ਫਰੀਦਕੋਟ: 2 ਐਬੂਲੈਂਸ ਗੱਡੀਆਂ ਕੀਤੀਆ ਜਾਣਗੀਆ ਹਸਪਤਾਲਾਂ ਨੂੰ ਸਪੁਰਦ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 17 ਜੂਨ 2021 - ਕੋਵਿਡ 19 ਦੌਰਾਨ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਫਰੀਦਕੋਟ ਡਾ ਸੰਜੇ ਕਪੂਰ ਦੀ ਯੋਗ ਅਗਵਾਈ ਅਧੀਨ ਸ਼ਾਨਦਾਰ ਸਿਹਤ ਸਹੂਲਤਾਂ ਅਤੇ ਵੱਖ-ਵੱਖ ਸਿਹਤ ਸਕੀਮਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ | ਹੁਣ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਕਰਨ ਲਈ ਐਮ ਪੀ ਮੁਹੰਮਦ ਸਦੀਕ ਵੱਲੋਂ ਜਿਲਾ ਫਰੀਦਕੋਟ ਦੇ ਦੋ ਹਸਪਤਾਲ ਸਿਵਲ ਹਸਪਤਾਲ ਜੈਤੋ ਅਤੇ ਸੀ ਐਚ ਸੀ ਬਾਜਾਖਾਨਾ ਨੂੰ ਐਮ ਪੀ ਫੰਡ ਵਿੱਚੋਂ ਐਬੂਲੈਂਸ ਗੱਡੀਆਂ ਦੇਣ ਦਾ ਐਲਾਨ ਕੀਤਾ ਗਿਆ |
ਦਫਤਰ ਸਿਵਲ ਸਰਜਨ ਫਰੀਦਕੋਟ ਵਿਖੇ ਹੋਈ ਮੀਟਿੰਗ ਦੌਰਾਨ ਜਾਣਕਾਰੀ ਦਿੰਦੇ ਹੋਏ ਮੁਹੰਮਦ ਸਦੀਕ ਨੇ ਦੱਸਿਆਂ ਕਿ ਇਸ ਮਾਹਾਮਾਰੀ ਦੌਰਾਨ ਸਿਹਤ ਵਿਭਾਗ ਨੇ ਆਮ ਲੋਕਾਂ ਦੀ ਜਿੰਦਗੀ ਬਚਾਣ ਵਿਚ ਅਹਿਮ ਯੋਗਦਾਨ ਦਿੱਤਾ ਹੈ ਤੇ ਹੁਣ ਐਬੂਲੈਂਸ ਗੱਡੀਆਂ ਹਸਪਤਾਲਾਂ ਵਿਚ ਹੋਣੀਆ ਬਹੁਤ ਜਰੂਰੀ ਹਨ, ਇਸ ਦੀ ਕਮੀ ਨੂੰ ਪੂਰਾ ਕਰਨ ਲਈ ਉਹ 2 ਐਬੂਲੈਂਸ ਗੱਡੀਆਂ ਹਸਪਤਾਲਾਂ ਨੂੰ ਜਲਦ ਹੀ ਆਪਣੇ ਫੰਡਾਂ ਵਿਚੋਂ ਦੇਣਗੇ ਜਿਸ ਨਾਲ ਆਮ ਲੋਕਾਂ ਨੂੰ ਐਮਰਜੈਂਸੀ ਸੇਵਾਵਾਂ ਹੋਰ ਬਿਹਤਰ ਤਰੀਕੇ ਨਾਲ ਮਿਲ ਸਕਣਗੀਆਂ | ਉਨਾਂ ਕਿਹਾ ਕਿ ਉਹ ਆਪਣੇ ਖੇਤਰ ਦੇ ਲੋਕਾਂ ਨੂੰ ਹਰੇਕ ਪ੍ਰਕਾਰ ਦੀ ਸਹੁਲਤ ਦੇਣ ਲਈ ਵਚਨਬੱਧ ਹਨ | ਇਸ ਮੌਕੇ ਸਿਵਲ ਸਰਜਨ ਡਾ ਸੰਜੇ ਕਪੂਰ, ਸੀਨੀਅਰ ਸਹਾਇਕ ਇੰਦਰਪਾਲ ਸਿੰਘ, ਡਰਾਇਵਰ ਪ੍ਰੇਮ ਸਿੰਘ ਅਤੇ ਹੋਰ ਸਟਾਫ ਹਾਜਰ ਸੀ |