ਸਰੀਰਕ ਸੋਸ਼ਣ ਦੇ ਮਾਮਲੇ ਵਿਚ ਘਿਰੇ.ਸਿਮਰਜੀਤ ਬੈਂਸ ਨੇ ਪੜ੍ਹੋ ਕੀ ਦਿੱਤੀ ਸਫ਼ਾਈ
ਲੁਧਿਆਣਾ,10 ਜੂਨ,2021: ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਤੇ ਮੁੜ ਤੋਂ ਸਰੀਰਕ ਸ਼ੋਸ਼ਣ ਕਰਨ ਦੇ ਇਲਜ਼ਾਮ ਲੱਗੇ ਨੇ ਅਤੇ ਇਹ ਇਲਜ਼ਾਮ ਅਧਿਆਪਕਾ ਨੇ ਲਾਏ ਨੇ ਅਤੇ ਸਬੰਧੀ ਉਸ ਨੇ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਨੂੰ ਸਿੱਧਾ ਮੇਲ ਕਰਕੇ ਸ਼ਿਕਾਇਤ ਕੀਤੀ ਹੈ ਕਿ ਸਿਮਰਜੀਤ ਬੈਂਸ ਵੱਲੋਂ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਗਿਆ। ਜਿਸ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ ਅਤੇ ਇਸ ਸੰਬੰਧੀ ਸਿਮਰਜੀਤ ਬੈਂਸ ਵੱਲੋਂ ਇਕ ਪ੍ਰੈੱਸ ਕਾਨਫਰੰਸ ਕਰਕੇ ਆਪਣੀ ਸਫ਼ਾਈ ਵੀ ਦਿੱਤੀ ਗਈ ਹੈ ਅਤੇ ਕਿਹਾ ਗਿਆ ਕਿ ਇਹ ਸਭ ਉਨ੍ਹਾਂ ਦੇ ਵਿਰੋਧੀਆਂ ਦੀ ਸਾਜ਼ਿਸ਼ ਹੈ ਜੋ ਉਨ੍ਹਾਂ ਦੇ ਸਿਆਸੀ ਭਵਿੱਖ ਨੂੰ ਢਾਹ ਲਾਉਣ ਲਈ ਕੋਝੀਆਂ ਚਾਲਾਂ ਚੱਲ ਰਹੇ ਨੇ। ਪ੍ਰੈੱਸ ਕਾਨਫ਼ਰੰਸ ਦੌਰਾਨ ਲੋਕ ਇਨਸਾਫ਼ ਪਾਰਟੀ ਲੁਧਿਆਣਾ ਦੀ ਲਗਪਗ ਸਾਰੀ ਲੀਡਰਸ਼ਿਪ ਮੌਜੂਦ ਰਹੀ। ਜਿਨ੍ਹਾਂ ਨੇ ਖੁੱਲ੍ਹ ਕੇ ਬਹਿਸ ਦਾ ਸਮਰਥਨ ਕਰਦਿਆਂ ਸਾਫ਼ ਕਿਹਾ ਕਿ ਸਿਮਰਜੀਤ ਬੈਂਸ ਦਾ ਅਕਸ ਸਾਫ਼ ਸੁਥਰਾ ਹੈ ਇਸ ਤੇ ਕੋਈ ਇੱਕੀ ਦੁੱਕੀ ਕਿੱਚੜ ਨਹੀਂ ਪਾ ਸਕਦਾ।
ਸਿਮਰਜੀਤ ਬੈਂਸ ਨੇ ਕਿਹਾ ਕਿ ਜਿਸ ਮਹਿਲਾ ਵੱਲੋਂ ਉਨ੍ਹਾਂ ਤੇ ਇਲਜ਼ਾਮ ਲਗਾਏ ਗਏ ਨੇ ਉਹ ਉਸ ਨੂੰ ਇੱਕ ਵਾਰ ਹੀ ਮਿਲੇ ਸਨ ਉਹ ਵੀ ਜਦੋਂ ਉਨ੍ਹਾਂ ਦੇ ਫਾਰਮ ਹਾਊਸ ਦਾ ਕੰਮ ਚੱਲ ਰਿਹਾ ਸੀ ਤਾਂ ਉਦੋਂ ਮਹਿਲਾ ਕਿਸੇ ਵਿਅਕਤੀ ਨਾਲ ਪਲਾਟ ਵੇਖਣ ਉੱਥੇ ਆਈ ਸੀ ਅਤੇ ਉਸੇ ਥਾਂ ਤੇ ਉਨ੍ਹਾਂ ਦੀ ਥੋੜ੍ਹੀ ਦੇਰ ਗੱਲਬਾਤ ਹੋਈ ਅਤੇ ਉੱਥੇ ਬੈਠਣ ਤੱਕ ਦੀ ਥਾਂ ਨਹੀਂ ਸੀ। ਇਸ ਕਰਕੇ ਉਹ ਇਸੇ ਤਰ੍ਹਾਂ ਚਲੇ ਗਏ ਜਿਸ ਤੋਂ ਬਾਅਦ ਉਨ੍ਹਾਂ ਦੀ ਕਦੇ ਮੁਲਾਕਾਤ ਨਹੀਂ ਹੋਈ। ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਫਸਾਉਣ ਲਈ ਵਿਰੋਧੀਆਂ ਵਲੋਂ ਲਗਾਤਾਰ ਚਾਲਾਂ ਚੱਲੀਆਂ ਜਾ ਰਹੀਆਂ ਨੇ। ਪਹਿਲਾ ਗੁਰਦੀਪ ਕੌਰ ਅਤੇ ਹੁਣ ਇਸ ਅਧਿਆਪਕਾ ਨੂੰ ਉਨ੍ਹਾਂ ਦੇ ਖ਼ਿਲਾਫ਼ ਖੜ੍ਹਾ ਕਰ ਦਿੱਤਾ ਗਿਆ ਹੈ ਕਿਉਂਕਿ ਨਾ ਹੀ ਪੁਲੀਸ ਇਸ ਸਬੰਧੀ ਕੋਈ ਸਬੂਤ ਜੁਟਾ ਪਾ ਰਹੀ ਹੈ ਤੇ ਨਾ ਹੀ ਅਦਾਲਤ ਵਿਚ ਉਨ੍ਹਾਂ ਦੇ ਖਿਲਾਫ ਕੋਈ ਸਬੂਤ ਮਿਲ ਰਿਹਾ ਹੈ। ਜਿਸ ਕਰਕੇ ਜੋ ਇਲਜ਼ਾਮ ਲਗਾਤਾਰ ਲਗਾਏ ਜਾ ਰਹੇ ਨੇ ਉਨ੍ਹਾਂ ਨੂੰ ਸਾਬਤ ਕਰਨ ਚ ਹੀ ਨਾਕਾਮ ਸਾਬਿਤ ਹੋ ਰਹੇ। ਉਨ੍ਹਾਂ ਕਿਹਾ ਕਿ ਜੋ ਉਹ ਦਿਨ ਰਾਤ ਲੋਕਾਂ ਦੀ ਸੇਵਾ ਕਰਦੇ ਨੇ ਇਸੇ ਦਾ ਵਿਰੋਧੀਆਂ ਨੂੰ ਡਰ ਪੈ ਗਿਆ ਹੈ ਕਿਉਂਕਿ ਹੁਣ ਚੋਣਾਂ ਨੇੜੇ ਆ ਗਈਆਂ ਹਨ। ਇਸ ਕਰਕੇ ਅਜਿਹੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਉਨ੍ਹਾਂ ਕਿਹਾ ਕਿ ਇਨ੍ਹਾਂ ਮਹਿਲਾਵਾਂ ਨੂੰ ਲਾਲਚ ਦੇ ਕੇ ਉਨ੍ਹਾਂ ਦੇ ਖ਼ਿਲਾਫ਼ ਕੀਤਾ ਜਾ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਜਨਤਾ ਅਤੇ ਸਾਰੇ ਲੋਕ ਜਾਣਦੇ ਨੇ ਕਿ ਸਿਮਰਜੀਤ ਬੈਂਸ ਅਤੇ ਉਨ੍ਹਾਂ ਦੇ ਵੱਡੇ ਭਰਾ ਦਾ ਅਕਸ ਕਿਹੋ ਜਿਹਾ ਹੈ। ਉਨ੍ਹਾਂ ਆਪਣੇ ਤੇ ਲਗੇ ਸਾਰੇ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਕਿ ਕਾਨੂੰਨ ਹਮੇਸ਼ਾ ਸੱਚ ਦਾ ਸਾਥ ਦਿੰਦਾ ਹੈ ਅਤੇ ਉਨ੍ਹਾਂ ਨੂੰ ਕਾਨੂੰਨ ਤੇ ਪੁਰਾ ਭਰੋਸਾ ਹੈ।