ਭਾਰਤਮਾਲਾ ਪ੍ਰਜੈਕਟ: ਕਿਸਾਨਾਂ ਦੇ ਧਾਵੇ ਮਗਰੋਂ ਜਨਤਕ ਸੁਣਵਾਈ ਰੱਦ
ਅਸ਼ੋਕ ਵਰਮਾ
ਬਠਿੰਡਾ, 18 ਜੂਨ2021: ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵੱਲੋਂ ਕੇਂਦਰ ਸਰਕਾਰ ਦੀ ਸਕੀਮ ਭਾਰਤਮਾਲਾ ਪ੍ਰੋਜੈਕਟ ਤਹਿਤ ਬਣਾਏ ਜਾ ਰਹੇ ਕੌਮੀ ਸੜਕ ਮਾਰਗ ਦੀ ਮਾਰ ਹੇਠ ਆਉਂਦੀਆਂ ਜ਼ਮੀਨਾਂ ਦੇ ਮਾਲਕ ਕਿਸਾਨ ਅੱਜ ਬਠਿੰਡਾ ਪੁਲਿਸ ਦੀ ਮੋਰਚਾਬੰਦੀ ਫੇਲ੍ਹ ਕਰਕੇ ਡਿਪਟੀ ਕਮਿਸ਼ਨਰ ਦੇ ਉਸ ਮੀਟਿੰਗ ਹਾਲ ਤੱਕ ਪੁੱਜ ਗਏ ਜਿੱਥੇ ਅੱਜ ਜਿਲ੍ਰਾ ਪ੍ਰਸ਼ਾਸ਼ਨ ਬਠਿੰਡਾ ਅਤੇ ਐਨ ਐਚ ਏ ਆਈ ਦੇ ਅਧਿਕਾਰੀਆਂ ਨੇ ਜਨਤਕ ਸੁਣਵਾਈ ਕੀਤੀ ਜਾਣੀ ਸੀ। ਪੀੜਤ ਕਿਸਾਨਾਂ ਵੱਲੋਂ ਬੋਲਿਆ ਧਾਵਾ ਐਨਾ ਜੋਰਦਾਰ ਸੀ ਕਿ ਪੁਲਿਸ ਦੀ ਰੋਕਾਂ ਅੱਖ ਦੇ ਫੇਰੇ ’ਚ ਢਹਿ ਢੇਰੀ ਹੋ ਗਈਆਂ ਅਤੇ ਨਾਅਰੇਬੀ ਕਰਦਿਆਂ ਕਿਸਾਨ ਮੀਟਿੰਗ ਹਾਲ ਦੀਆਂ ਕੁਰਸੀਆਂ ਮੱਲ ਲਈਆਂ। ਮੀਟਿੰਗ ਹਾਲ ’ਚ ਕਿਸਾਨਾਂ ਵੱਲੋਂ ਲਾਏ ਜਾ ਰਹੇ ਅਕਾਸ਼ਗੁੰਜਾਊ ਨਾਅਰਿਆਂ ਦੀ ਅਵਾਜ ਐਨੀ ਜਿਆਦਾ ਸੀ ਕਿ ਕੁੱਝ ਵੀ ਸੁਣਾਈ ਨਹੀਂ ਦੇ ਰਿਹਾ ਸੀ। ਕਿਸਾਨਾਂ ਦੇ ਰੋਹ ਨੂੰ ਰੱਖੀਆਂ ਸੁਣਾਈ ਲਈ ਦੋਵੇਂ ਮੀਟਿੰਗਾਂ ਮੁਲਤਵੀ ਕਰਨੀਆਂ ਪਈਆਂ।
ਇਸ ਮੌਕੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਇੱਕ ਅਧਿਕਾਰੀ ਨੂੰ ਵੀ ਕਿਸਾਨਾਂ ਨੇ ਹਾਲ ’ਚ ਹੀ ਘੇਰੀ ਰੱਖਿਆ ਜਿਸ ਨੇ ਆਪਣੀ ਜਿੰਮੇਵਾਰੀ ਨਾਂ ਹੋਣ ਕਰਕੇ ਮਸਾਂ ਖਹਿੜ੍ਹਾ ਛੁਡਾਇਆ।ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਇਸ ਕੌਮੀ ਸੜਕ ਮਾਰਗ ਸਬੰਧੀ ਇਤਰਾਜ ਸੁਣਨ ਲਈ ਅਧਿਕਾਰੀਆਂ ਵੱਲੋਂ ਡੀਸੀ ਦਫ਼ਤਰ ਦੇ ਮੀਟਿੰਗ ਹਾਲ ’ਚ ਮੀਟਿੰਗ ਬੁਲਾਈ ਸੀ। ਇਸ ਨੂੰ ਲੈਕੇ ਸਬੰਧਿਤ ਪਿੰਡਾਂ ਦੇ ਉਨ੍ਹਾਂ ਕਿਸਾਨਾਂ ਨੂੰ ਸੱਦਣ ਲਈ ਜਿੰਨ੍ਹਾਂ ਦੀ ਜਮੀਨ ਐਕਵਾਇਰ ਕੀਤੀ ਜਾਣੀ ਹੈ ਨੂੰ ਗੁਰੂ ਘਰਾਂ ਆਦਿ ਰਾਹੀਂ ਬਕਾਇਦਾ ਮੁਨਿਆਦੀ ਕੀਤੀ ਗਈ ਸੀ। ਅੱਜ ਜਦੋਂ ਕਿਸਾਨ ਡੀਸੀ ਦਫ਼ਤਰ ਕੋਲ ਪੁੱਜੇ ਤਾਂ ਪੁਲਿਸ ਨੇ ਮੁੱਖ ਗੇਟ ਨੂੰ ਜਿੰਦਾ ਲਾ ਦਿੱਤਾ ਜਿਸ ਕਾਰਨ ਕਿਸਾਨ ਭੜਕ ਗਏ। ਕਿਸਾਨਾਂ ਦੇ ਪ੍ਰਤੀਨਿਧ ਰੋਡ ਸੰਘਰਸ਼ ਕਮੇਟੀ ਪੰਜਾਬ ਦੇ ਜਰਨਲ ਸਕੱਤਰ ਯਾਦਵਿੰਦਰ ਸਿੰਘ ਅਤੇ ਜਿਲ੍ਹਾ ਪ੍ਰਧਾਨ ਬਠਿੰਡਾ ਇੰਦਰਜੀਤ ਸਿੰਘ ਲਹਿਰਾ ਮੁਹੱਬਤ ਦਾ ਕਹਿਣਾ ਸੀ ਕਿ ਜੇਕਰ ਉਨ੍ਹਾਂ ਨੂੰ ਅੰਦਰ ਹੀ ਨਹੀਂ ਜਾਣ ਦੇਣਾ ਫਿਰ ਸੱਦਿਆ ਕਿਸ ਕੰਮ ਲਈ ਸੀ।
ਕਿਸਾਨਾਂ ਅਤੇ ਪੁਲਿਸ ਵਿਚਕਾਰ ਲੰਮਾਂ ਸਮਾਂ ਤਕਰਾਰ ਤੋਂ ਬਾਅਦ ਪੁਲਿਸ ਪ੍ਰਸ਼ਾਸ਼ਨ ਟੱਸ ਤੋਂ ਮੱਸ ਨਾਂ ਹੋਇਆ ਤਾਂ ਕਿਸਾਨ ਕੰਧਾਂ ਟੱਪ ਗਏ । ਅਚਾਨਕ ਕਿਸਾਨਾਂ ਵੱਲੋਂ ਬੋਲੇ ਹੱਲੇ ਕਾਰਨ ਪੁਲਿਸ ਨੇ ਰਾਹ ਖਾਲੀ ਕਰ ਦਿੱਤੇ ਜਦੋਂਕਿ ਤਣਾਅ ਬਣਨ ਦੇ ਡਰੋਂ ਮੀਟਿੰਗ ਕਰਨ ਆਏ ਅਧਿਕਾਰੀ ਮੌਕੇ ਤੋਂ ਖਿਸਕ ਗਏ। ਕਿਸਾਨਾਂ ਨੇ ਹਾਲ ’ਚ ਮੁੱਖ ਕੁਰਸੀਆਂ ਅਤੇ ਮੇਜਾਂ ’ਤੇ ਬੈਠਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ । ਮੀਟਿੰਗ ’ਚ ਪੁੱਜੇ ਕਿਸਾਨਾਂ ਨੇਪੰਜਾਬ ਅਤੇ ਕੇਂਦਰ ਸਰਕਾਰ ਤੇ ਤਿੱਖੇ ਹਮਲੇ ਕਰਦਿਆਂ ਦੋਵਾਂ ਸਰਕਾਰਾਂ ਨੂੰ ਭੂਮਾਫੀਆ ਕਰਾਰ ਦਿੱਤਾ। ਉਨ੍ਹਾਂ ਆਖਿਆ ਕਿ ਇਹ ਰੋਡ ਮਾਫੀਆ ਸਰਕਾਰ ਦਾ ਕਮਾਊ ਪੁੱਤ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਕਿਸਾਨਾਂ ਨੇ ਆਖਿਆ ਕਿ ਉਨ੍ਹਾਂ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਜਦੋਂ ਸਰਕਾਰ ਨਾਲ ਜਮੀਨਾਂ ਬਾਰੇ ਗੱਲ ਚੱਲ ਰਹੀ ਹੈ ਤਾਂ ਅਫਸਰਾਂ ਨੇ ਜਨਤਕ ਸੁਣਵਾਈ ਲਈ ਮੀਟਿੰਗ ਸੱਦਣੀ ਹੀ ਨਹੀਂ ਸੀ।
ਇਸ ਮੌਕੇ ਸ਼ਾਮਲ ਬਿਰਧ ਮਹਿਲਾ ਕਿਸਾਨ ਜੰਗੀਰ ਕੌਰ ਨੇ ਆਖਿਆ ਕਿ ਉਹ ਆਪਣੇ ਖੇਤਾਂ ’ਚੋਂ ਦੀ ਸੜਕ ਨਹੀਂ ਲੰਘਣ ਦੇਣਗੇ ਕਿਉਂਕਿ ਇਹ ਪ੍ਰਜੈਕਟ ਜ਼ਮੀਨ ਦੇ ਟੋਟੇ ਕਰਨ ਵਾਲੀ ਹੈ। ਉਨ੍ਹਾਂ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੰਦਿਆਂ ਆਖਿਆ ਕਿ ਉਹ ਮਰ ਜਾਣਗੇ ਪਰ ਜ਼ਮੀਨ ਨਹੀਂ ਦਿੱਤੀ ਜਾਏਗੀ। ਇਸ ਦੌਰਾਨ ਕਿਸਾਨਾਂ ਨੇ ਨੈਸ਼ਨਲ ਹਾਈਵੇ ਨਾਲ ਸਬੰਧਤ ਅਧਿਕਾਰੀ ਸਰਬਪ੍ਰੀਤ ਸਿੰਘ ਨੂੰ ਮੀਟਿੰਗ ਹਾਲ ’ਚ ਹੀ ਘੇਰੀ ਰੱਖਿਆ। ਇਸ ਅਧਿਕਾਰੀ ਨੂੰਕਿਸਾਨਾਂ ਨੇ ਆਖਿਆ ਕਿ ਜੇਕਰ ਉਨ੍ਹਾਂ ਨੂੰ ਮੀਟਿੰਗ ’ਚ ਬਿਠਾਉਣਾ ਹੀ ਨਹੀਂ ਸੀ ਤਾਂ ਸੱਦਾ ਹੀ ਨਹੀਂ ਦੇਣਾ ਸੀ। ਅਧਿਕਾਰੀ ਨੇ ਆਖਿਆ ਕਿ ਕਿਸਾਨਾਂ ਨੂੰ ਅੰਦਰ ਨਾਂ ਦੇਣ ਆਉਣ ਲਈ ਉਹ ਜਵਾਬਦੇਹ ਨਹੀਂ ਬਲਕਿ ਇਹ ਸਥਾਨਕ ਪ੍ਰਸਾਸ਼ਨ ਦਾ ਕੰਮ ਹੈ। ਇੱਕ ਸਵਾਲ ਦੇ ਜਵਾਬ ’ਚ ਸਰਬਪ੍ਰੀਤ ਸਿੰਘ ਨੇ ਆਖਿਆ ਕਿ ਉਹ ਇਸ ਨੂੰ ਘਿਰਾਓ ਨਹੀਂ ਮੰਨਦੇ ਕਿਉਂਕਿ ਕਿਸਾਨਾਂ ਦੇ ਇਤਰਾਜ ਸੁਣਨ ਲਈ ਜਨਤਕ ਸੁਣਵਾਈ ਵਜੋਂ ਹੀ ਮੀਟਿੰਗ ਰੱਖੀ ਗਈ ਸੀ ।
ਇਸ ਮੌਕੇ ਕਿਸਾਨਾਂ ਨੂੰ ਸ਼ਾਂਤ ਕਰਨ ਲਈ ਪੁੱਜੇ ਤਹਿਸਲੀਦਾਰ ਬਠਿੰਡਾ ਸੁਖਬੀਰ ਸਿੰਘ ਬਰਾੜ ਨੇ ਕਿਹਾ ਕਿ ਨੈਸ਼ਨਲ ਹਾਈਵੇ ਸਬੰਧੀ ਇਤਰਾਜ ਸੁਣਨ ਲਈ ਰੱਖੀਆਂ ਅੱਜ ਦੋਵੇਂ ਮੀਟਿੰਗਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਨਾਲ ਵੀ ਕਿਸਾਨਾਂ ਦਾ ਗੁੱਸਾ ਸ਼ਾਂਤ ਨਹੀਂ ਹੋਇਆ ਅਤੇ ਇੱਕ ਕਿਸਾਨ ਆਗੂ ਨੇ ਮੇਜ ’ਤੇ ਖੜ੍ਹੇ ਹੋ ਕੇ ਕਿਹਾ ਕਿ ਉਨ੍ਹਾਂ ਦਾ 32 ਸਾਲ ਦਾ ਤਜਰਬਾ ਹੈ ਅਧਿਕਾਰੀ ਆਖ ਦਿੰਦੇ ਹਨ ਪਰ ਅਮਲ ਨਹੀਂ ਕਰਦੇ। ਕਿਸਾਨਾਂ ਨੇ ਆਖਿਆ ਕਿ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਸੰਘਰਸ਼ ’ਚ ਕਿਸਾਨਾਂ ਦੇ ਰੁੱਝੇ ਹੋਣ ਦਾ ਫਾਇਦਾ ਉਠਾਕੇ ਕੇਂਦਰ ਸਰਕਾਰ ਜਮੀਨਾਂ ਤੇ ਕਬਜਾ ਕਰਨਾ ਚਾਹੁੰਦੀ ਹੈ ਜੋ ਹੋਣ ਨਹੀਂ ਦਿੱਤਾ ਜਾਏਗਾ। ਉਨ੍ਹਾਂ ਆਖਿਆ ਕਿ ਜਦੋਂ ਪੈਸਾ ਕੇਂਦਰ ਸਰਕਾਰ ਵੱਲੋਂ ਦਿੱਤਾ ਜਾਣਾ ਹੈ ਤਾਂ ਪੰਜਾਬ ਸਰਕਾਰ ਨੂੰ ਬਣਦੀ ਕੀਮਤ ਦਿਵਾਉਣ ’ਚ ਕੀ ਤਕਲੀਫ ਹੈ। ਓਧਰ ਤਹਿਸੀਲਦਾਰ ਨੇ ਮੀਟਿੰਗਾਂ ਮੁਲਤਵੀ ਕਰਨ ਦੀ ਪੁਸ਼ਟੀ ਕੀਤੀ ਹੈ।