ਹੱਕੀ ਮੰਗਾਂ ਨੂੰ ਲੈ ਕੇ ਮਿਊਂਸਪਲ ਇੰਪਲਾਈਜ਼ ਤੇ ਸਫਾਈ ਸੇਵਕਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਭੜਾਸ ਕੱਢੀ
ਬਲਵਿੰਦਰ ਸਿੰਘ ਧਾਲੀਵਾਲ
- 36 ਦਿਨਾਂ ਤੋਂ ਚੱਲ ਰਹੀ ਹੜਤਾਲ ਨਾਲ ਸਫਾਈ ਵਿਵਸਥਾ ਚਰਮਰਾਈ
ਸੁਲਤਾਨਪੁਰ ਲੋਧੀ 18 ਜੂਨ 2021 - ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਮਿਊਂਸਪਲ ਐਕਸ਼ਨ ਕਮੇਟੀ ਦੇ ਸੱਦੇ ਤੇ ਮਿਊਂਸਪਲ ਇੰਪਲਾਈਜ਼ ਅਤੇ ਸਫਾਈ ਸੇਵਕਾਂ ਵੱਲੋਂ 36 ਦਿਨ ਪਹਿਲਾਂ ਸ਼ੁਰੂ ਕੀਤੀ ਗਈ ਹੜਤਾਲ ਨਾਲ ਜਿੱਥੇ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਚਰਮਰਾ ਗਈ ਹੈ ਉੱਥੇ ਹੜਤਾਲ ਨੂੰ ਖਤਮ ਨਾ ਕਰਨ ਕਾਰਨ ਮੁਲਾਜ਼ਮਾਂ ਤੇ ਸਫਾਈ ਸੇਵਕਾਂ ਨੇ ਸਰਕਾਰ ਦੇ ਪ੍ਰਤੀ ਰੋਸ ਜ਼ਾਹਰ ਕਰਦਿਆਂ ਨਾਅਰੇਬਾਜ਼ੀ ਕੀਤੀ। ਪ੍ਰਧਾਨ ਸੰਜੀਵ ਘਈ, ਗੌਰਵ ਸ਼ਰਮਾ ਨੇ ਕਿਹਾ ਕਿ ਪੰਜਾਬ ਭਰ ਦੇ ਸਮੂਹ ਸ਼ਹਿਰਾਂ ਤੇ ਕਸਬਿਆਂ ਵਿੱਚ ਨਗਰ ਕੌਂਸਲ ਮੁਲਾਜ਼ਮਾਂ ਤੇ ਸਫਾਈ ਸੇਵਕ ਹੜਤਾਲ ਤੇ ਹਨ ਪ੍ਰੰਤੂ ਸਰਕਾਰ ਹੜਤਾਲ ਨੂੰ ਖ਼ਤਮ ਕਰਨ ਲਈ ਗੰਭੀਰ ਹੀ ਨਹੀਂ ਹੈ।
ਬੇਰੁਜ਼ਗਾਰਾਂ ਨੂੰ ਨੌਕਰੀ ਦੇਣ ਦਾ ਵਾਅਦਾ ਕਰਕੇ ਆਈ ਸਰਕਾਰ ਆਪਣੇ ਵਾਅਦੇ ਤੋਂ ਦੌੜ ਰਹੀ ਹੈ ਹੁਣ ਇਹ ਮੁਲਾਜ਼ਮਾਂ ਦੇ ਸਬਰ ਦਾ ਇਮਤਿਹਾਨ ਲੈ ਰਹੀ ਹੈ। ਪ੍ਰੰਤੂ ਜੇ ਮੁਲਾਜ਼ਮਾਂ ਨੇ ਆਪਣੇ ਸੰਘਰਸ਼ ਨੂੰ ਤੇਜ਼ ਕਰ ਦਿੱਤਾ ਤਾਂ ਸਰਕਾਰ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਆਗੂਆਂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਫੈਲੀ ਭਿਆਨਕ ਕੋਰੋਨਾ ਬੀਮਾਰੀ ਵਿੱਚ ਵੀ ਹੁਣ ਤੱਕ ਸਾਫ ਸਫਾਈ ਤੇ ਲੋਕਾਂ ਦੀ ਮਦਦ ਲਈ ਕੀਤੀ ਗਈ ਕਾਰਗੁਜ਼ਾਰੀ ਸ਼ਲਾਘਾਯੋਗ ਰਹੀ ਹੈ, ਜਿਸ ਦੇ ਲਈ ਪੰਜਾਬ ਸਰਕਾਰ ਵੱਲੋਂ ਸ਼ਲਾਘਾ ਕਰਦੇ ਹੋਏ ਇਨ੍ਹਾਂ ਮੁਲਾਜ਼ਮਾਂ ਨੂੰ ਕੋਰੋਨਾ ਯੋਧੇ ਐਲਾਨਿਆ ਗਿਆ ਸੀ ਪਰ ਹੁਣ ਇਨ੍ਹਾਂ ਮੁਲਾਜ਼ਮਾਂ ਦੀ ਹਡ਼ਤਾਲ ਤੇ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਇਨ੍ਹਾਂ ਹੜਤਾਲੀ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਸਬੰਧੀ ਕੋਈ ਵੀ ਹੱਲ ਨਾ ਕੱਢੇ ਜਾਣ ਕਾਰਨ ਸ਼ਹਿਰ ਦੀ ਸਫ਼ਾਈ ਵਿਵਸਥਾ ਪੂਰੀ ਤਰ੍ਹਾਂ ਵਿਗੜ ਗਈ ਹੈ। ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਖੁਦ ਇਸ ਮਸਲੇ ਵੱਲ ਧਿਆਨ ਦੇ ਕੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਜਲਦ ਤੋਂ ਜਲਦ ਮੰਨਣ ਦਾ ਐਲਾਨ ਕਰਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਸਪੈਕਟਰ ਬਲਦੇਵ ਸਿੰਘ, ਗੌਰਵ, ਮੇਜਰ, ਰਵੀ, ਪ੍ਰਿਯੰਕਾ, ਅਜੀਤ ਸਿੰਘ ਭੌਰ, ਸੰਜੀਵ ਕੁਮਾਰ, ਅਰਵਿੰਦ, ਸ਼ੋਭਾ, ਸੰਧਿਆ, ਬਿੱਟੂ, ਰਵੀ, ਸੁਮਨ ਆਦਿ ਵੀ ਹਾਜ਼ਰ ਸਨ।