‘ਸੀਰੀ’ ਬਣਾਏ ਪੁੱਤ ਨੂੰ ਜ਼ਿਮੀਂਦਾਰ ਤੋਂ ਬਚਾਉਣ ਲਈ ਮਾਂ ਨੇ ਲਗਾਈ ਐਸ.ਸੀ ਕਮਿਸ਼ਨ ਪਾਸ ਗੁਹਾਰ
ਅਸ਼ੋਕ ਵਰਮਾ
- ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਤੋਂ ਕੀਤੀ ਰਿਪੋਰਟ ‘ਤਲਬ’
ਸ੍ਰੀ ਮੁਕਤਸਰ ਸਾਹਿਬ, 18 ਜੂਨ 2021 - ਗੂੰਗੇਂ ਅਤੇ ਬੋਲੇ ਨੌਜਵਾਨ ਹਰਦੇਵ ਸਿੰਘ ਪੁੱਤਰ ਤਾਰ ਸਿੰਘ ਵਾਸੀ ਲੁਬਿਆਨਿਆਵਾਲੀ ਨੂੰ ਜਬਰੀ ‘ਸੀਰੀ’ ਬਣਾ ਕੇ ਰੱਖਣ ਤੇ ਮਾਂ-ਪੁੱਤ ਦੀ ਕੁੱਟਮਾਰ ਕਰਨ ਦਾ ਮਾਮਲਾ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਧਿਆਨ ‘ਚ ਆਇਆ ਹੈ।
ਸ਼ਿਕਾਇਤ ਕਰਤਾ ਬਲਜੀਤ ਕੌਰ ਪਤਨੀ ਤਾਰ ਸਿੰਘ ਕੌਂਮ ਮੱਜਬੀ ਸਿੱਖ ਵਾਸੀ ਪਿੰਡ ਲੁਬਿਆਨਿਆਵਾਲੀ ਤਹਿਸੀਲ ਤੇ ਜਿ਼ਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਸਿ਼ਕਾਇਤ ਦੀ ਕਾਪੀ ਬਲਦੇਵ ਸਿੰਘ ਪੁੱਤਰ ਮੁਖਤਿਆਰ ਸਿੰਘ ਰਾਹੀਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ.ਤਰਸੇਮ ਸਿੰਘ ਸਿਆਲਕਾ ਤੱਕ ਪੁੱਜਦਾ ਕਰਦਿਆਂ ਕਮਿਸ਼ਨ ਦੇ ਧਿਆਨ ‘ਚ ਲਿਆਂਦਾ ਹੈ ਕਿ ਉਸ ਦੇ ਬੇਵੱਸ ਅਤੇ ਲਾਚਾਰ 32 ਸਾਲ ਦੇ ਬੇਟੇ ਨੂੰ ਪਿੰਡ ਦੇ ਹੀ ਇੱਕ ਜਿੰਮੀਦਾਰ ਟੱਬਰ ਵੱਲੋਂ ਜਬਰੀ ਬੰਦੀ ਬਣਾ ਕੇ ਉਸ ਤੋਂ ਸੀਰੀ ਵਜੋਂ ਕੰਮ ਲੈਣ ਲਈ ਉਸ ਨਾਲ ਅਣਮਨੁੱਖੀ ਵਿਵਹਾਰ ਕੀਤਾ ਜਾਂਦਾ ਹੈ।
ਸਿਕਾਇਤ ਕਰਤਾ ਨੇ ਡਾ. ਸਿਆਲਕਾ ਨੂੰ ਦੱਸਿਆ ਕਿ ਬਚਪਨ ਤੋਂ ਲੈ ਕੇ ਹੁਣ ਤੱਕ ਜਿੰਮੀਦਾਰ ਪਰਿਵਾਰ ਨੇ ਮੇਰੇ ਪੁੱਤ ਨੂੰ ਨਾ ਹੀ ਕੋਈ ਪੈਸਾ ਦਿੱਤਾ ਹੈ ਨਾਂ ਹੀ ਉਸ ਨੂੰ ਕਿਸੇ ਹੋਰ ਜਗ੍ਹਾ ਕੰਮ ਕਰਨ ਲਈ ਜਾਣ ਦਿੱਤਾ ਜਾਂਦਾ ਹੈ।
ਬਲਜੀਤ ਕੌਰ ਨੇ ਕਮਿਸ਼ਨ ਨੂੰ ਦੱਸਿਆ ਕਿ ਮੈਂ ਆਪਣੇ ਪੁੱਤ ਨੂੰ ਪਿੰਡ ਦੇ ਜਿੰਮੀਦਾਰ ਦੇ ਘਰੋਂ ਚੁੱਪ ਚਪੀਤੇ ਲਿਆ ਕੇ ਕਿਸੇ ਹੋਰ ਥਾਂ ਤੇ ਕੰਮ ਤੇ ਭੇਜ ਦਿੱਤਾ ਸੀ ਤਾਂ ਜਿਸ ਜਿੰਮੀਦਾਰ ਨੇ ਮੇਰੇ ਬੇਟੇ ਨੂੰ ਬਚਪਨ ਤੋਂ ਬੰਧੂਆਂ ਮਜ਼ਦੂਰ ਬਣਾ ਕੇ ਰੱਖਿਆ ਹੋਇਆ ਸੀ। ਉਹ 3 ਮਹੀਨੇ ਪਹਿਲਾਂ ਮੇਰੇ ਘਰ ਆਇਆ ਤੇ ਆਉਂਦਿਆਂ ਸਾਰ ਹੀ ਮੇਰੇ ਗੁੰਗੇਂ ਤੇ ਬੋਲੇ ਪੁੱਤ ਨੂੰ ਕੁੱਟਣਾ ਸੂਰੂ ਕਰ ਦਿੱਤਾ, ਜਦੋਂ ਮੈਂ ਉਸ ਨੂੰ ਜਿੰਮੀਦਾਰ ਤੇ ਤਸ਼ੱਦਦ ਤੋਂ ਬਚਾਉਂਣ ਲਈ ਅੱਗੇ ਹੋਈ ਤਾਂ ਉਸਨੇ ਉਸੇ ਤਰ੍ਹਾਂ ਹੀ ਮੈਂਨੂੰ ਵੀ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਰੌਲਾ ਪਾਇਆ ਤਾਂ ਮਹੱਲੇ ਵਾਲਿਆਂ ਤੋਂ ਡਰਦਾ ਉਹ ਭੱਜ ਗਿਆ।
ਉਸ ਨੇ ਕਮਿਸ਼ਨ ਕੋਲ ਇਹ ਵੀ ਸ਼ਕਇਤ ਕੀਤੀ ਕਿ ਮੈਂ ਮੌਕੇ ਤੇ ਪੁਲੀਸ ਥਾਣਾ ਸਦਰ (ਬਰੀਵਾਲਾ) ਵਿਖੇ ਦਰਖਾਸਤ ਦਿੱਤੀ ਸੀ,ਪਰ ਅਜੇ ਤੱਕ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਗਈ ਹੈ ਜਦੋਂ ਕਿ ਉਹ ਜ਼ਿੰਮੀਂਦਾਰ ਹੁਣ ਫਿਰ ਤੋਂ ਮੇਰੇ ਪੁੱਤ ਨੂੰ ਜਬਰੀ ਆਪਣੇ ਡੇਰੇ ਤੇ ਲਿਜਾਣ ਲਈ ਕੋਸ਼ਿਸ਼ ਕਰ ਰਿਹਾ ਹੈ।
ਪੀੜਤਾ ਬਲਜੀਤ ਕੌਰ ਨੇ ਦੱਸਿਆ ਕਿ ਉਕਤ ਜਿੰਮੀਦਾਰ ਸਾਡੇ ਤੇ ਦਬਾਅ ਬਣਾ ਕੇ ਸਾਡੇ ਤੋਂ 31000 ਰੁਪਏ ਵਸੂਲਣਾ ਚਾਹੁੰਦਾ ਹੈ ਜਦੋਂ ਕਿ ਬਚਪਨ ਤੋਂ ਲੈ ਕੇ ਅਕੇ ਤੱਕ ਮੇਰੇ ਪੁੱਤ ਦੀ ਮੇਹਨਤ ਦੱਬੀ ਬੈਠਾ ਹੈ।
ਪੰਜਾਬ ਰਾਜ ਐਸ ਸੀ ਕਮਿਸ਼ਨ ਨੇ ਲਿਆ ਸ਼ਿਕਾਇਤ ਦਾ ਨੋਟਿਸ
ਕਮਿਸ਼ਨ ਦੇ ਮੈਂਬਰ ਡਾ. ਸਿਆਲਕਾ ਨੇ ਦੱਸਿਆ ਕਿ ਕਮਿਸ਼ਨ ਕੋਲ ਜੋ ਮਾਮਲਾ ਸ੍ਰੀ ਮੁਕਤਸਰ ਸਾਹਿਬ ਜਿ਼ਲ੍ਹੇ ਦਾ ਆਇਆ ਹੈ ਰੌਗਟੇ ਖੜੇ ਕਰਨ ਵਾਲਾ ਹੈ।ਉਨ੍ਹਾ ਨੇ ਦੱਸਿਆ ਕਿ ਲਿਖਤੀ ਸ਼ਕਾਇਤ ‘ਚ ਇੱਕ ਮਾਂ ਨੇ ਆਪਣੇ ਪੁੱਤ ਨੂੰ ਬੰਧੂਆਂ ਮਜ਼ਦੂਰੀ ਤੋਂ ਮੁਕਤ ਕਰਾਉਂਣ ਲਈ ਕਮਿਸ਼ਨ ਦੀ ਸ਼ਰਨ ‘ਚ ਆਈ ਹੈ ਅਤੇ ਖੁਦ ਨਾਲ ਹੋਈ ਜਿ਼ਆਦਤੀ ਦਾ ਖੁਲਾਸਾ ਕੀਤਾ ਹੈ।
ਸ਼ਕਾਇਤ ਕਰਤਾ ਨੇ ਸਥਾਨਕ ਪੁਲੀਸ ਅਤੇ ਜ਼ਿਲ੍ਹਾ ਪ੍ਰਸਾਸ਼ਨ ਨੂੰ ਵੀ ਉਕਤ ਮਾਮਲੇ ‘ਚ ਸਵਾਲਾਂ ਦੇ ਕਟਿਹਰੇ ‘ਚ ਖੜਾ ਕਰ ਦਿੱਤਾ ਹੈ।
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ. ਤਰਸੇਮ ਸਿੰਘ ਸਿਆਲਕਾ ਨੇ ਪ੍ਰੈਸ ਨੂੰ ਦੱਸਿਆ ਕਿ ਪੀੜਤਾ ਸ੍ਰੀਮਤੀ ਬਲਜੀਤ ਕੌਰ ਦੀ ਸਿ਼ਕਾਇਤ ਤੇ ਐਸ ਼ਐਸ ਪੀ ਸ਼੍ਰੀ ਮੁਕਤਸਰ ਸਾਹਿਬ ਨੇ ਕਸੂਰਵਾਰ ਧਿਰ ਖਿਲਾਫ ਹੁਣ ਤੱਕ ਕੀ ਕਰਵਾਈ ਕੀਤੀ ਹੈ ਦਾ ਪਤਾ ਲਗਾਉਂਣ ਲਈ 10 ਜੁਲਾਈ 2021 ਨੂੰ ਕੀਤੀ ਗਈ ਵਿਭਾਗੀ ਕਾਰਵਾਈ ਦੀ ਸਟੇਟਸ ਰਿਪੋਰਟ ਮੰਗ ਲਈ ਹੈ।ਇੱਕ ਸਵਾਲ ਦੇ ਜਵਾਬ ‘ਚ ਡਾ ਸਿਆਲਕਾ ਨੇ ਦੱਸਿਆ ਕਿ ਇਸ ਸੰਗੀਨ ਮਾਮਲੇ ‘ਚ ਜਿ਼ਲ੍ਹਾ ਪੁਲੀਸ ਦੀ ਭੂਮਿਕਾ ਦੀ ਸਮੀਖਿਆ ਕਰਨ ਤੋਂ ਬਾਅਦ ਹੀ ਕਮਿਸ਼ਨ ਅਗਲਾ ਰੁੱਖ ਅਖਤਿਆਰ ਕਰੇਗਾ।ਇਸ ਮੌਕੇ ਡਾ.ਸਿਆਲਕਾ ਦੇ ਲੋਕ ਸੰਪਰਕ ਅਫਸਰ ਸਤਨਾਮ ਸਿੰਘ ਗਿੱਲ,ਪੀ ਏ ਸ਼ਿਵਜੋਤ ਸਿੰਘ ਆਦਿ ਹਾਜ਼ਰ ਸਨ।