ਉਚੇਰੀ ਸਿੱਖਿਆ ਦੇ ਵਿਕਾਸ 'ਚ ਮੋਹਾਲੀ ਉੱਤਰ ਭਾਰਤ ਦੇ ਵਿਦਿਅਕ ਧੁਰੇ ਵਜੋਂ ਉਭਰਿਆ: ਤੇਜਵੀਰ ਸਿੰਘ
- ਵਿਸ਼ਵ ਪ੍ਰਸਿੱਧ ਰੇਟਿੰਗ ਅਤੇ ਰੈਕਿੰਗ ਸੰਸਥਾ ਕਿਊ.ਐਸ ਆਈ ਗੇਜ਼ ਵੱਲੋਂ ਸੂਬਾ ਪੱਧਰੀ ਕਾਨਫ਼ਰੰਸ ਦਾ ਆਯੋਜਨ
- ਉਚੇਰੀ ਸਿੱਖਿਆ ਲਈ ਪੰਜਾਬ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਪ੍ਰਮੁੱਖ ਸਥਾਨ ਬਣਿਆ: ਡਾ. ਅਸ਼ਵਿਨ ਫਰਨਾਂਡਿਸ
- 'ਉਤਮਤਾ ਲਈ ਸੰਸਥਾਗਤ ਰਣਨੀਤੀ ਨੂੰ ਮੁੜ-ਪਰਿਭਾਸ਼ਿਤ ਕਰਨਾ' ਸਿਰਲੇਖ ਹੇਠ ਸੂਬੇ 'ਚ ਸਿੱਖਿਆ ਦੀ ਮੌਜੂਦਾ ਸਥਿਤੀ ਸਬੰਧੀ ਹੋਈ ਅਹਿਮ ਵਿਚਾਰ ਚਰਚਾ
- ਜਰਮਨੀ, ਯੂਕੇ, ਆਸਟ੍ਰੇਲੀਆ ਸਮੇਤ ਦੇਸ਼ ਭਰ ਤੋਂ ਸਿੱਖਿਆ ਸਾਸ਼ਤਰੀਆਂ ਨੇ ਵਿਚਾਰਾਂ ਦੀ ਪਾਈ ਸਾਂਝ
ਚੰਡੀਗੜ੍ਹ, 18 ਜੂਨ 2021 - ਨੈਸ਼ਨਲ ਪੱਧਰ ਦੀਆਂ ਸਿੱਖਿਆ ਸੰਸਥਾਵਾਂ ਦੀ ਮੌਜੂਦਗੀ ਨਾਲ ਉਚੇਰੀ ਸਿੱਖਿਆ ਦੇ ਵਿਕਾਸ 'ਚ ਮੋਹਾਲੀ ਉੱਤਰ ਭਾਰਤ ਦੇ ਵਿਦਿਅਕ ਧੁਰੇ ਵਜੋਂ ਉਭਰਿਆ ਹੈ। ਉਚੇਰੀ ਸਿੱਖਿਆ 'ਚ ਭਾਰਤ ਦੇ ਕੁੱਲ ਔਸਤਨ ਦਾਖ਼ਲਾ ਅਨੁਪਾਤ 27.1 ਫੀਸਦੀ ਦੇ ਮੁਕਾਬਲੇ ਪੰਜਾਬ ਦੀ ਉਚੇਰੀ ਸਿੱਖਿਆ 'ਚ ਪਹੁੰਚ 30 ਫ਼ੀਸਦੀ ਹੈ, ਜਿਸ ਤੋਂ ਸਿੱਧ ਹੁੰਦਾ ਹੈ ਕਿ ਪੰਜਾਬ ਸਿੱਖਿਆ ਦੇ ਵਿਕਾਸ ਨਾਲ ਬਿਹਤਰੀ ਨਾਲ ਅੱਗੇ ਵੱਧ ਰਿਹਾ ਹੈ। ਸਿੱਖਿਆ 'ਚ ਗੁਣਵੱਤਾ ਅਤੇ ਕੁੱਲ ਦਾਖ਼ਲਾ ਅਨੁਪਾਤ 'ਚ ਸੁਧਾਰਾਂ ਲਈ ਨਵੀਂ ਸਿੱਖਿਆ ਨੀਤੀ-2020 ਭਾਰਤੀ ਸਿੱਖਿਆ ਖੇਤਰ ਨੂੰ ਇੱਕ ਰੋਡਮੈਪ ਪ੍ਰਦਾਨ ਕਰ ਰਹੀ ਹੈ, ਇਨਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ (ਆਈ.ਏ.ਐਸ) ਨੇ ਕੀਤਾ। ਉਹ ਵਿਸ਼ਵ ਪ੍ਰਸਿੱਧ ਰੇਟਿੰਗ ਅਤੇ ਰੈਕਿੰਗ ਸੰਸਥਾ ਕਿਊ.ਐਸ. ਆਈ ਗੇਜ਼ ਵੱਲੋਂ ਕਰਵਾਈ ਸੂਬਾ ਪੱਧਰੀ ਵਰਚੁਅਲ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਸਨ। 'ਉਤਮਤਾ ਲਈ ਸੰਸਥਾਗਤ ਰਣਨੀਤੀ ਨੂੰ ਮੁੜ-ਪਰਿਭਾਸ਼ਿਤ ਕਰਨਾ' ਦੇ ਸਿਰਲੇਖ ਹੇਠ ਪੰਜਾਬ ਅਡੀਸ਼ਨ ਤਹਿਤ ਕਰਵਾਈ ਕਾਨਫ਼ਰੰਸ ਦੌਰਾਨ ਪੰਜਾਬ ਰਾਜ 'ਚ ਸਿੱਖਿਆ ਦੀ ਮੌਜੂਦਾ ਸਥਿਤੀ ਅਤੇ ਸੁਧਾਰਾਂ ਸਬੰਧੀ ਵਿਚਾਰ ਵਟਾਂਦਰੇ ਕੀਤੇ ਗਏ।
ਵੱਖ-ਵੱਖ ਵਿਸ਼ਿਆਂ 'ਤੇ ਆਧਾਰਿਤ ਸੈਸ਼ਨਾਂ ਦੌਰਾਨ ਜਰਮਨੀ, ਯੂਕੇ, ਆਸਟ੍ਰੇਲੀਆ ਸਮੇਤ ਭਾਰਤ ਦੇ ਸਿੱਖਿਆ ਸ਼ਾਸ਼ਤਰੀਆਂ, ਅਧਿਆਪਕਾਂ, ਮਾਹਿਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਕਿਊ.ਐਸ ਆਈ ਗੇਜ਼ ਦੇ ਸੀ.ਈ.ਓ ਡਾ. ਅਸ਼ਵਿਨ ਫਰਨਾਂਡਿਸ, ਚੰਡੀਗੜ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ, ਚਿਤਕਾਰਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਮਧੂ ਚਿੱਤਕਾਰਾ, ਜੁਆਇੰਟ ਐਸੋਸ਼ੀਏਸ਼ਨ ਆਫ਼ ਕਾਲਜਿਜ਼ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ, ਜੁਆਇੰਟ ਐਸੋਸ਼ੀਏਸ਼ਨ ਆਫ਼ ਕਾਲਜਿਜ਼ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ, ਈ.ਪੀ.ਐਸ.ਆਈ ਦੇ ਅਲਟਰਨੇਟ ਪ੍ਰੈਜ਼ੀਡੈਂਟ ਡਾ. ਹਰਿਵੰਸ਼ ਚਤੁਰਵੇਦੀ, ਯੂਨੀਵਰਸਿਟੀ ਆਫ਼ ਅਪਲਾਈਡ ਸਾਇੰਸਜ਼ ਉਸਨਾਬਰਿਕ ਜਰਮਨੀ ਦੇ ਬਿਜ਼ਨਸ ਐਡਮਨਿਸਟ੍ਰੇਸ਼ਨ ਪ੍ਰੋਫੈਸਰ ਡਾ. ਹੇਕ ਸ਼ਿਨਨਬਰਗ ਵੀ ਮੌਜੂਦ ਸਨ।
ਆਪਣੇ ਅੰਤਰਰਾਸ਼ਟਰੀ ਪੱਧਰ 'ਤੇ ਅਧਿਐਨ ਅਤੇ ਅਧਿਆਪਨ ਦੇ ਤਜ਼ਰਬੇ ਸਾਂਝੇ ਕਰਦਿਆਂ ਤੇਜਵੀਰ ਸਿੰਘ (ਆਈ.ਏ.ਐਸ) ਨੇ ਕਿਹਾ ਕਿ ਉੱਚ ਸਿੱਖਿਆ ਦੀ ਪ੍ਰਫੁੱਲਿਤਾ ਅਤੇ ਸਫ਼ਲਤਾ ਲਈ ਕਨਟੈਂਟ (ਸਮੱਗਰੀ) ਅਤੇ ਸਿੱਖਿਆਸ਼ਾਸ਼ਤਰ 'ਤੇ ਧਿਆਨ ਕੇਂਦਰਤ ਕਰਨਾ ਜ਼ਰੂਰੀ ਹੈ ਅਤੇ ਸੰਸਥਾ 'ਚ ਗੁਣਵੱਤਾਭਰਪੂਰ ਅਧਿਆਪਕਾਂ ਨੂੰ ਲਿਆਉਣ ਅਤੇ ਵਿਦਿਆਰਥੀਆਂ ਲਈ ਢੁੱਕਵਾਂ ਵਾਤਾਵਰਣ ਕਾਇਮ ਕਰਨਾ ਵੀ ਸਿੱਖਿਆ 'ਚ ਚੰਗੇ ਬਦਲਾਅ ਪੈਦਾ ਕਰਨ ਦੀ ਸਮਰੱਥਾ ਰੱਖਦਾ ਹੈ। ਉਨਾਂ ਕਿਹਾ ਕਿ ਭਾਰਤ ਵਰਗੇ ਵਿਕਾਸਸ਼ੀਲ ਦੇਸ਼ 'ਚ ਵਿਦਿਆਰਥੀਆਂ ਦੀ ਸਿੱਖਿਆ ਸਿਰਫ਼ ਇਕ ਡਿਗਰੀ ਦੇ ਬਜਾਏ ਜ਼ਰੂਰੀ ਗਿਆਨ ਅਤੇ ਹੁਨਰ ਆਧਾਰਿਤ ਹੋਣੀ ਚਾਹੀਦਾ ਹੈ। ਉਚੇਰੀ ਸਿੱਖਿਆ ਦੀ ਪਹੁੰਚ ਸਾਰਿਆਂ ਤੱਕ ਯਕੀਨੀ ਬਣਾਉਣ ਲਈ ਸਾਡੇ ਹਾਲੇ ਵੀ ਬਹੁਤ ਅੱਗੇ ਜਾਣ ਦੀ ਲੋੜ ਹੈ।
ਭਾਈਵਾਲੀ ਅਤੇ ਆਪਸੀ ਸਹਿਯੋਗ ਨੂੰ ਮਹੱਤਵਪੂਰਨ ਦੱਸਦਿਆਂ ਉਨਾਂ ਕਿਹਾ ਕਿ ਪੰਜਾਬ ਵਿੱਚ ਵਿਦਿਅਕ ਖੇਤਰ ਦੇ ਵਿਕਾਸ ਲਈ ਸੰਸਥਾਵਾਂ ਨੂੰ ਇੱਕ ਦੂਜੇ ਤੋਂ ਕੈਂਪਸ ਦੇ ਵਾਤਾਵਰਣ, ਪਾਠਕ੍ਰਮ, ਵਿਦਿਅਕ ਮਾਡਲ, ਗੁਣਵੱਤਾ ਅਤੇ ਪਾਰਦਰਸ਼ਤਾ ਬਾਰੇ ਸਿੱਖਣਾ ਹੋਵੇਗਾ। ਉਨਾਂ ਕਿਹਾ ਕਿ ਵਿਦਿਅਕ ਸੰਸਥਾਵਾਂ ਨੂੰ ਗੁਣਵੱਤਾਪੂਰਨ ਸਿੱਖਿਆ ਮਾਡਲ ਵਿਕਸਤ ਕਰਨ ਲਈ ਨੈਸ਼ਲਲ ਅਤੇ ਵਿਸ਼ਵ ਪੱਧਰੀਆਂ ਰੈਕਿੰਗਾਂ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਅਤੇ ਕਿਊ.ਐਸ ਅਤੇ ਟਾਈਮਸ ਵਰਗੀਆਂ ਵੱਖ-ਵੱਖ ਰੈਕਿੰਗ ਸੰਸਥਾਵਾਂ ਸਥਾਨਿਕ ਵਿਦਿਅਕ ਅਦਾਰਿਆਂ ਨੂੰ ਵਿਸ਼ਵ ਪੱਧਰ 'ਤੇ ਇੱਕ ਦੂਜੇ ਨਾਲ ਜੋੜਦੀਆਂ ਹਨ। ਉਨਾਂ ਕਿਹਾ ਕਿ ਚੰਡੀਗੜ ਯੂਨੀਵਰਸਿਟੀ ਸਮੇਤ ਪੰਜਾਬ ਦੀਆਂ ਸਾਰੀਆਂ ਪਬਲਿਕ ਅਤੇ ਨਿੱਜੀ ਸੰਸਥਾਵਾਂ ਸਿੱਖਿਆ ਦੇ ਖੇਤਰ 'ਚ ਸ਼ਾਨਦਾਰ ਕੰਮ ਕਰ ਰਹੀਆਂ ਹਨ।
ਸੈਸ਼ਨ ਨੂੰ ਸੰਬੋਧਨ ਕਰਦਿਆਂ ਡਾ. ਅਸ਼ਵਿਨ ਫਰਨਾਂਡਿਸ ਨੇ ਕਿਹਾ ਕਿ ਪੰਜਾਬ ਭਾਰਤ ਦਾ ਉਭਰਦਾ ਵਿਦਿਅਕ ਕੇਂਦਰ ਹੈ, ਜਿਸ ਵਿੱਚ 10 ਲੱਖ ਵਿਦਿਆਰਥੀ ਉੱਚ ਵਿਦਿਆ ਪ੍ਰਾਪਤ ਕਰ ਰਹੇ ਹਨ ਅਤੇ ਵਿਸ਼ਵ ਭਰ ਦੇ 4500 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਗੁਣਵੱਤਾ ਭਰਪੂਰ ਸਿੱਖਿਆ ਹਾਸਲ ਕਰ ਰਹੇ ਹਨ। ਉਨਾਂ ਕਿਹਾ ਕਿ ਰਾਈਸ ਕਾਨਫ਼ਰੰਸ ਵਿਦਿਅਕ ਅਦਾਰਿਆਂ ਨੂੰ ਉੱਤਮਤਾ ਅਤੇ ਮਿਆਰੀ ਸਿਖਲਾਈ ਨੂੰ ਉਤਸ਼ਾਹਤ ਕਰਨ ਲਈ ਮਾਰਗ ਦਰਸ਼ਨ ਕਰੇਗੀ ਅਤੇ ਇਹ ਪੰਜਾਬ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੋਵਾਂ ਲਈ ਮਹੱਤਵਪੂਰਣ ਸਿੱਧ ਹੋਵੇਗੀ।ਵੱਖੋ-ਵੱਖਰੇ ਸੈਸ਼ਨ ਸੂਬੇ ਦੇ ਵਿਦਿਅਕ ਅਦਾਰਿਆਂ ਨੂੰ ਵੱਖ-ਵੱਖ ਤਕਨਾਲੋਜੀਆਂ ਅਤੇ ਉਨਾਂ ਦੀ ਕਾਰਜ ਵਿਧੀ ਬਾਰੇ ਜਾਨਣ 'ਚ ਸਹਾਇਤਾ ਮਿਲੇਗੀ ਤਾਂ ਜੋ ਸਿੱਖਿਆ ਦੇ ਖੇਤਰ 'ਚ ਗੁਣਵੱਤਾਪੂਰਨ ਬਦਲਾਅ ਕਾਇਮ ਕੀਤੇ ਜਾ ਸਕਣ। ਉਨਾਂ ਕਿਹਾ ਕਾਨਫ਼ਰੰਸ ਦਾ ਉਦੇਸ਼ ਕੇਵਲ ਪੰਜਾਬ 'ਚ ਹੀ ਨਹੀਂ ਬਲਕਿ ਹੋਰਨਾਂ ਰਾਜਾਂ ਦੀਆਂ ਵਿਦਿਅਕ ਸੰਸਥਾਵਾਂ ਨੂੰ ਇੱਕਜੁੱਟ ਕਰਕੇ ਸਿੱਖਿਆ 'ਚ ਗੁਣਵੱਤਾ ਦੇ ਵਿਚਾਰਾਂ ਦੇ ਸਹਿਯੋਗ ਲਿਆਉਣਾ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਚੰੰਡੀਗੜ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਕਾਨਫ਼ਰੰਸ ਨੂੰ ਸੂਬੇ ਭਰ ਦੀਆਂ ਸਿੱਖਿਆ ਸੰਸਥਾਵਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਹੈ। ਪੰਜਾਬ ਸਰਕਾਰ ਵੱਲੋਂ ਮਹੱਤਵਪੂਰਨ ਸੈਸ਼ਨ ਦਾ ਹਿੱਸਾ ਬਣਨਾ ਸੂਬੇ 'ਚ ਗੁਣਵੱਤਾਪੂਰਨ ਸਿੱਖਿਆ 'ਚ ਸੁਧਾਰਾਂ ਪ੍ਰਤੀ ਸੰਜ਼ੀਦਗੀ ਨੂੰ ਦਰਸਾਉਂਦਾ ਹੈ ਜਦਕਿ ਬਹੁਗਿਣਤੀ ਸਿੱਖਿਆ ਸੰਸਥਾਵਾਂ ਦੀ ਸ਼ਮੂਲੀਅਤ ਸੂਬੇ 'ਚ ਮਿਆਰੀ ਸਿੱਖਿਆ ਭਰਪੂਰ ਢਾਂਚਾ ਸਿਰਜਣ ਪ੍ਰਤੀ ਚੇਤੰਨਤਾ ਦਾ ਪ੍ਰਗਟਾਵਾ ਕਰਦਾ ਹੈ। ਉਨਾਂ ਉਮੀਦ ਜਤਾਉਂਦਿਆਂ ਕਿਹਾ ਕਿ ਜਿਸ ਦਿਸ਼ਾ 'ਚ ਪੰਜਾਬ ਅੱਗੇ ਵਧਿਆ ਹੈ, ਨਿਰਸੰਦੇਹ ਸੂਬਾ ਸਿੱਖਿਆ ਦੇ ਖੇਤਰ 'ਚ ਭਾਰਤ ਨੂੰ ਗਲੋਬਲ ਹੱਬ ਬਣਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਉਨਾਂ ਕਿਊ.ਐਸ ਸੰਸਥਾ ਦੇ ਧੰਨਵਾਦ ਕਰਦਿਆਂ ਕਿਹਾ ਕਿ ਵਿਸ਼ਵ ਪੱਧਰੀ ਰੈਕਿੰਗ ਅਤੇ ਰੇਟਿੰਗ 'ਚ ਸ਼ਮੂਲੀਅਤ ਨੂੰ ਲੈ ਕੇ ਭਾਰਤ ਦੀਆਂ ਵਿਦਿਅਕ ਸੰਸਥਾਵਾਂ 'ਚ ਸੰਕੋਚ ਸੀ, ਪਰ ਕਿਊ.ਐਸ ਆਈ ਗੇਜ਼ ਦਾ ਭਾਰਤੀ ਮਾਪਦੰਡਾਂ ਅਨੁਸਾਰ ਜਾਰੀ ਹੋਣਾ ਦੇਸ਼ ਦੀਆਂ ਸੰਸਥਾਵਾਂ ਲਈ ਸਾਰਥਿਕ ਸਿੱਧ ਹੋਇਆ ਹੈ। ਘੱਟ ਉਮਰ ਦੀਆਂ ਸੰਸਥਾਵਾਂ ਲਈ ਲਾਹੇਵੰਦ ਦੱਸਦਿਆਂ ਉਨਾਂ ਕਿਹਾ ਕਿ ਆਈ.ਗੇਜ਼ ਸੰਸਥਾਵਾਂ ਨੂੰ ਵਿਸ਼ਵਪੱਧਰੀ ਰੈਕਿੰਗਾਂ ਸਬੰਧੀ ਫਰੇਮਵਰਕ ਮੁਹੱਈਆ ਕਰਵਾਉਂਦਾ ਹੈ, ਜਿਸ ਨਾਲ ਸੰਸਥਾਵਾਂ 'ਚ ਇਨਾਂ ਰੈਕਿੰਗਾਂ 'ਚ ਸ਼ਮੂਲੀਅਤ ਕਰਨ ਸਬੰਧੀ ਉਤਸ਼ਾਹ 'ਚ ਵਾਧਾ ਹੋਵੇਗਾ।
ਇਸ ਮੌਕੇ ਸੰਬੋਧਨ ਕਰਦਿਆਂ ਚਿਤਕਾਰਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਮਧੂ ਚਿਤਕਾਰਾ ਨੇ ਕਿਹਾ ਕਿ ਸੰਸਥਾਵਾਂ ਲਈ ਰਣਨੀਤਕ ਤਬਦੀਲੀ ਦੀ ਮੰਗ ਨੂੰ ਵਿਚਾਰਦਿਆਂ ਰਾਈਸ ਕਾਨਫ਼ਰੰਸ ਇੱਕ ਸਕਾਰਾਤਮਕ ਪਹਿਲ ਹੈ। ਉਨਾਂ ਕਿਹਾ ਕਿ ਮਹਾਂਮਾਰੀ ਦੇ ਸਮੇਂ 'ਚ ਵਿਦਿਅਕ ਖੇਤਰ 'ਚ ਰਣਨੀਤਕ ਤਬਦੀਲੀਆਂ ਦੀ ਜ਼ਰੂਰਤ ਹੈ ਅਤੇ ਨਵੀਂ ਸਿੱਖਿਆ ਨੀਤੀ-2020 ਦੇ ਨਾਲ ਵਿਦਿਅਕ ਖੇਤਰ ਇੱਕ ਉਮੀਦ ਵਜੋਂ ਉਭਰਿਆ ਹੈ। ਜਿੱਥੇ ਸੰਕਟ ਦੀਆਂ ਸਥਿਤੀਆਂ ਸਾਨੂੰ ਨਵੀਂਆਂ ਸੰਭਾਵਨਾਵਾਂ ਨਾਲ ਆਪਣੇ ਰਣਨੀਤਕ ਯਤਨਾਂ ਨੂੰ ਨਵੇਂ ਢੰਗ ਨਾਲ ਲਾਗੂ ਕਰਕੇ ਗੁਣਵੱਤਾ ਦੀ ਸਿੱਖਿਆ ਤੱਕ ਪਹੁੰਚ ਦਿੰਦੀਆਂ ਹਨ। ਉਨਾਂ ਕਿਹਾ ਕਿ ਫੈਕਲਟੀ ਸਿੱਖਿਆ ਜਗਤ ਦੀ ਰੀੜ ਦੀ ਹੱਡੀ ਹੈ ਅਤੇ ਵਿਦਿਅਕ ਸੰਸਥਾਵਾਂ ਨੂੰ ਭਵਿੱਖ ਦੀਆਂ ਮੰਗਾਂ ਅਨੁਸਾਰ ਪਾਠਕ੍ਰਮ ਅਪਣਾਉਣ ਚਾਹੀਦਾ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਐਚ ਚਤੁਰਵੇਦੀ ਨੇ ਕਿਹਾ ਕਿ ਪੰਜਾਬ 'ਚ ਇੱਕ ਹਜ਼ਾਰ ਕਾਲਜ ਅਤੇ 30 ਤੋਂ ਵੱਧ ਯੂਨੀਵਰਸਿਟੀਆਂ ਹਨ। ਹਾਲ ਹੀ ਵਿੱਚ ਨੀਤੀ ਆਯੋਗ ਦੇ ਐਸ.ਡੀ.ਜ਼ੀ ਇਨਡੈਕਸ 'ਚ ਸਕੂਲ ਖੇਤਰ ਵਿੱਚ ਪੰਜਾਬ ਨੇ ਇੱਕ ਹਜ਼ਾਰ ਵਿਚੋਂ 929 ਸਕੋਰ ਹਾਸਲ ਕਰਕੇ ਕੌਮੀ ਪੱਧਰ 'ਤੇ ਪਹਿਲਾ ਸਥਾਨ ਹਾਸਲ ਕੀਤਾ ਹੈ। ਉਨਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ-2020 ਭਾਰਤ ਦੀਆਂ 1043 ਯੂਨੀਵਰਸਿਟੀਆਂ ਅਤੇ 54 ਹਜ਼ਾਰ ਦੇ ਕਰੀਬ ਕਾਲਜਾਂ ਨੂੰ ਸਿੱਖਿਆ 'ਚ ਉਤਮਤਾ ਲਈ ਉਤਸ਼ਾਹਿਤ ਕਰੇਗੀ। ਉਨਾਂ ਕਿਹਾ ਕਿ ਵਿਦਿਅਕ ਖੇਤਰ ਵਿੱਚ ਰਣਨੀਤਕ ਤਬਦੀਲੀ, ਦੂਰਦਰਸ਼ੀ ਅਗਵਾਈ, ਭਵਿੱਖ ਦੀਆਂ ਕੇਂਦਰਿਤ ਨੀਤੀਆਂ, ਪਾਠਕ੍ਰਮ, ਕਾਰਜਕੁਸ਼ਲਤਾ ਵੱਲ ਧਿਆਨ ਕੇਂਦਰ ਕਰਨ ਦੀ ਲੋੜ ਹੈ ਜਦਕਿ ਸਮਾਜਿਕ ਜ਼ੁੰਮੇਵਾਰੀਆਂ ਨੂੰ ਸਮਝਦਿਆਂ ਹਰੇਕ ਅਦਾਰਿਆਂ ਨੂੰ ਸੰਕਟ ਦੇ ਸਮੇਂ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਸਾਲ 2010 ਤੋਂ ਆਰਟੀਫ਼ੀਸ਼ੀਅਲ ਇੰਟੈਲੀਜੈਂਸ, ਮਸ਼ੀਨ ਲਰਿਨੰਗ, ਆਈ.ਓ.ਟੀ ਆਦਿ ਉਭਰਦੇ ਖੇਤਰਾਂ ਨੇ ਉਦਯੋਗਿਕ ਕ੍ਰਾਂਤੀ 4.0 ਨੂੰ ਜਨਮ ਦਿੱਤਾ ਹੈ ਜਿਸ ਨਾਲ ਇਨੋਵੇਸ਼ਨ ਅਤੇ ਖੋਜ ਖੇਤਰ ਨੂੰ ਹੋਰ ਪ੍ਰਫੁਲਿਤ ਕਰਨਾ ਸਮੇਂ ਦੀ ਲੋੜ ਹੈ। ਇਸ ਮੌਕੇ ਡਾ. ਹੇਕ ਸ਼ਿਨਨਬਰਗ ਨੇ ਕਿਹਾ ਕਿ ਔਰਤਾਂ ਦੀ ਲੀਡਰਸ਼ਿਪ 'ਚ ਸ਼ਮੂਲੀਅਤ ਅਤੇ ਲਿੰਗ ਸਮਾਨਤਾ ਆਰਥਿਕ ਅਤੇ ਵਿਦਿਅਕ ਵਿਕਾਸ ਲਈ ਜ਼ਰੂਰੀ ਵਿਸ਼ੇ ਹਨ। ਉਨਾਂ ਕਿਹਾ ਕਿ ਖੋਜ ਦਰਸਾਉਂਦੀ ਹੈ ਕਿ ਲੇਬਰ ਮਾਰਕਿਟ ਵਿੱਚ ਔਰਤਾਂ ਦੀ ਭਾਗੀਦਾਰੀ ਨੇ ਸਮਾਜਿਕ ਪੱਧਰ ਦੇ ਨਾਲ-ਨਾਲ ਜੀਡੀਪੀ ਪੱਧਰ 'ਤੇ ਯੋਗਦਾਨ ਪਾਇਆ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਜੈਕ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਨੇ ਕਿਹਾ ਕਿ ਕਿਊ.ਐਸ ਆਈ ਗੇਜ਼ ਵੱਲੋਂ ਪੰਜਾਬ ਅਡੀਸ਼ਨ ਤਹਿਤ ਉਲੀਕੀ ਕਾਨਫ਼ਰੰਸ ਸੂਬੇ ਦੇ ਵਿਦਿਅਕ ਅਦਾਰਿਆਂ ਨੂੰ ਸਿੱਖਿਆ 'ਚ ਗੁਣਵੱਤਾ ਸਬੰਧੀ ਹੋਰ ਸੁਧਾਰਾਂ ਲਈ ਪ੍ਰੇਰਿਤ ਕਰਨ 'ਚ ਸਹਾਈ ਹੋਵੇਗੀ। ਉਨਾਂ ਦੱਸਿਆ ਕਿ ਸਿੱਖਿਆ 'ਚ ਉਤਮਤਾ ਦੇ ਮਹੱਤਵ ਨੂੰ ਸਮਝਦਿਆਂ 1600 ਤੋਂ ਵੱਧ ਨਿੱਜੀ ਕਾਲਜ ਅਤੇ 6500 ਤੋਂ ਵੱਧ ਸਕੂਲਾਂ ਦੇ ਵਿਦਿਆਰਥੀਆਂ ਅਤੇ ਫੈਕਲਟੀ ਨੇ ਕਾਨਫ਼ਰੰਸ 'ਚ ਸ਼ਮੂਲੀਅਤ ਕੀਤੀ ਹੈ। ਇਸ ਮੌਕੇ ਗੁਰਮੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਸਿੱਖਿਆ ਸਮਾਜ ਦੀ ਭਲਾਈ ਦਾ ਆਧਾਰ ਹੈ ਅਤੇ ਭਾਰਤ ਦੀ ਟੈਕਸ਼ੀਲਾ, ਵਿਕਰਮਸ਼ਿਲਾ ਅਤੇ ਨਾਲੰਦਾ ਯੂਨੀਵਰਸਿਟੀਆਂ ਭਾਰਤ ਦੀ ਪ੍ਰਾਚੀਨ ਵਿਦਿਅਕ ਖੁਸ਼ਹਾਲੀ ਨੂੰ ਦਰਸਾਉਂਦੀਆਂ ਹਨ। ਵਿਦਿਅਕ ਸੰਸਥਾਵਾਂ ਉਤਮਤਾ ਦੀ ਪ੍ਰਾਪਤੀ ਲਈ ਸਖਤ ਕੋਸ਼ਿਸ਼ਾਂ ਕਰ ਰਹੀਆਂ ਹਨ। ਉਨਾਂ ਕਿਹਾ ਕਿ ਉਚ ਵਿਦਿਅਕ ਸੰਸਥਾਵਾਂ ਨੂੰ ਉਭਰ ਰਹੇ ਖੇਤਰਾਂ ਦੀ ਪੜਚੋਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦਾ ਹੈ।