ਬਾਗਬਾਨੀ ਫ਼ਸਲਾਂ ਦੀ ਵੇਚ ਲਈ ਕਿਸਾਨਾਂ ਨੂੰ ਵੈਡਿੰਗ ਕਾਰਟ 'ਤੇ ਸਬਸਿਡੀ ਉਪਲਬਧ ਪੜ੍ਹੋ ਕਿਵੇਂ ?
ਜੀ ਐਸ ਪੰਨੂ
ਪਟਿਆਲਾ, 14 ਸਤੰਬਰ,2021 - ਬਾਗਬਾਨੀ ਵਿਭਾਗ ਵੱਲੋਂ ਖੇਤ ਤੋਂ ਖਪਤਕਾਰ ਤੱਕ ਫਲ/ਸਬਜ਼ੀਆਂ ਪਹੁੰਚਾਉਣ ਲਈ ਮੋਬਾਇਲ ਵੈਡਿੰਗ ਈ-ਕਾਰਟ (ਵਾਤਾਵਰਨ ਪੱਖੀ ਈ-ਰਿਕਸ਼ਾ) ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਆਜੀਵਿਕਾ ਮਿਸ਼ਨ ਤਹਿਤ ਚਾਰ ਉਦਮੀ ਔਰਤਾਂ ਨੂੰ ਮੋਬਾਇਲ ਵੈਡਿੰਗ ਕਾਰਟ ਦੇਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਔਰਤਾਂ ਨੂੰ ਸਵੈ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਇਸੇ ਲੜੀ ਤਹਿਤ ਅੱਜ ਸਵੈ ਰੋਜ਼ਗਾਰ ਸ਼ੁਰੂ ਕਰਨ ਵਾਲੀਆਂ ਚਾਰ ਉਦਮੀ ਔਰਤਾਂ ਨੂੰ ਮੋਬਾਇਲ ਵੈਡਿੰਗ ਈ-ਕਾਰਟ (ਤਿੰਨ ਪਹੀਆ ਵਾਹਨ) ਸਬਸਿਡੀ 'ਤੇ ਮੁਹੱਈਆ ਕਰਵਾਏ ਗਏ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਵੱਲੋਂ ਬਾਗਬਾਨੀ ਫ਼ਸਲਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਆਪਣੀ ਫ਼ਸਲ ਸਿੱਧੇ ਵੇਚਣ ਦੀ ਸਹੂਲਤ ਦੇਣ ਲਈ ਵੈਡਿੰਗ ਈ-ਕਾਰਟ (ਈ-ਰਿਕਸ਼ਾ) 'ਤੇ 1 ਲੱਖ ਰੁਪਏ ਤੱਕ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਸਵੈ ਸਹਾਇਤਾ ਗਰੁੱਪ ਦੀ ਮੈਂਬਰ ਸੁਖਜਿੰਦਰ ਕੌਰ, ਗੁਰਮੀਤ ਕੌਰ, ਲਖਵਿੰਦਰ ਕੌਰ ਅਤੇ ਮਨਿੰਦਰ ਕੌਰ ਨੂੰ ਵੈਡਿੰਗ ਕਾਰਟ ਦਿੱਤੇ ਗਏ ਹਨ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਪੰਜਾਬ ਰਾਜ ਆਜੀਵਿਕਾ ਮਿਸ਼ਨ ਅਤੇ ਬਾਗਬਾਨੀ ਵਿਭਾਗ ਵੱਲੋਂ ਸਾਂਝੇ ਤੌਰ 'ਤੇ ਇਨ੍ਹਾਂ ਈ ਵੈਡਿੰਗ ਕਾਰਟ 'ਤੇ 1 ਲੱਖ ਰੁਪਏ ਦੀ ਸਬਸਿਡੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਆਜੀਵਿਕਾ ਮਿਸ਼ਨ ਤਹਿਤ ਪਿੰਡਾਂ ਦੀਆਂ ਔਰਤਾਂ ਨੂੰ ਸਵੈ ਰੋਜ਼ਗਾਰ ਲਈ ਉਤਸ਼ਾਹਤ ਕਰਨ ਲਈ ਲਗਾਤਾਰ ਅਜਿਹੇ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਮੌਕੇ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਨਿਰਵੰਤ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਫਲ ਤੇ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੀਆਂ ਔਰਤਾਂ ਲਈ ਮੰਡੀਕਰਨ ਦੀ ਸਹੂਲਤ ਲਈ ਸਬਸਿਡੀ 'ਤੇ ਵੈਡਿੰਗ ਕਾਰਟ ਮੁਹੱਈਆ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਚਾਰ ਕੁਇੰਟਲ ਸਬਜ਼ੀਆਂ/ਫਲਾਂ ਦੀ ਸਮਰੱਥਾ ਵਾਲੀ ਮੋਬਾਇਲ ਵੈਡਿੰਗ ਕਾਰਟ ਇਕ ਵਾਰ ਚਾਰਜ ਕਰਨ 'ਤੇ 80 ਕਿਲੋਮੀਟਰ ਸਫ਼ਰ ਤੈਅ ਕਰ ਸਕਦੀ ਹੈ। ਇਸ ਮੌਕੇ ਕੁਲਵਿੰਦਰ ਸਿੰਘ, ਹਰਿੰਦਰਪਾਲ ਸਿੰਘ ਅਤੇ ਨਵਨੀਤ ਕੌਰ ਵੀ ਹਾਜ਼ਰ ਸਨ।