ ਦਰਜ ਕਰੇਗਾ ਕਿ ਉਸ ਨੇ ਦਸ ਸਾਲ ਜੇਲ੍ਹ ਚੋਂ ਨਹੀਂ ਨਿੱਕਲਣਾ ਹੈ। ਉਨ੍ਹਾਂ ਦੱਸਿਆ ਕਿ ਛੇ ਤਰੀਕ ਨੂੰ ਮੇਰੇ ਲੜਕੇ ਨੂੰ ਘਰੋਂ ਚੁੱਕ ਲਿਆ ਅਤੇ ਘਰੋਂ 50-60 ਹਜਾਰ ਰੁਪਿਆ ਚੁੱਕ ਲਿਆਏ। ਉਸ ਨੇ ਦੱਸਿਆ ਕਿ ਜਦੋਂ ਉਹ ਸੀ ਆਈ ਏ ਸਟਾਫ ਤਾਂ ਉਸ ਕੋਲੋਂ ਦੋ ਲੱਖ ਰੁਪਏ ਦੀ ਮੰਗ ਕੀਤੀ ਤਾਂ ਉਸ ਨੇ ਕੁੱਝ ਪੈਸੇ ਆਪਣੀ ਭੈਣ ਤੋਂ ਲਏ ਅਤੇ ਕੁੱਝ ਫਾਇਨਾਂਸ ਕੰਪਨੀ ਤੋਂ ਲੈਕੇ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਉਹ ਆਪਣੇ ਪੁੱਤਰ ਜਿਸ ਕਰਕੇ ਮਜਬੂਰ ਹੋਈ ਹੈ। ਉਸ ਨੇ ਦੱਸਿਆ ਕਿ ਉਹ ਰਾਤ ਨੂੰ 11 ਵਜੇ ਘਰ ਧੱਕੇ ਨਾਲ ਆਇਆ ਸੀ। ਵਿਧਵਾ ਔਰਤ ਨੇ ਦੱਸਿਆ ਕਿ ਉਸ ਨੇ ਜਾਣ ਬੁੱਝ ਕੇ ਉਸ ਦੇ ਲੜਕੇ ਨੂੰ ਫਸਾਇਆ ਹੈ।
ਏ ਐਸ ਆਈ ਬਰਖਾਸਤ:ਐਸ ਐਸ ਪੀ
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਦਾ ਕਹਿਣਾ ਸੀ ਕਿ ਏ ਐਸ ਆਈ ਗੁਰਿਵੰਦਰ ਸਿੰਘ ਨੂੰ ਨੌਕਰੀ ਤੋ ਬਰਖਾਸਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਥਾਣਾ ਨਥਾਣਾ ਪੁਲਿਸ ਨੇ ਇਸ ਸਬੰਧ ’ਚ ਪੀੜਤਾ ਵੱਲੋਂ ਦਿੱਤੇ ਬਿਆਨਾਂ ਦੇ ਅਧਾਰ ਤੇ ਮੁਕੱਦਮਾ ਦਰਜ ਕਰਕੇ ਏ ਐਸ ਆਈ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਐਸ ਐਸ ਪੀ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾਏਗੀ।