ਰੂਪਨਗਰ ਪੁਲਿਸ ਵਲੋ ਰੇਮਡੇਸਿਵਰ ਰੈਕੇਟ ਦਾ ਪਰਦਾਫਾਸ਼, 2 ਕਰੋੜ ਰੁਪਏ ਅਤੇ ਚਾਰ ਕਾਰਾਂ ਸਮੇਤ ਛੇ ਕਥਿਤ ਦੋਸ਼ੀ ਕਾਬੂ
ਹਰੀਸ਼ ਕਾਲੜਾ
ਰੂਪਨਗਰ,18 ਜੂਨ 2021:ਜਿਲ੍ਹਾ ਪੁਲਿਸ ਨੂੰ ਭਾਖੜਾ ਨਹਿਰ ਵਿੱਚ ਤੈਰ ਰਹੇ ਰੇਮਡੇਸਿਵਰ ਸ਼ੀਸ਼ੀਆਂ ਦੀ ਬਰਾਮਦਗੀ ਸਬੰਧੀ ਇੱਕ ਮਹੀਨੇ ਦੀ ਪੜਤਾਲ ਤੋਂ ਬਾਅਦ, ਰੂਪਨਗਰ ਪੁਲਿਸ ਵਲੋ ਇਨ੍ਹਾਂ ਨੂੰ ਤਿਆਰ ਕਰਨ ਅਤੇ ਸਪਲਾਈ ਕਰਨ ਵਿੱਚ ਸ਼ਾਮਲ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਨਕਲੀ ਰੈਮਡੇਸਿਵਰ ਦੇ ਬਹੁਕਰੋੜੀ ਅੰਤਰਰਾਜੀ ਰੈਕਟ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ।ਇਹ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਰੂਪਨਗਰ ਡਾ. ਅਖਿਲ ਚੌਧਰੀ, ਆਈ.ਪੀ.ਐਸ ਨੇ ਦਸਿਆ ਕਿ 06 ਮਈ, 2021 ਨੂੰ ਰੂਪਨਗਰ ਦੀ ਪਿੰਡ ਸਲੇਮਪੁਰ ਅਤੇ ਬਾਲਸੰਡਾ ਵਿਖੇ ਭਾਖੜਾ ਨਹਿਰ ਤੋਂ ਲਗਭਗ 3000 ਸ਼ੀਸ਼ੀਆਂ ਜਿਹਨਾ ਵਿੱਚ 621 ਰਿਮਡੇਸਿਵਿਰ ਦੀਆਂ, 1456 ਸੇਫ਼ੋਪੇਰਾਜ਼ੋਨ ਦੀਆਂ ਅਤੇ 849 ਬਿਨ੍ਹਾਂ ਲੇਬਲ ਦੀਆਂ ਸ਼ੀਸ਼ੀਆਂ ਬਰਾਮਦ ਕੀਤੀਆ ਗਈਆਂ ਸਨ।
ਕੋਵਿਡ-19 ਦੇ ਗੰਭੀਰ ਮਾਮਲਿਆਂ ਲਈ ਰੈਮਡੇਸਿਵਿਰ ਨਾਮਕ ਇਹ ਇੰਨੇਜੇਨਬਲ ਦਵਾਈ ਦਿੱਤੀ ਜਾਂਦੀ ਹੈ, ਜਿਸ ਦੀ ਸਪਲਾਈ ਦੀ ਘਾਟ ਕਾਰਨ ਕਾਲਾ ਬਾਜ਼ਾਰੀ ਕੀਤੀ ਜਾ ਰਹੀ ਸੀ।ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੇ ਪਿੰਡ ਖੁੱਡਾ ਦੇ ਮੁਹੰਮਦ ਸ਼ਾਹਵਰ, ਯੂ.ਪੀ. ਦੇ ਬਾਗਪਤ ਦੇ ਅਰਸ਼ਦ ਖਾਨ, ਸਹਾਰਨਪੁਰ (ਯੂ.ਪੀ.) ਦੇ ਮੁਹੰਮਦ ਅਰਸ਼ਦ, ਕੁਰੂਕਸ਼ੇਤਰ (ਹਰਿਆਣਾ) ਦੇ ਪ੍ਰਦੀਪ ਸਰੋਹਾ ਅਤੇ ਸ਼ਾਹ ਨਜ਼ਰ ਤੇ ਸ਼ਾਹ ਆਲਮ ਵਾਸੀ ਬਹਿਲੋਪੁਰ, ਮੋਹਾਲੀ ਵਜੋਂ ਹੋਈ ਹੈ। ਰੂਪਨਗਰ ਪੁਲਿਸ ਨੇ ਇਨ੍ਹਾਂ ਪਾਸੋ 2 ਕਰੋੜ ਰੁਪਏ ਦੀ ਨਕਦੀ, ਚਾਰ ਕਾਰਾਂ ਮਾਰੂਤੀ ਬਲੇਨੋ (ਯੂਪੀ12ਬੀਬੀ6710), ਟੋਯੋਟਾ ਈਟੀਓਸ (ਯੂਕੇ08 ਏਸੀ 2561), ਹੁੰਡਈ ਆਈ-20 (ਪੀਬੀ 65 ਏਯੂ 5784) ਅਤੇ ਮਾਰੂਤੀ ਸਵਿਫਟ ਡਿਜ਼ਾਇਰ (ਸੀਐਚ 01 ਐਕਸ 7862) ਤੋਂ ਇਲਾਵਾ ਸ਼ੀਸ਼ੀਆਂ ਲਈ ਵਰਤੇ ਗਏ ਡਿਜਾਈਨ ਅਤੇ ਪੈਕਿੰਗ ਸਮੱਗਰੀ ਬਰਾਮਦ ਕੀਤੀ ਹੈ।
ਐਸ.ਐਸ.ਪੀ. ਰੂਪਨਗਰ ਡਾ. ਅਖਿਲ ਚੌਧਰੀ, ਆਈ.ਪੀ.ਐਸ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਿਮਡੇਸਿਵਰ ਅਤੇ ਸੇਫੋਪੇਰਾਜ਼ੋਨ ਦੀ ਸੈਂਕੜੇ ਜਾਅਲੀ ਸ਼ੀਸ਼ੀਆਂ ਬਰਾਮਦ ਹੋਣ ਤੋਂ ਬਾਅਦ ਤੁਰੰਤ ਮੁਕੱਦਮਾ ਦਰਜ਼ ਕਰਕੇ ਇਸ ਦੀ ਤਫਤੀਸ਼ ਲਈ ਇਕ ਵਿਸ਼ੇਸ਼ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ ਗਿਆ।
ਉਨ੍ਹਾਂ ਅੱਗੇ ਦੱਸਿਆ ਕਿ ਇਹ ਐਸ.ਆਈ.ਟੀ. ਡਾ. ਅੰਕੁਰ ਗੁਪਤਾ, ਆਈ.ਪੀ.ਐਸ, ਕਪਤਾਨ ਪੁਲਿਸ (ਸਥਾਨਕ) ਦੀ ਅਗਵਾਈ ਵਿੱਚ ਡੀ.ਐਸ.ਪੀ. ਸ਼੍ਰੀ ਚਮਕੋਰ ਸਾਹਿਬ, ਮੁੱਖ ਅਫਸਰ ਥਾਣਾ ਸ਼੍ਰੀ ਚਮਕੋਰ ਸਾਹਿਬ ਆਦਿ ਵਲੋ ਤਫਤੀਸ਼ ਤਕਨੀਕੀ, ਖੁਫੀਆ ਅਤੇ ਮੈਡੀਕਲ ਜਾਣਕਾਰੀ ਸਮੇਤ ਹਰੇਕ ਪਹਿਲੂਆਂ ਤੋਂ ਕੀਤੀ ਗਈ। ਐਸ.ਐਸ.ਪੀ. ਵਲੋ ਦੱਸਿਆ ਗਿਆ ਕਿ, "ਬਰਾਮਦ ਸ਼ੀਸ਼ੀਆਂ ਉਪਰ ਲਿਖੇ ਮਾਰਕੀਟਿੰਗ ਐਡਰੇਸ ਦਾ ਪਤਾ ਲਗਾਉਂਦੇ ਹੋਏ, ਜੋ ਕਿ ਨੌਟਵਿਨਸ ਫਾਰਮਾਸੁਟੀਕਲ ਦੇ ਨਾਮ ਤੇ ਦਰਜ ਕੀਤਾ ਗਿਆ ਸੀ, ਪੁਲਿਸ ਟੀਮ ਵਲੋ ਚੰਡੀਗੜ੍ਹ ਦੇ ਪਿੰਡ ਮਲੋਆ ਵਿਖੇ ਛਾਪਾ ਮਾਰਿਆ ਅਤੇ ਬਿਲਡਿੰਗ ਦੇ ਮਾਲਕ ਤੋਂ ਪੁੱਛਗਿੱਛ ਕੀਤੀ ਗਈ"।
ਐਸ.ਐਸ.ਪੀ. ਰੂਪਨਗਰ ਡਾ. ਅਖਿਲ ਚੌਧਰੀ, ਆਈ.ਪੀ.ਐਸ. ਨੇ ਅੱਗੇ ਦੱਸਿਆ ਕਿ ਬਿਲਡਿੰਗ ਦੇ ਮਾਲਕ ਨੇ ਪੁਲਿਸ ਨੂੰ ਦੱਸਿਆ ਕਿ ਮੁਹੰਮਦ ਸ਼ਾਹਵਰ ਨੇ ਦੱਸ ਮਹੀਨੇ ਪਹਿਲਾਂ ਦਵਾਈਆਂ ਦੀ ਸਪਲਾਈ ਕਰਨ ਦੇ ਬਹਾਨੇ ਇਹ ਜਗ੍ਹਾ ਲੀਜ ਪਰ ਲਈ ਸੀ। ਬਿਲਡਿੰਗ ਦੇ ਮਾਲਕ ਨੇ ਇਹ ਵੀ ਖੁਲਾਸਾ ਕੀਤਾ ਕਿ ਦਿੱਲੀ, ਪਾਣੀਪਤ, ਅੰਬਾਲਾ ਸਮੇਤ ਵੱਖ-ਵੱਖ ਪੁਲਿਸ ਪਾਰਟੀਆਂ ਨੇ ਵੀ ਮੁੱਖ ਮੁਲਜ਼ਮ ਦਾ ਪਤਾ ਲਗਾਉਣ ਲਈ ਇਮਾਰਤ ੱਤੇ ਛਾਪੇ ਮਾਰੇ ਹਨ।
ਐਸ.ਐਸ.ਪੀ. ਨੇ ਕਿਹਾ ਕਿ ਮੁਹੰਮਦ ਸ਼ਾਹਵਰ ਅਤੇ ਉਸ ਦੇ ਸਹਾਇਕ ਦੀ ਪਹਿਚਾਣ ਸ਼ਾਹ ਨਜਰ ਵਜੋਂ ਕੀਤੀ ਗਈ ਹੈ, ਜੋ ਇਨ੍ਹਾਂ ਨਕਲੀ ਟੀਕਿਆਂ ਦੀ ਸਪਲਾਈ ਕਰਨ ਦਾ ਮੁੱਖ ਦੋਸ਼ੀ ਸੀ, ਰੂਪਨਗਰ ਪੁਲਿਸ ਨੇ ਅੱਗੇ ਦੀ ਲੀਡ ਹਾਸਲ ਕਰਨ ਲਈ ਸ਼ਾਹਵਾਰ ਦੇ ਮੁੱਖ ਦਫਤਰ ਅਤੇ ਘਰ ਕਾਲਾ ਅੰਬ ਵਿਖੇ ਛਾਪੇਮਾਰੀ ਕੀਤੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਸ਼ਾਹਵਰ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ ਸੀ ਅਤੇ ਕਰੀਬ ਇੱਕ ਮਹੀਨੇ ਤੋ ਉਹ ਗੋਆ, ਬੰਗਲੌਰ, ਯੂ.ਪੀ, ਦਿੱਲੀ ਅਤੇ ਹੋਰ ਕਈ ਥਾਵਾਂ ੱਤੇ ਗਿਆ ਤਾਂ ਜੋ ਉਹ ਗ੍ਰਿਫਤਾਰੀ ਤੋਂ ਬਚ ਸਕੇ।
ਇਸ ਮੋਕੇ ਐਸ.ਪੀ. (ਸਥਾਨਕ) ਅੰਕੁਰ ਗੁਪਤਾ ਨੇ ਦੱਸਿਆ ਕਿ ਅਗਲੇਰੀ ਤਫਤੀਸ਼ ਜਾਰੀ ਹੈ ਅਤੇ ਬ੍ਰਾਮਦ ਸ਼ੀਸ਼ੀਆਂ ਦੇ ਨਮੂਨੇ ਫੌਰੈਂਸਿਕ ਜਾਂਚ ਲਈ ਸੀ.ਡੀ.ਐਸ.ਸੀ.ਓ, ਕੋਲਕਾਤਾ ਨੂੰ ਭੇਜੇ ਗਏ ਹਨ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਇਨ੍ਹਾਂ ਨਕਲੀ ਦਵਾਈਆਂ ਵਿੱਚ ਕਿਹੜੇ ਰਸਾਇਣਾਂ ਦੀ ਵਰਤੋਂ ਕੀਤੀ ਜਾ ਰਹੀ ਸੀ।
ਇਸ ਦੌਰਾਨ ਮੁਕੱਦਮਾ ਨੰਬਰ ਨੰ. 46 ਮਿਤੀ 06-05-2021 ਅ/ਧ 188, 278, 468 ਆਈ.ਪੀ.ਸੀ., ਟ੍ਰੇਡਮਾਰਕ ਐਕਟ ਦੀ ਧਾਰਾ 103, ਜਲ (ਰੋਕਥਾਮ ਅਤੇ ਨਿਯੰਤਰਣ) ਐਕਟ ਦੀ ਧਾਰਾ 43, ਜ਼ਰੂਰੀ ਵਸਤਾਂ ਦੀ ਧਾਰਾ 7, ਮਹਾਂਮਾਰੀ ਐਪੀਡੇਮੀਕ ਡੀਜੀਜ਼ ਐਕਟ ਦੀ ਧਾਰਾ 3, ਡਿਜਾਸਟਰ ਮੈਨੇਜਮੈਂਟ ਐਕਟ ਦੀ ਧਾਰਾ 53, 54, 57 ਅਤੇ ਡਰੱਗਜ਼ ਐਂਡ ਕਾਸਮੈਟਿਕ ਐਕਟ ਦੀ ਧਾਰਾ 27 ਥਾਣਾ ਸ਼੍ਰੀ ਚਮਕੋਰ ਸਾਹਿਬ ਵਿਖੇ ਪਹਿਲਾਂ ਹੀ ਰਜਿਸਟਰਡ ਸੀ।