ਗੁਰਦੁਆਰਾ ਗੰਗਸਰ ਸਾਹਿਬ ਵਿਖੇ ਵਾਪਰੀ ਘਟਨਾ ਲਈ ਸ਼੍ਰੋਮਣੀ ਕਮੇਟੀ ਦਾ ਮਾੜਾ ਪ੍ਰਬੰਧ ਜ਼ਿੰਮੇਵਾਰ- ਕਾਹਨ ਸਿੰਘ ਵਾਲਾ
ਮਨਿੰਦਰਜੀਤ ਸਿੱਧੂ
- ‘ਵਿਸਲ ਬਲੋਅਰ’ ਬਣੇ ਬੀਬੀ ਰਾਜਿੰਦਰ ਕੌਰ ਰੱਜੀ, ਬਲਰਾਜ ਸਿੰਘ ਅਤੇ ਗੁਰਮੀਤ ਸਿੰਘ ਪੰਥ ਦੇ ਅਸਲ ਹੀਰੇ
ਜੈਤੋ, 17 ਜੂਨ, 2021 - ਗੁਰਦੁਆਰਾ ਸ਼੍ਰੀ ਗੰਗਸਰ ਵਿਖੇ ਬੀਤੇ ਦਿਨੀਂ ਸ਼ਰਾਬ, ਕਬਾਬ ਦੀਆਂ ਹੱਡੀਆਂ ਅਤੇ ਹੋਰ ਇਤਰਾਜਯੋਗ ਸਮੱਗਰੀ ਦੇ ਮਿਲਣ ਉਪਰੰਤ ਮਾਮਲਾ ਕਾਫੀ ਭਖ ਗਿਆ ਸੀ। ਥੋੜੀ ਟਾਲ ਮਟੋਲ ਕਰਨ ਦੇ ਬਾਅਦ ਸੰਗਤਾਂ ਦੇ ਦਬਾਅ ਦੇ ਚਲਦਿਆਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੋਸ਼ੀ ਮੁਲਾਜ਼ਮਾਂ ਨੂੰ ਨੌਕਰੀਓਂ ਬਰਖਾਸਤ ਕਰ ਦਿੱਤਾ ਅਤੇ ਪੁਲਿਸ ਵੱਲੋਂ ਵੀ ਧਾਰਮਿਕ ਭਾਵਨਾਂ ਨੂੰ ਆਹਤ ਕਰਨ ਦੇ ਜੁਰਮ ਅਧੀਨ ਇੰਡੀਅਨ ਪੀਨਲ ਕੋਡ ਦੀ ਧਾਰਾ 295 ਏ ਤਹਿਤ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ।
ਇਸਦੇ ਚਲਦਿਆਂ ਅੱਜ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਕਿਸਾਨ ਵਿੰਗ ਦੇ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤ ਜਥੇਦਾਰ ਧਿਆਨ ਸਿੰਘ ਮੰਡ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਪਹੁੰਚੇ। ਉਹਨਾਂ ਜੈਤੋ ਵਿਖੇ ਵਾਪਰੀ ਘਟਨਾ ਲਈ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾੜੇ ਪ੍ਰਬੰਧ ਨੂੰ ਜਿੰਮੇਵਾਰ ਠਹਿਰਾਇਆ। ਉਹਨਾਂ ਕਿਹਾ ਕਿ ਕੁੱਝ ਗਲਤ ਬੰਦਿਆਂ ਦੇ ਕਾਰਨਾਮਿਆਂ ਦਾ ਖਮਿਆਜਾ ਸਮੁੱਚੇ ਕੌਮ ਨੂੰ ਭੁਗਤਨਾ ਪੈਂਦਾ ਹੈ। ਉਹਨਾਂ ਕਿਹਾ ਕਿ ਬਾਦਲਾਂ ਦੇ ਕਬਜੇ ਵਿੱਚੋਂ ਜਿੰਨੀ ਦੇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਕਤ ਨਹੀਂ ਹੁੰਦੀ ਓਨੀ ਦੇਰ ਅਜਿਹੀਆਂ ਘਟਨਾਵਾਂ ਘਟਦੀਆਂ ਰਹਿਣਗੀਆਂ। ਉਹਨਾਂ ਕਿਹਾ ਕਿ ‘ਬਾਦਲ, ਕਾਂਗਰਸ ਅਤੇ ਭਾਜਪਾ ਆਰ.ਐੱਸ.ਐੱਸ ਮਿਲ ਕੇ 2011 ਤੋਂ ਕਮੇਟੀ ਦੀਆਂ ਚੋਣਾਂ ਨਹੀਂ ਹੋਣ ਦੇ ਰਹੇ। ਉਹਨਾਂ ਕਿਹਾ ਕਿ ਜੈਤੋ ਦੀ ਘਟਨਾ ਨਾਲ ਸਮੁੱਚੀ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਗਏ ਹਨ।
ਉਹਨਾਂ ਕਥਿਤ ਮਾੜੇ ਕੁਕਰਮ ਕਰਨ ਵਾਲੇ ਦੋਹਾਂ ਮੁਲਜ਼ਮਾਂ ਨੂੰ ਪੁਲਿਸ ਅਤੇ ਸ਼੍ਰੋਮਣੀ ਕਮੇਟੀ ਤੋਂ ਸਜਾ ਦਿਵਾਉਣ ਲਈ ਦਬਾਅ ਬਣਾਉਣ ਵਾਲੇ ਬੀਬੀ ਰਾਜਿੰਦਰ ਕੌਰ ਰੱਜੀ, ਬਲਰਾਜ ਸਿੰਘ ਅਤੇ ਗੁਰਮੀਤ ਸਿੰਘ ਨੂੰ ਪੰਥ ਦੇ ਹੀਰੇ ਦੱਸਿਆ। ਉਹਨਾਂ ਕਿਹਾ ਕਿ ਬੀਬੀ ਰਾਜਿੰਦਰ ਕੌਰ ਰੱਜੀ ਨੇ ‘ਵਿਸਲ ਬਲੋਅਰ’ ਦੀ ਭੂਮਿਕਾ ਨਿਭਾਉਂਦਿਆਂ ਨਿਧੜਕ ਹੋ ਕੇ ਜੋ ਸੇਵਾ ਨਿਭਾਈ ਹੈ, ਕੌਮ ਹਮੇਸ਼ਾ ਉਹਨਾਂ ਨੂੰ ਯਾਦ ਰੱਖੇਗੀ।