← ਪਿਛੇ ਪਰਤੋ
ਕੈਨੇਡਾ : ਜੋਅ ਬਾਇਡਨ ਨੇ ਜੇਸਨ ਕੈਨੀ ਦਾ ਸੁਪਨਾ ਤੋੜਿਆ, ਵੇਖੋ ਕੀ ਹੋਇਆ ਐਕਸ ਐਲ ਕੀ-ਸਟੋਨ ਪਾਈਪ-ਲਾਈਨ ਪ੍ਰੋਜੈਕਟ ਪੱਕੇ ਤੌਰ ‘ਤੇ ਬੰਦ ਹੋਇਆ ਅਲਬਰਟਾ ਨੂੰ 1.3 ਬਿਲੀਅਨ ਦਾ ਨੁਕਸਾਨ ਹੋਇਆ ਕਮਲਜੀਤ ਬੁੱਟਰ ਕੈਲਗਰੀ, 11 ਜੂਨ 2021 : ਐਕਸ ਐਲ ਕੀ-ਸਟੋਨ ਪਾਈਪ ਲਾਈਨ ਪ੍ਰੋਜੈਕਟ ਆਖ਼ਰ ਸਦਾ ਲਈ ਖ਼ਤਮ ਹੋ ਗਿਆ ਹੈ ਤੇ ਇਸ ਦੇ ਨਾਲ ਹੀ ਐਲਬਰਟਾ ਵਾਸੀਆਂ ਨੂੰ 1.3 ਬਿਲੀਅਨ ਡੌਲਰਜ਼ ਦਾ ਨੁਕਸਾਨ ਵੀ ਹੋ ਗਿਐ। ਪਿਛਲੇ ਸਾਲ ਐਲਬਰਟਾ ਸਰਕਾਰ ਨੇ ਐਲਾਨ ਕੀਤਾ ਸੀ ਕਿ ਐਕੁਇਟੀ ਦੇ ਰੂਪ ਵਿੱਚ ਸਰਕਾਰ ਇਸ ਪ੍ਰੋਜੈਕਟ ਵਿੱਚ 1.3 ਬਿਲੀਅਨ ਡੌਲਰਜ਼ ਦੀ ਇਨਵੈਸਟਮੈਂਟ ਕਰੇਗੀ ਅਤੇ ਇਸ ਤੋਂ ਇਲਾਵਾ ਕਈ ਹੋਰ ਬਿਲੀਅਨ ਡੌਲਰਜ਼ ਦੇ ਲੋਨ ਦੀ ਗਾਰੰਟੀ ਦਿੱਤੀ ਜਾਵੇਗੀ ਤਾਂ ਕਿ ਪਾਈਪ-ਲਾਈਨ ਵਿਛਾਈ ਜਾ ਸਕੇ ਤੇ ਇਸ ਕੰਮ ਚੱਲਦਾ ਰਹੇ। ਪਿਛਲੇ ਕਈ ਮਹੀਨਿਆਂ ਤੋਂ ਐਲਬਰਟਾ ਵਾਲੇ ਪਾਸੇ ਇਸ ਦਾ ਕੰਮ ਚੱਲ ਰਿਹਾ ਸੀ ਤੇ ਸਾਊਥ ਈਸਟ ਐਲਬਰਟਾ ਵਿੱਚ 1000 ਦੇ ਕਰੀਬ ਕਰਮਚਾਰੀ ਕੰਮ ‘ਤੇ ਲੱਗੇ ਹੋਏ ਸਨ। ਅਮੈਰਿਕਾ ਵਿੱਚ ਜੋਅ ਬਾਇਡਨ ਨੇ ਰਾਸ਼ਟਰਪਤੀ ਬਣਦਿਆਂ ਹੀ ਸਭ ਤੋਂ ਪਹਿਲਾ ਕੰਮ ਇਸ ਪ੍ਰੋਜੈਕਟ ਦਾ ਲਾਇਸੰਸ ਰੋਕਣ ਦਾ ਕੀਤਾ ਤੇ ਇਹ ਪਾਈਪ-ਲਾਈਨ ਠੱਪ ਹੋ ਗਈ। ਜਦੋਂ ਅਮੈਰਿਕਾ ਨੇ ਪੂਰੀ ਤਰ੍ਹਾਂ ਨਾਂਹ ਕਰ ਦਿੱਤੀ ਤਾਂ ਹੁਣ ਐਲਬਰਟਾ ਸਰਕਾਰ ਅਤੇ ਪਾਈਪ ਵਿਛਾ ਰਹੀ ਟੀ.ਸੀ. ਐਨਰਜੀ ਨੇ ਇਸ ਕੰਮ ਨੂੰ ਰੋਕਣ ਦਾ ਫੈਸਲਾ ਕਰ ਲਿਆ ਹੈ। ਜੇ ਇਹ ਪਾਈਪ ਲਾਈਨ ਪੂਰੀ ਹੁੰਦੀ ਤਾਂ ਇਸ ਦੀ ਲੰਬਾਈ 1897 ਕਿਲੋਮੀਟਰ ਹੋਣੀ ਸੀ ਤੇ ਇਸ ਰਾਹੀਂ 8 ਲੱਖ 30 ਹਜ਼ਾਰ ਬੈਰਲ ਕੱਚਾ ਤੇਲ ਹਰ ਰੋਜ਼ ਅਮੈਰਿਕਾ ਨੂੰ ਭੇਜਿਆ ਜਾਣਾ ਸੀ। ਵਿਰੋਧੀ ਧਿਰ ਐਨਡੀਪੀ ਨੇ ਮੰਗ ਕੀਤੀ ਹੈ ਜੇਸਨ ਕੈਨੀ ਸਰਕਾਰ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਫੇਲ ਹੋਈ ਹੈ ਤੇ ਇਸ ਦਾ ਪੂਰਾ ਵੇਰਵਾ ਜਾਰੀ ਕਰਨ ਨੂੰ ਕਿਹਾ ਹੈ।
Total Responses : 189