ਈ ਜੀ ਐਸ ਵਲੰਟੀਅਰਾਂ ਨੂੰ ਨਰਸਰੀ ਟੀਚਰ ਬਨਾਉਣ ਖਿਲਾਫ ਹਜ਼ਾਰ ਪਿੰਡਾਂ ’ਚ ਫੂਕੇ ਪੁਤਲੇ
ਅਸ਼ੋਕ ਵਰਮਾ
ਬਠਿੰਡਾ, 14 ਸਤੰਬਰ2021: ਈ ਜੀ ਐਸ ਵਲੰਟੀਅਰਾਂ ਨੂੰ ਨਰਸਰੀ ਟੀਚਰ ਦਾ ਦਰਜਾ ਦਿੱਤੇ ਜਾਣ ਤੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਪਿਛਲੇ ਦੋ ਦਿਨਾਂ ਦੌਰਾਨ ਇੱਕ ਹਜਾਰ ਪਿੰਡਾਂ ’ਚ ਪੰਜਾਬ ਸਰਕਾਰਦੇ ਪੁਤਲੇ ਫੂਕ ਮੁਜਾਹਰੇ ਕੀਤੇ ਹਨ ਜਦੋਂਕਿ ਪੰਜ ਸੌ ਪਿੰਡਾਂ ’ਚ ਇਹੋ ਪ੍ਰਕਿਰਿਆ ਜਾਰੀ ਰੱਖਣ ਦਾ ਫੈਸਲਾ ਲਿਆ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਸਰਾਂ ਨੇ ਕਿਹਾ ਕਿ ਵਰਕਰਾਂ ਕਦੋਂ ਦੀਆਂ ਸਰਕਾਰ ਕੋਲੋਂ ਨਰਸਰੀ ਟੀਚਰ ਬਣਾਉਣ ਦੀ ਮੰਗ ਕਰ ਰਹੀਆਂ ਸਨ ਕਿਉਂਕਿ ਉਹਨਾਂ ਦੇ ਸੈਂਟਰਾਂ ਵਿਚੋਂ ਬੱਚੇ ਖੋਹ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਦਾਖਲ ਕਰ ਲਏ ਸਨ ਪਰ ਸਰਕਾਰ ਨੇ ਇਹ ਫੈਸਲਾ ਲੈਕੇ ਉਨ੍ਹਾਂ ਨਾਲ ਧਰੋਹ ਕਮਾਇਆ ਹੈ।
ਹਰਗੋਬਿੰਦ ਕੌਰ ਨੇ ਕਿਹਾ ਕਿ 30 ਸਤੰਬਰ ਤੱਕ ਪਿੰਡ ਪਿੰਡ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਦੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਤੇ ਲੋਕਾਂ ਨੂੰ ਇਸ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੋਂ ਜਾਣੂੰ ਕਰਵਾਇਆ ਜਾਵੇਗਾ । ਉਹਨਾਂ ਕਿਹਾ ਕਿ 2 ਅਕਤੂਬਰ ਵਾਲੇ ਦਿਨ ਚੰਡੀਗੜ੍ਹ ਵਿਖੇ ਜਥੇਬੰਦੀ ਵੱਲੋਂ ਵੱਡੀ ਰੈਲੀ ਕੀਤੀ ਜਾਵੇਗੀ ਜਿਸ ’ਚ ਹਜਾਰਾਂ ਦੀ ਗਿਣਤੀ ਵਿੱਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਸ਼ਮੂਲੀਅਤ ਕਰਨਗੀਆਂ । ਉਨ੍ਹਾਂ ਦੋਸ਼ ਲਾਇਆ ਕਿ ਸਾਢੇ ਚਾਰ ਸਾਲਾਂ ਵਿੱਚ ਕਾਂਗਰਸ ਦੀ ਸਰਕਾਰ ਨੇ ਵਰਕਰਾਂ ਤੇ ਹੈਲਪਰਾਂ ਦੀ ਇੱਕ ਵੀ ਮੰਗ ਨਹੀਂ ਮੰਨੀ ਤੇ ਲਾਰਿਆਂ ਵਿੱਚ ਹੀ ਰੱਖਿਆ ਇਸ ਲਈ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰਾਂ ਦਾ ਜੋਰਦਾਰ ਵਿਰੋਧ ਕੀਤਾ ਜਾਵੇਗਾ ।
ਹਰਗੋਬਿੰਦ ਕੌਰ ਨੇ ਹਰਗੋਬਿੰਦ ਕੌਰ ਨੇ ਪੰਜਾਬ ਸਰਕਾਰ ਤੋਂ ਆਂਗਣਵਾੜੀ ਸੈਂਟਰਾਂ ਦੇ 3 ਸਾਲ ਤੋਂ 6 ਸਾਲ ਤੱਕ ਦੇ ਬੱਚੇ ਵਾਪਸ ਸੈਂਟਰਾਂ ਵਿੱਚ ਭੇਜਣ, ਆਂਗਣਵਾੜੀ ਵਰਕਰਾਂ ਨੂੰ ਨਰਸਰੀ ਟੀਚਰ ਦਾ ਦਰਜਾ ਦੇਣ, ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ ਤੇ ਮਾਣ ਭੱਤਾ ਦੇਣ, ਐਨ ਜੀ ਓ ਅਧੀਨ ਕੰਮ ਕਰਦੀਆਂ ਵਰਕਰਾਂ ਤੇ ਹੈਲਪਰਾਂ ਨੂੰ ਮੁੱਖ ਵਿਭਾਗ ਅਧੀਨ ਲਿਆਉਣ, ਵਰਕਰਾਂ ਨੂੰ ਸਮਾਰਟ ਫੋਨ ਦੇਣ, , ਉਤਸ਼ਾਹ ਵਰਧਕ ਰਾਸ਼ੀ ’ਚ ਵਾਧਾ ਕਰਨ, ਸਰਕਲ ਮੀਟਿੰਗ ਦਾ ਕਿਰਾਇਆ 200 ਰਪਏ ਦੇਣ, ਪੀਐਮਵੀਵਾਈ ਦੇ ਬਕਾਏ ਜਾਰੀ ਕਰਨ, ਝੂਠੇ ਸਰਟੀਫਿਕੇਟਾਂ ਰਾਹੀਂ ਵਰਕਰ ਤੋਂ ਸੁਪਰਵਾਈਜਰ ਬਣੀਆਂ , ਸੁਪਰਵਾਈਜਰਾਂ ਨੂੰ ਨੌਕਰੀ ਤੋਂ ਬਰਖਾਸਤ ਕਰਕੇ ਉਨ੍ਹਾਂ ਖਿਲਾਫ ਧੋਖਾਧੜੀ ਦੇ ਪੁਲਿਸ ਕੇਸ ਦਰਜ ਕਰਨ,ਮਿੰਨੀ ਆਂਗਣਵਾੜੀ ਵਰਕਰ ਨੂੰ ਪੂਰੀ ਆਂਗਣਵਾੜੀ ਵਰਕਰ ਦਾ ਦਰਜਾ ਦੇਣ ਅਤੇ ਪ੍ਰਤੀ ਲਾਭਪਾਤਰੀ ਬਾਲਣ ਦੇ ਪੈੇਸ 40 ਪੈਸਿਆਂ ਤੋਂ ਇੱਕ ਰੁਪਿਆ ਕਰਨ ਦੀ ਮੰਗ ਕੀਤੀ।