26 ਜੂਨ ਨੂੰ 'ਖੇਤੀ ਬਚਾਉ-ਲੋਕਤੰਤਰ ਬਚਾਉ' ਦਿਵਸ ਮਨਾ ਕੇ ਲਾਮਬੰਦੀ ਕੀਤੀ ਜਾਵੇਗੀ
ਦੀਪਕ ਜੈਨ
ਜਗਰਾਓਂ, 17 ਜੂਨ 2021 - ਅੱਜ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਵੱਲੋਂ ਪਿੰਡ ਰਸੂਲਪੁਰ ਵਿਖੇ ਇਕੱਤਰ ਇਲਾਕਾ ਜਗਰਾਉਂ-ਹਠੂਰ ਦੇ ਕਿਸਾਨ ਅੰਦੋਲਨ ਵਿੱਚ ਸਰਗਰਮ ਆਗੂਆਂ ਅਤੇ ਵਰਕਰਾਂ ਨਾਲ ਮੁਲਾਕਤ ਕਰਕੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਸੰਘਰਸ਼ ਨੂੰ ਹਰ ਘਰ, ਹਰ ਪਰਿਵਾਰ ਤੋਂ ਸੰਗਰਾਮੀ ਹਿੱਸੇਦਾਰੀ ਪਾਉਣ ਲਈ ਜ਼ੋਰਦਾਰ ਅਪੀਲ ਕੀਤੀ ਗਈ। ਜਿਸ ਵਿਚ ਕਿਹਾ ਗਿਆ ਕਿ 26 ਜੂਨ 1975 ਨੂੰ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਭਾਰਤੀ ਨਾਗਰਿਕਾਂ ਦੇ ਸਾਰੇ ਬੁਨਿਆਦੀ ਹੱਕ ਰੱਦ ਕਰਦਿਆਂ ਰਾਤੋ ਰਾਤ ਹੀ ਐਮਰਜੈਂਸੀ ਠੋਕ ਕੇ ਹਜ਼ਾਰਾਂ ਸਿਆਸੀ ਵਿਰੋਧੀਆਂ ਅਤੇ ਜਮਹੂਰੀ ਕਾਰਕੁੰਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਇੱਕ ਪੁਰਖਾਰਾਜ ਕਾਇਮ ਕਰਨ ਲਈ ਜਮਹੂਰੀਅਤ ਦਾ ਗਲ਼ ਘੁੱਟਿਆ ਸੀ।
ਉਨ੍ਹਾਂ ਕਿਹਾ ਕਿ ਅੱਜ ਫਿਰਕੂ ਫਾਸੀ ਤੇ ਮਨੂਵਾਦੀ ਸੋਚ ਨਾਲ ਲੱਥ ਪੱਥ ਮੋਦੀ ਹਕੂਮਤ ਨੇ ਐਮਰਜੈਂਸੀ ਤੋਂ ਵੀ ਬਦਤਰ ਹਾਲਾਤ ਪੈਦਾ ਕਰ ਦਿੱਤੇ ਹਨ, ਜਿੱਥੇ ਉਹ ਆਪਣੇ ਵਿਚਾਰਧਾਰਕ ਸਿਆਸੀ ਵਿਰੋਧੀਆਂ ਨੂੰ ਜੇਲ ਸੁੱਟ ਰਿਹਾ ਹੈ ਉੱਥੇ ਹੀ ਰੋਟੀ, ਰੋਜ਼ੀ ਤੇ ਖੇਤੀ ਨਾਲੋਂ ਮਨੁੱਖੀ ਨਾਤਾ ਤੋੜਨ ਲਈ ਖੇਤੀ ਕਾਨੂੰਨਾਂ ਦੀ ਸਾਜ਼ਿਸ਼ ਰਚੀ ਗਈ ਹੈ ਤਾਂ ਕਿ ਕਾਮੇ ਤੇ ਕਿਸਾਨ ਦੀ ਹੋਂਦ ਖ਼ਤਮ ਕਰਕੇ ਗੁਲਾਮ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਖੇਤੀ ਖੇਤ ਅਤੇ ਲੋਕਤੰਤਰ ਨੂੰ ਮੋਦੀ ਹਕੂਮਤ ਤੋਂ ਗੰਭੀਰ ਖ਼ਤਰਾ ਹੈ। ਜਿਸ ਕਾਰਨ 26ਜੂਨ ਜਦੋਂ ਕਿਸਾਨ ਅੰਦੋਲਨ ਦੇ ਸੱਤ ਮਹੀਨੇ ਪੂਰੇ ਹੋ ਰਹੇ ਹਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸੇ ਦਿਨ 'ਖੇਤੀ ਬਚਾਉ-ਲੋਕਤੰਤਰ ਬਚਾਉ' ਦਿਵਸ ਮਨਾ ਕੇ ਲਾਮਬੰਦੀ ਕਰੀ ਜਾਵੇਗੀ ਅਤੇ ਰਾਜ ਭਵਨ ਚੰਡੀਗੜ੍ਹ ਵਿਖੇ ਰੋਸ ਮਾਰਚ ਕੀਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਨਿਰਮਲਜੀਤ ਸਿੰਘ ਘਾਲੀ, ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਕਰਮਜੀਤ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਦੇ ਅਵਤਾਰ ਸਿੰਘ ਰਸੂਲਪੁਰ, ਗੁਰਚਰਨ ਸਿੰਘ ਰਸੂਲਪੁਰ, ਗੁਰਮੇਲ ਸਿੰਘ, ਨਿਰਮਲ ਸਿੰਘ, ਸੁਖਮਿੰਦਰ ਸਿੰਘ, ਆਦਿ ਹਾਜ਼ਰ ਸਨ।