ਬਾਰਸ਼ਾਂ ਦੇ ਪਾਣੀ ਦਾ ਨਿਕਾਸ: ਨੇੜੇ ਆਈ ਜੰਨ ਵਿੰਨ੍ਹੋਂ ਕੁੜੀ ਦੇ ਕੰਨ
ਅਸ਼ੋਕ ਵਰਮਾ
ਬਠਿੰਡਾ 17 ਜੂਨ2021: ਮਾਨਸੂਨ ਆਉਣ ਤੋਂ ਬਾਅਦ ਬਣੇ ਸ਼ਹਿਰ ’ਚ ਪਾਣੀ ਦੀ ਨਿਕਾਸੀ ਸਬੰਧੀ ਹਾਲਾਤਾਂ ਨੂੰ ਦੇਖਦਿਆਂ ਬਠਿੰਡਾ ਪ੍ਰਸ਼ਾਸ਼ਨ ਦੀ ਜਾਗ ਖੁੱਲ੍ਹੀ ਹੈ। ਦਦੋ ਦਿਨ ਪਹਿਲਾਂ ਸ਼ਹਿਰ ਦੀਆਂ ਕਈ ਥਾਵਾਂ ਤੇ ਪਾਣੀ ਵੱਲੋਂ ਲੋਕਾਂ ਦੀ ਜਿੰਦਗੀ ਨੂੰ ਮਾਰੇ ਬੰਨ੍ਹ ਨੇ ਦਰਸਾ ਦਿੱਤਾ ਹੈ ਕਿ ਅਗਲੇ ਹਾਲਾਤ ਕਿਸ ਤਰਾਂ ਦੇ ਹੋ ਸਕਦੇ ਹਨ। ਹੁਣ ਜਦੋਂ ਸਰਕਾਰ ਦਾ ਸਮਾਂ ਥੋੜ੍ਹਾ ਰਹਿ ਗਿਆ ਹੈ ਤਾਂ ਸਿਆਸੀ ਨਫੇ ਨੁਕਸਾਨ ਨੂੰ ਦੇਖਦਿਆਂ ਲੀਡਰਾਂ ਨੇ ਵੀ ਪ੍ਰਸ਼ਾਸ਼ਨ ਨੂੰ ਹਲੂਣਾ ਦਿੱਤਾ ਹੈ। ਸੱਤਾਧਾਰੀ ਕਾਂਗਰਸੀ ਹਲਕਿਆਂ ਦਾ ਵੀ ਮੰਨਣਾ ਹੈ ਕਿ ਸ਼ਹਿਰ ਦੀਆਂ ਸੜਕਾਂ ਤੇ ਬੇਲਗਾਮ ਹੁੰਦਾ ਪਾਣੀ ਨੇਤਾਵਾਂ ਦਾ ਰਾਜਨੀਤਕ ਭਵਿੱਖ ਡੁਬੋ ਸਕਦਾ ਹੈ। ਹੂੁਣ ਕਥਿਤ ਸਿਆਸੀ ਇਸ਼ਾਰੇ ਤਹਿਤ ਅਧਿਕਾਰੀ ਵੀ ਸ਼ਹਿਰ ਵਾਸੀਆਂ ਨੂੰ ਭਰੋਸਾ ਦੇਣ ’ਚ ਜੁਟ ਗਏ ਹਨ।
ਡਿਪਟੀ ਕਮਿਸ਼ਨਰ ਬੀ.ਸ੍ਰੀਨਿਵਾਸਨ ਨੇ ਅੱਜ ਇੱਥੇ ਵੱਖ-ਵੱਖ ਅਧਿਕਾਰੀਆਂ ਨਾਲ ਬਠਿੰਡਾ ਜ਼ਿਲ੍ਹੇ ਵਿਚ ਹੜ੍ਹਾਂ ਦੀ ਰੋਕਥਾਮ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਅਗਾਊਂ ਪ੍ਰਬੰਧਾਂ ਸਬੰਧੀ ਸਮੀਖਿਆ ਕੀਤੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਵਰ੍ਹੇ ਸ਼ਹਿਰ ਅੰਦਰ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੋਈ ਸਮੱਸਿਆ ਨਹੀਂ ਆਵੇਗੀ, ਕਿਉਂਕਿ ਸ਼ਹਿਰ ਅੰਦਰ ਵੱਖ-ਵੱਖ ਡਿਸਪੋਜ਼ਲਾਂ ਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਲਗਾਈਆਂ ਗਈਆਂ ਮੋਟਰਾਂ ਦੀ ਸਮਰੱਥਾ ਦੁੱਗਣੀ ਕਰ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਬਰਸਾਤੀ ਪਾਣੀ ਦੀ ਨਿਕਾਸੀ ਲਈ ਸ਼ਹਿਰ ਅੰਦਰ ਸੰਜੇ ਨਗਰ, ਡੀ.ਏ.ਵੀ. ਕਾਲਜ ਤੇ ਵਾਕਿਫ ਲੈਂਡ ਵਿਖੇ ਬਣੇੇ ਟੋਭਿਆਂ ਤੋਂ ਇਲਾਵਾ ਜ਼ਿਲ੍ਹੇ ਅੰਦਰ ਪੈਂਦੀਆਂ ਸਮੂਹ ਡਰੇਨਾਂ ਅਤੇ ਨਹਿਰਾਂ ਦੀ ਮੌਜੂਦਾ ਸਥਿਤੀ ਦਾ ਵੀ ਜਾਇਜਾ ਲਿਆ।
ਇਸ ਮੌਕੇ ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਲੋੜੀਂਦੇ ਪ੍ਰਬੰਧ ਕਰਨ ਵਿਚ ਕੋਈ ਕੋਤਾਹੀ ਨਾ ਵਰਤੀ ਜਾਵੇ । ਉਨ੍ਹਾਂ ਬਰਸਾਤਾਂ ਦੀ ਸ਼ਰੂਆਤ ਤੋਂ ਪਹਿਲਾਂ ਸਾਰੇ ਇੰਤਜਾਮ ਮੁਕੰਮਲ ਕਰਨਾ ਯਕੀਨੀ ਬਨਾਉਣ ਲਈ ਵੀ ਕਿਹਾ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪੱਧਰ ਤੋਂ ਇਲਾਵਾ ਉਪਮੰਡਲ ਪੱਧਰ ਤੇ ਵੀ ਲੋੜੀਂਦੇ ਪ੍ਰਬੰਧ ਮੁਕੰਮਲ ਕਰਨ ਲਈ ਸਬੰਧਤ ਐਸ.ਡੀ.ਐਮਜ ਵੀ ਹਦਾਇਤ ਕੀਤੀ ਕਿ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਸੰਪਰਕ ਪਲਾਨ ਤਹਿਤ ਸਾਰੇ ਅਧਿਕਾਰੀਆਂ ਕਰਮਚਾਰੀਆਂ ਦੇ ਫੋਨ ਨੰਬਰਾਂ ਸਮੇਤ ਸੂਚਨਾ ਤਿਆਰ ਕਰਕੇ ਹੜ੍ਹਾਂ ਦੀ ਰੋਕਥਾਮ ਲਈ ਲੋੜੀਂਦੇ ਸਮਾਨ ਦਾ ਇੰਤਜਾਮ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਆਖਿਆ ਕਿ ਬਠਿੰਡਾ ’ਚ ਬਾਰਸ਼ ਦੇ ਪਾਣੀ ਦਾ ਜਲਦੀ ਤੋਂ ਜਲਦੀ ਨਿਕਾਸ ਕਰਨਾ ਅਤੇ ਪਾਣੀ ਕਾਰਨ ਹੋਣ ਵਾਲੇ ਨੁਕਸਾਨ ਨੂੰ ਰੋਕਣਾ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ।
ਕਮਿਸ਼ਨਰ ਨੇ ਕਿਹਾ ਸਭ ਅੱਛਾ
ਨਗਰ ਨਿਗਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਅਗੇਤੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪਾਣੀ ਦੀ ਨਿਕਾਸੀ ਲਈ ਸ਼ਹਿਰ ਅੰਦਰ ਵੱਖ-ਵੱਖ ਡਿਸਪੋਜਲਾਂ ਤੇ ਲੱਗੀਆਂ ਮੋਟਰਾਂ ਦੀ ਸਮਰੱਥਾ ਪਹਿਲਾਂ ਨਾਲੋਂ ਦੁੱਗਣੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਸ਼ਹਿਰ ਅੰਦਰ ਪਾਣੀ ਦੀ ਨਿਕਾਸੀ ਹੁਣ ਪਹਿਲਾਂ ਨਾਲੋਂ ਬਹੁਤ ਘੱਟ ਸਮੇਂ ਵਿੱਚ ਹੋਵੇਗੀ।
ਮੀਟਿੰਗ ਵਿੱਚ ਹਾਜਰ ਅਧਿਕਾਰੀ
ਇਸ ਮੌਕੇ ਐਸ.ਡੀ.ਐਮ. ਤਲਵੰਡੀ ਸਾਬੋ ਵਰਿੰਦਰ ਸਿੰਘ, ਐਸ.ਡੀ.ਐਮ. ਰਾਮਪੁਰਾ ਨਵਦੀਪ ਕੁਮਾਰ, ਐਸ.ਡੀ.ਐਮ. ਮੌੜ ਮੈਡਮ ਵੀਰਪਾਲ ਕੌਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮੈਡਮ ਨੀਰੂ ਗਰਗ, ਤਹਿਸੀਲਦਾਰ ਸੁਖਵੀਰ ਸਿੰਘ ਬਰਾੜ ਤੋਂ ਇਲਾਵਾ ਹੋਰ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਬਠਿੰਡਾ ਪ੍ਰਸ਼ਾਸ਼ਨ ਦੇ ਹੱਥ ਖਾਲੀ
ਬਠਿੰਡਾ ਪ੍ਰਸ਼ਾਸ਼ਨ ਸੰਭਾਵੀ ਹੜ੍ਹਾਂ ਵਰਗੀ ਹਾਲਤ ਨਾਲ ਨਜਿੱਠਣ ’ਚ ਜੁਟ ਗਿਆ ਹੈ ਪਰ ਅਧਿਕਾਰੀਆਂ ਕੋਲ ਅਜਿਹਾ ਕੋਈ ਵੀ ਸਾਜੋ ਸਮਾਨ ਨਹੀਂ ਹੈ ਜਿਸ ਦੀ ਹੰਗਾਮੀ ਹਾਲਤ ’ਚ ਜਰੂਰਤ ਪੈਂਦੀ ਹੈ। ਲੋਕ ਸਵਾਲ ਕਰਦੇ ਹਨ ਕਿ ਜੇਕਰ ਸਥਿਤੀ ਖਰਾਬ ਹੋ ਗਈ ਤਾਂ ਅਧਿਕਾਰੀ ਉਨ੍ਹਾਂ ਦੀ ਰਾਖੀ ਕਿਵੇਂ ਕਰਨਗੇ। ਜਿਆਦਾ ਪਾਣੀ ਆਉਣ ਦੀ ਸੂਰਤ ’ਚ ਬਠਿੰਡਾ ਜਿਲ੍ਹੇ ’ਚ ਕਿਸ਼ਤੀਆਂ ਦੀ ਘਾਟ ਹੈ। ਅਕਸਰ ਬਾਰਿਸ਼ਾਂ ਦੇ ਦਿਨਾਂ ’ਚ ਪ੍ਰਸ਼ਾਸ਼ਨ ਕਾਂਗਜਾਂ ’ਚ ਹੀ ਕਿਸ਼ਤੀਆਂ ਚਲਾ ਦਿੰਦਾ ਹੈ। ਅਫਸਰ ਵੀ ਜਿਆਦਾਤਰ ਵੰਗਾਰਾਂ ਸਹਾਰੇ ਕੰਮ ਚਲਾਉਂਦੇ ਹਨ ਜਾਂ ਫਿਰ ਸਮਾਜਸੇਵੀ ਧਿਰਾਂ ਸਹਾਰਾ ਬਣਦੀਆਂ ਹਨ। ਬਠਿੰਡਾ ਸ਼ਹਿਰ ‘ਚ ਜਦੋਂ ਵੀ ਬਾਰਸ਼ ਪੈਂਦੀ ਹੈ ਤਾਂ ਕਈ ਇਲਾਕੇ ਸਮੁੰਦਰ ਦਾ ਰੂਪ ਧਾਰਨ ਕਰ ਜਾਂਦੇ ਹਨ ।
ਐਨ ਡੀ ਆਰ ਐਫ ਦਾ ਸਹਾਰਾ
ਜਿਲ੍ਹਾ ਪ੍ਰਸ਼ਾਸ਼ਨ ਲਈ ਰਾਹਤ ਵਾਲੀ ਗੱਲ ਇਹੋ ਹੈ ਕਿ ਬਠਿੰਡਾ ’ਚ ਕੌਮੀ ਆਫਤ ਰਾਹਤ ਦਲ (ਐਨਡੀਆਰਐਫ) ਦਾ ਕੇਂਦਰ ਹੈ ਜਿਸ ਨੂੰ ਜਰੂਰਤ ਪੈਣ ਤੇ ਤਾਇਨਾਤ ਕੀਤਾ ਜਾਂਦਾ ਹੈ ਬਠਿੰਡਾ ‘ਚ ਫੌਜੀ ਛਾਉਣੀ ਹੋਣ ਕਰਕੇ ਪ੍ਰਸ਼ਾਸ਼ਨ ਨੂੰ ਲੋੜ ਪੈਣ ਤੇ ਫੌਜ ਦੀ ਸਹਾਇਤਾ ਵੀ ਮਿਲ ਸਕਦੀ ਹੈ ਇਹੋ ਕਾਰਨ ਹੈ ਕਿ ਹੜ ਰੋਕੂ ਪ੍ਰਬੰਧਾਂ ਪ੍ਰਤੀ ਗੰਭੀਰਤਾ ਦੀ ਥਾਂ ਖਾਨਾਪੂਰਤੀ ਕਰਕੇ ਹੀ ਡੰਗ ਸਾਰ ਲਿਆ ਜਾਂਦਾ ਹੈ। ਕਈ ਚਰ੍ਹੇ ਪਹਿਲਾਂ ਜਦੋਂ ਆਈ ਜੀ ਦੀ ਕੋਠੀ ’ਚ ਪਾਣੀ ਭਰ ਗਿਆ ਸੀ ਤਾਂ ਐਨ ਡੀ ਆਰ ਐਫ ਹੀ ਸਹਾਰਾ ਬਣੀ ਸੀ ਜਦੋਂਕਿ ਪ੍ਰਸ਼ਾਸ਼ਨ ਫੇਲ੍ਹ ਹੀ ਸਾਬਤ ਹੋਇਆ ਸੀ ।