ਕੇਂਦਰੀ ਯੂਨੀਵਰਸਿਟੀ ਵੱਲੋਂ ਪੰਜਾਬ ਰਿਮੋਟਸੈਂਸਿੰਗ ਸੈਂਟਰ ਨਾਲ ਸਮਝੌਤਾ
ਅਸ਼ੋਕ ਵਰਮਾ
ਬਠਿੰਡਾ ,14 ਜੁਲਾਈ 2021 - ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਦੇ ਵਾਤਾਵਰਣ ਅਤੇ ਧਰਤ-ਵਿਗਿਆਨ ਸਕੂਲ ਨੇ ਜੀਓਸਪੇਸ਼ੀਅਲ ਤਕਨਾਲੋਜੀ ਦੀ ਵਰਤੋਂ ਰਾਹੀਂ ਖੋਜ ਅਤੇ ਅਕਾਦਮਿਕ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਰਿਮੋਟਸੈਂਸਿੰਗਸੈਂਟਰ ਲੁਧਿਆਣਾ ਨਾਲ ਇੱਕ ਸਹਿਮਤੀ ਪੱਤਰ ਤੇ ਦਸਤਖਤ ਕੀਤੇ ਹਨ। ਸਮਾਗਮ ਦੌਰਾਨ ਡਾ. ਬਿ੍ਰਜੇਂਦਰ ਪਟੇਰੀਆ, ਡਾਇਰੈਕਟਰ ਪੀਆਰਐਸਸੀ, ਲੁਧਿਆਣਾ ਨੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਦੀ ਹਾਜ਼ਰੀ ’ਚ ਅੱਜ ਇਹ ਪ੍ਰਕਿਰਿਆ ਨੇਪੇਰੇ ਚਾੜ੍ਹੀ।
ਇਸ ਸਮਝੌਤੇ ਤਹਿਤ ਦੋਵੇਂ ਸੰਸਥਾਵਾਂ ਜੀਓਨਫਾਰਮੈਟਿਕਸ ਵਿੱਚ ਇੱਕ ਸਾਲ ਦਾ ਪੋਸਟ ਗ੍ਰੈਜੂਏਟ ਡਿਪਲੋਮਾ ਸੁਰੂ ਕਰਨਗੀਆਂ। ਇਸ ਪ੍ਰੋਗਰਾਮ ਵਿੱਚ ਵਿਦਿਆਰਥੀ ਪਹਿਲੇ ਸਮੈਸਟਰ ਦੀ ਪੜ੍ਹਾਈ ਕੇਂਦਰੀ ਯੂਨੀਵਰਸਿਟੀ ਵਿੱਚ ਕਰਨਗੇ ਜਦੋਂਕਿ ਦੂਸਰੇ ਸਮੈਸਟਰ ਦੀ ਪੜ੍ਹਾਈ ਪੀਆਰਐਸਸੀ ਵਿੱਚ ਕੀਤੀ ਜਾਏਗੀ।ਡਾ. ਬਿ੍ਰਜੇਂਦਰ ਪਟੇਰੀਆ, ਨੇ ਦੱਸਿਆ ਕਿ ਇਹ ਪੋਸਟ ਗ੍ਰੈਜੂਏਟ ਡਿਪਲੋਮਾ ਇਸ ਖੇਤਰ ਵਿੱਚ ਆਪਣੀ ਤਰ੍ਹਾਂ ਦਾ ਪਹਿਲਾ ਡਿਪਲੋਮਾ ਹੋਵੇਗਾ।
ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਕਿਹਾ ਕਿ ਕੁਦਰਤੀ ਸਰੋਤਾਂ ਦੀ ਢੁੱਕਵੀਂ ਵਰਤੋਂ ਦੁਆਰਾ ਜਿਓਸਪੇਸ਼ੀਅਲ ਤਕਨੀਕਾਂ ਪੰਜਾਬ ਦੇ ਵਾਤਾਵਰਣਕ ਮਸਲਿਆਂ ਦੇ ਹੱਲ ਲੱਭਣ ਅਤੇ ਦੇਸ਼ ਦੇ ਵਾਤਾਵਰਣ ਦੀ ਰਾਖੀ ਲਈ ਅਹਿਮ ਰੋਲ ਅਦਾ ਕਰ ਸਕਦੀਆਂ ਹਨ। ਉਹਨਦੱਸਿਆ ਕਿ ਇਹ ਸਮਝੌਤਾ ਨਵੀਂ ਸਿੱਖਿਆ ਨੀਤੀ ਮੁਤਾਬਕ ਅਤੇ ਵਿਗਿਆਨਕ ਤਕਨੀਕਾਂ ਦੀ ਸਹਾਇਤਾ ਨਾਲ ਨਵੇਂ ਗਿਆਨ ਦੀ ਸਿਰਜਣਾ ਲਈ ਇਕ ਮਹੱਤਵਪੂਰਣ ਉਪਰਾਲਾ ਹੈ।
ਪ੍ਰੋਗਰਾਮ ਦੇ ਅੰਤ ’ਚ ਡਾ. ਪੁਨੀਤਾ ਪਾਂਡੇ ਨੇ ਧੰਨਵਾਦ ਕੀਤਾ। ਇਸ ਮੌਕੇ ਡਾ. ਰਾਜ ਸੇਤੀਆ, ਡਾ. ਅਜੈ ਮਾਥੁਰ ,ਐਸ.ਕੇ. ਸਾਹੂ , ਪ੍ਰੋ. ਵਿਨੋਦ ਕੇ.ਗਰਗ, ਡੀਨ ਵਿਦਿਆਰਥੀ ਭਲਾਈ, ਪ੍ਰੋ. ਆਰ.ਕੇ. ਵੁਸੀਰਿਕਾ, ਡੀਨ ਇੰਚਾਰਜ ਅਕਾਦਮਿਕਸ, ਡਾ. ਜੇ.ਕੇ. ਪਟਨਾਇਕ ਮੁਖੀ ਜੀਓਲੋਜੀ ਵਿਭਾਗ, ਡਾ. ਐਲ.ਟੀ. ਸਸਾਂਗਗੁਈਟ ਮੁਖੀ, ਭੂਗੋਲ ਵਿਭਾਗ, ਡਾ. ਧਾਨਿਆ ਐਮ.ਐਸ.ਅਤੇ ਡਾ. ਪੀ.ਕੇ.ਸਾਹੂ ਹਾਜਰ ਸਨ।