ਸਿਹਤ ਵਿਭਾਗ ਨੇ ਨਵਜੰਮੀਆਂ ਬੱਚੀਆਂ ਦੇ ਜਨਮ ਤੇ ਦਿੱਤੀਆਂ ਬੇਬੀ ਕਿੱਟਾਂ
ਅਸ਼ੋਕ ਵਰਮਾ
ਭਗਤਾ ਭਾਈ, 17 ਜੂਨ 2021: ਸਿਹਤ ਵਿਭਾਗ ਪੰਜਾਬ ਵੱਲੋਂ ਇੱਕ ਨਵੇਕਲੇ ਉਪਰਾਲੇ ਦੇ ਤਹਿਤ ਅੱਜ ਸਰਕਾਰੀ ਹਸਪਤਾਲ ਭਾਈ ਰੂਪਾ ਵਿੱਖੇ ਨਵ ਜੰਮੀਆਂ ਬੱਚੀਆਂ ਦੀ ਸਿਹਤ ਸੰਭਾਲ ਲਈ ਹਿਮਾਲਿਆ ਕੰਪਨੀ ਦੀਆਂ ਬੇਬੀ ਕਿੱਟਾਂ ਅਤੇ ਮੁਖ ਮੰਤਰੀ ਪੰਜਾਬ ਵੱਲੋਂ ਜਾਰੀ ਕੀਤੇ ਵਧਾਈ ਸੰਦੇਸ਼ ਦੀ ਕਾਪੀ ਬੱਚੀਆਂ ਦੀ ਮਾਂ ਨੂੰ ਭੇਂਟ ਕੀਤੀ।ਇਸ ਮੌਕੇ ਫਾਰਮੈਸੀ ਆਫਿਸਰ ਸੁਖਪਾਲ ਸਿੰਘ ਨੇ ਕਿਹਾ ਕਿ ਉਹ ਪਰਿਵਾਰ ਭਾਗਾਂ ਵਾਲੇ ਹਨ ਜਿਨਾਂ ਦੇ ਘਰ ਧੀਆਂ ਜਨਮ ਲੈਂਦੀਆਂ ਹਨ । ਉਨ੍ਹਾਂ ਦੱਸਿਆ ਕਿ ਅੱਜ ਧੀਆਂ-ਧਿਆਣੀਆਂ ਪੜਾਈ, ਖੇਡਾਂ, ਖੇਤੀ, ਨੌਕਰੀ, ਕਾਰੋਬਾਰ ਆਦਿ ਸਣੇ ਹਰ ਖੇਤਰ ਵਿੱਚ ਨਾਮਣਾ ਖੱਟ ਰਹੀਆਂ ਹਨ ।
ਇਸ ਮੌਕੇ ਬਲਜੀਤ ਕੌਰ ਏ ਐਨ ਐਮ ਅਤੇ ਰਾਜਵੀਰ ਕੌਰ ਸਟਾਫ ਨਰਸ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਪੰਜ ਸਾਲ ਤੱਕ ਦੀਆਂ ਬੱਚੀਆਂ ਦਾ ਸਰਕਾਰੀ ਸਿਹਤ ਕੇਂਦਰਾਂ ਵਿੱਚ ਮੁਫਤ ਇਲਾਜ ਅਤੇ ਔਰਤਾਂ ਦੇ ਗਰਭ ਧਾਰਨ ਤੋਂ ਜਣੇਪੇ ਤੱਕ ਮੁਫਤ ਇਲਾਜ ਕੀਤਾ ਜਾਂਦਾ ਹੈ । ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਸਮੇਤ ਹੋਰ ਵਿਭਾਗਾਂ ਵੱਲੋਂ ਧੀਆਂ ਦੀ ਬੇਹਤਰੀ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਨਾਲ ਧੀਆਂ ਨੂੰ ਬੋਝ ਸਮਝਣ ਵਾਲਿਆਂ ਦੀ ਸੋਚ ਚ ਬਦਲਾਅ ਲਿਆ ਕੇ ਸੂਬੇ ਦੇ ਲਿੰਗ ਅਨੁਪਾਤ ਨੂੰ ਬਰਾਬਰ ਕਰਨ ਦਾ ਤਹੱਈਆ ਕੀਤਾ ਹੈ ।
ਸਿਹਤ ਵਰਕਰ ਗੁਰਮੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਵਜੰਮੀਆਂ ਬੱਚੀਆਂ ਲਈ ਭੇਜੀ ਗਈ ਬੇਬੀ ਕਿੱਟ ਵਿੱਚ ਸੱਤ ਆਈਟਮਾਂ ਜਿਸ ਵਿੱਚ ਬੇਬੀ ਸੈਂਪੂ, ਮਾਲਿਸ਼ ਲਈ ਤੇਲ, ਵਾਈਪਸ ਦਾ ਪੈਕ, ਬੇਬੀ ਸਾਬੁਣ, ਬੇਬੀ ਲੋਸ਼ਨ, ਬੇਬੀ ਪਾਊਡਰ ਅਤੇ ਬੇਬੀ ਡਾਈਪਰ ਰੈਸ਼ ਕਰੀਮ ਮੌਜੂਦ ਹਨ । ਇਸ ਮੌਕੇ ਲੰਗ ਬਹਾਦਰ ਦਰਜਾ ਚਾਰ ਮੁਲਾਜ਼ਮ ਅਤੇ ਆਸ਼ਾ ਵਰਕਰ ਵੀ ਮੌਜੂਦ ਸਨ ।