'ਪੰਜਾਬ ਦਾ ਕੈਪਟਨ ਸਿੱਧੂ' ਦੇ ਲੱਗੇ ਹੋਰਡਿੰਗ
ਕੁਲਵਿੰਦਰ ਸਿੰਘ
- ਆਪਣੇ ਹਲਕੇ ਚੋਂ ਲੜਨਗੇ ਚੋਣ :ਹਰਪਾਲ
ਅੰਮ੍ਰਿਤਸਰ, 17 ਜੂਨ 2021 - ਪਿਛਲੇ ਕੁਝ ਸਮੇਂ ਤੋਂ ਕਾਂਗਰਸ ਪਾਰਟੀ ਦੇ ਅੰਤਰ ਕਲੇਸ਼ ਨੂੰ ਲੈ ਕੇ ਪਾਰਟੀ ਹਾਈ ਕਮਾਨ ਵੱਲੋਂ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਜਿਸ ਦੀਆਂ ਸਿਫ਼ਾਰਸ਼ਾਂ ਦੇ ਉੱਤੇ ਹਾਈ ਕਮਾਨ ਵੱਲੋਂ ਫ਼ੈਸਲਾ ਲਿਆ ਜਾਣਾ ਹੈ। ਇਸ ਵਿਚ ਕਾਂਗਰਸ ਧੜਿਆਂ ਵਿੱਚ ਵੰਡੀ ਹੋਈ ਨਜ਼ਰ ਆ ਰਹੀ ਸੀ। ਜਿਸ ਵਿੱਚ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਹਮਾਇਤ ਕਰ ਰਹੇ ਕੁਝ ਮੰਤਰੀ ਅਤੇ ਵਿਧਾਇਕ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦਾ ਮੰਤਰੀ ਮੰਡਲ ਅਤੇ ਉਨ੍ਹਾਂ ਦੀ ਹਮਾਇਤ ਕਰ ਰਹੇ ਉਨ੍ਹਾਂ ਦੇ ਸਮਰਥਕ।
ਇਸ ਸਾਰੇ ਘਟਨਾਕ੍ਰਮ ਦੇ ਵਿੱਚ ਸਮਰਥਕਾਂ ਵੱਲੋਂ ਆਪਣੇ ਆਪਣੇ ਚਹੇਤੇ ਨੇਤਾਵਾਂ ਵਾਸਤੇ ਹੋਰਡਿੰਗ ਲਗਾਏ ਜਾ ਰਹੇ ਹਨ। ਜਿੱਥੇ ਪਿੱਛੇ ਅੰਮ੍ਰਿਤਸਰ ਦੇ ਵਿੱਚ ਐੱਨਐੱਸਯੂਆਈ ਪੰਜਾਬ ਪ੍ਰਧਾਨ ਅਕਸ਼ੇ ਕੁਮਾਰ ਯੂਥ ਡਿਵੈਲਪਮੈਂਟ ਬੋਰਡ ਦੇ ਵਾਈਸ ਚੇਅਰਮੈਨ ਪ੍ਰਿੰਸ ਖੁੱਲਰ ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਹੋਰਨਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਹੋਰਡਿੰਗ ਲਗਾਏ ਗਏ ਸਨ ,ਅੱਜ ਵੇਰਕਾ ਦੇ ਵਾਰਡ ਨੰਬਰ 21 ਦੇ ਕੌਂਸਲਰ ਪਤੀ ਮਾਸਟਰ ਹਰਪਾਲ ਵੱਲੋਂ ਅੰਮ੍ਰਿਤਸਰ ਦੇ ਭੰਡਾਰੀ ਬ੍ਰਿਜ ਉਤੇ" ਪੰਜਾਬ ਦਾ ਕੈਪਟਨ ਸਿੱਧੂ" ਦੇ ਹੋਰਡਿੰਗ ਲਗਵਾਏ ਗਏ ਹਨ।
ਇਸ ਬਾਰੇ ਤਰਕ ਦਿੰਦਿਆਂ ਹੋਇਆ ਮਾਸਟਰ ਹਰਪਾਲ ਨੇ ਕਿਹਾ ਕਿ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਕੈਪਟਨ ਹਨ ਅਤੇ ਨਵਜੋਤ ਸਿੰਘ ਸਿੱਧੂ ਜਦੋਂ ਕ੍ਰਿਕਟ ਖੇਡਦੇ ਸਨ ਤਾਂ ਲੋਕ ਉਨ੍ਹਾਂ ਨੂੰ ਕੈਪਟਨ ਕਹਿੰਦੇ ਸਨ ਕੈਪਟਨ ਅਮਰਿੰਦਰ ਸਿੰਘ ਬਾਰੇ ਸਵਾਲ ਪੁੱਛਣ ਤੇ ਮਾਸਟਰ ਹਰਪਾਲ ਨੇ ਕਿਹਾ ਕੀ ਲੋਕ ਚਾਹੁੰਦੇ ਹਨ ਕਿ 2022 ਦੇ ਵਿੱਚ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਮੁੱਖ ਮੰਤਰੀ ਬਣਨ l
ਉਨ੍ਹਾਂ ਕਿਹਾ ਕਿ ਇਹ ਹੋਰਡਿੰਗ ਲਗਾਉਣ ਦਾ ਮੁੱਖ ਮਕਸਦ ਉਨ੍ਹਾਂ ਲੋਕਾਂ ਨੂੰ ਜੋ ਇਹ ਕਹਿ ਰਹੇ ਸਨ ਕਿ ਨਵਜੋਤ ਸਿੰਘ ਸਿੱਧੂ ਗਾਇਬ ਹਨ। ਇਹ ਦੱਸਣਾ ਹੈ ਕਿ ਨਵਜੋਤ ਸਿੰਘ ਸਿੱਧੂ ਆਪਣੇ ਹਲਕੇ ਵਿੱਚੋਂ ਹੀ ਚੋਣ ਲੜਨਗੇ ਅਤੇ ਉਹ ਬਿਮਾਰੀ ਦੇ ਚੱਲਦੇ ਕੁਝ ਦੇਰ ਵਿੱਚੋਂ ਲੋਕਾਂ ਦੇ ਸੰਪਰਕ ਵਿੱਚ ਨਹੀਂ ਰਹਿ ਸਕੇ। ਹਰਪਾਲ ਦੇ ਮੁਤਾਬਕ ਪੰਜਾਬ ਦੀ ਜਨਤਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਵਾਰ ਮੌਕਾ ਦਿੱਤਾ ਸੀ। ਪਰ ਉਨ੍ਹਾਂ ਨੇ ਕੁਝ ਵਿਸ਼ੇਸ਼ ਨਹੀਂ ਕਰ ਕੇ ਦਿਖਾਇਆ ਹੈ। ਇਸ ਕਰ ਕੇ ਉਨ੍ਹਾਂ ਨੂੰ ਹੁਣ ਕੁਝ ਦੇਰ ਆਰਾਮ ਕਰਨਾ ਚਾਹੀਦਾ ਹੈ।