ਪੈਟਰੋਲੀਅਮ ਪਦਾਰਥਾਂ ਨੂੰ ਜੀ.ਐਸ.ਟੀ. ਦੇ ਦਾਇਰੇ ਵਿੱਚ ਸ਼ਾਮਿਲ ਕਰੇ ਮੋਦੀ ਸਰਕਾਰ : ਐਡਵੋਕੇਟ ਉੱਡਤ
ਸੰਜੀਵ ਜਿੰਦਲ
- ਸੀਪੀਆਈਐਮ ਵੱਲੋਂ ਕੇਂਦਰ ਸਰਕਾਰ ਵਿਰੁੱਧ ਕੀਤਾ ਅਰਥੀ ਫੂਕ ਮੁਜਾਹਰਾ
ਮਾਨਸਾ ,17 ਜੂਨ 2021 - ਖੱਬੀਆਂ ਪਾਰਟੀਆਂ ਦੇ ਦੇਸ ਵਿਆਪੀ ਰੋਸ ਪੰਦਰਵਾੜਾ ਮਨਾਉਣ ਦੇ ਸੱਦੇ ਤੇ ਸੀਪੀਆਈਐਮ. ਨੇ ਮਾਨਸਾ ਦੇ ਪਿੰਡ ਕੋਟ ਧਰਮੂ ਵਿੱਖੇ ਮੋਦੀ ਸਰਕਾਰ ਵਿਰੁੱਧ ਅਰਥੀ ਫੂਕ ਪ੍ਰਦਰਸਨ ਕੀਤਾ ।
ਇਸ ਮੌਕੇ ਤੇ ਸੰਬੋਧਨ ਕਰਦਿਆਂ ਸੀਪੀਆਈਐਮ .ਦੇ ਸੂਬਾ ਸਕੱਤਰੇਤ ਮੈਂਬਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਦੇਸ਼ ਦਾ ਕਿਸਾਨ ਕਾਲੇ ਕਾਨੂੰਨਾਂ ਦੇ ਖਿਲਾਫ਼ ਲੜ ਰਿਹਾ ਹੈ ਤੇ ਮੋਦੀ ਸਰਕਾਰ ਦੇ ਕੰਨ ਤੋ ਜੂੰ ਨਹੀ ਸਰਕ ਰਹੀ । ਹੁਣ ਤਕ 500 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ ।ਮੋਦੀ ਸਰਕਾਰ ਦੇ ਸਮੇ ਦੌਰਾਨ ਮਹਿੰਗਾਈ ਆਪਣੀਆਂ ਸਾਰੀਆਂ ਹੱਦਾਂ ਪਾਰ ਕਰ ਗਈ ਹੈ । ਜਿਸ ਨਾਲ ਆਮ ਆਦਮੀ ਦਾ ਜੀਣਾ ਦੁੱਭਰ ਹੋਇਆ ਪਿਆ ਹੈ ।
ਉਨ੍ਹਾਂ ਕਿਹਾ ਕਿ ਲੋਕਾਂ ਨੇ ਕਦੇ ਸੋਚਿਆ ਵੀ ਨਹੀ ਸੀ ਕਿ ਪੈਟਰੋਲ 100 ਰੁਪਏ ਤੇ ਡੀਜਲ 90 ਰੁਪਏ ਲੀਟਰ ਤਕ ਪਹੁੰਚ ਜਾਵੇਗਾ ।ਉਨਾਂ ਮੰਗ ਕੀਤੀ ਕਿ ਪੈਟਰੋਲੀਅਮ ਪਦਾਰਥਾਂ ਨੂੰ ਜੀ.ਐਸ.ਟੀ. ਦੇ ਦਾਇਰੇ ਵਿੱਚ ਲਿਆ ਕੇ ਲੋਕਾਂ ਦੀ ਕੀਤੀ ਜਾ ਰਹੀ ਲੁੱਟ ਬੰਦ ਕੀਤੀ ਜਾਵੇ । ਉਨ੍ਹਾਂ ਕਿਹਾ ਕਿ ਸਮੇ ਦੇ ਹਾਕਮ ਕਰੋਨਾ ਮਹਾਮਾਰੀ ਨੂੰ ਆਪਣੇ ਪੁੰਜੀਪਤੀ ਮਿੱਤਰਾਂ ਦੇ ਮੁਨਾਫੇ ਵਧਾਉਣ ਲਈ ਇੱਕ ਆਫਰ ਦੇ ਰੂਪ ਵਿੱਚ ਵਰਤ ਰਹੇ ਹਨ ਤੇ ਲੋਕ ਡਰ ਤੇ ਸਹਿਮ ਦੇ ਮਾਹੌਲ ਵਿੱਚ ਜੀ ਰਹੇ ਹਨ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸੀਪੀਆਈ.ਐਮ.ਦੇ ਜਿਲ੍ਹਾ ਸਕੱਤਰੇਤ ਮੈਂਬਰ ਰਾਜਿੰਦਰ ਹੀਰੇਵਾਲਾ, ਬ੍ਰਾਂਚ ਸਕੱਤਰ ਚੇਤ ਸਿੰਘ ਕੋਟਧਰਮੂ , ਸਹਾਇਕ ਬ੍ਰਾਂਚ ਸਕੱਤਰ ਕਾਮਰੇਡ ਦੇਸਰਾਜ ਕੋਟਧਰਮੂ , ਬਲਵਿੰਦਰ ਸਿੰਘ ਕੋਟਧਰਮੂ , ਗੁਰਜੰਟ ਸਿੰਘ ਕੋਟਧਰਮੂ ,ਜਲੌਰ ਸਿੰਘ ਕੋਟਧਰਮੂ , ਕਾਲਾ ਸਿੰਘ ਗੁਰੂ , ਗੁਰਮੀਤ ਸਿੰਘ ਮੀਤਾ ,ਸਵਰਨ ਸਿੰਘ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ ।