ਪ੍ਰਵਾਸੀ ਮਜ਼ਦੂਰਾਂ ਵਲੋਂ ਕਿਸਾਨੀ ਦੇ 27 ਸਤੰਬਰ ਦੇ ਭਾਰਤ ਬੰਦ ਦੀ ਹਮਾਇਤ ਦਾ ਐਲਾਨ
ਨਵਾਂਸ਼ਹਿਰ 15 ਸਤੰਬਰ 2021 - ਪ੍ਰਵਾਸੀ ਮਜਦੂਰ ਯੂਨੀਅਨ ਜਿਲਾ ਸ਼ਹੀਦ ਭਗਤ ਸਿੰਘ ਨਗਰ ਅਤੇ ਰੇਹੜੀ ਵਰਕਰਜ਼ ਯੂਨੀਅਨ(ਇਫਟੂ)ਨੇ ਸੰਯੁਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਦੇ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦੀ ਹਮਾਇਤ ਵਿਚ ਮੁਕੰਮਲ ਹੜਤਾਲ ਕਰਨ ਦਾ ਐਲਾਨ ਕੀਤਾ ਹੈ।ਇਹ ਐਲਾਨ ਅੱਜ ਨਵਾਂਸ਼ਹਿਰ ਵਿਖੇ ਦੋਨਾਂ ਜਥੇਬੰਦੀਆਂ ਦੀ ਹੋਈ ਸਾਂਝੀ ਮੀਟਿੰਗ ਉਪਰੰਤ ਕੀਤਾ ਗਿਆ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਵਾਸੀ ਮਜਦੂਰ ਯੂਨੀਅਨ ਦੇ ਜਿਲਾ ਪ੍ਰਧਾਨ ਪ੍ਰਵੀਨ ਕੁਮਾਰ ਨਿਰਾਲਾ ਅਤੇ ਰੇਹੜੀ ਵਰਕਰਜ਼ ਯੂਨੀਅਨ ਦੇ ਪ੍ਰਧਾਨ ਹਰੇ ਰਾਮ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਿਹਾ ਘੋਲ ਹੁਣ ਸਿਰਫ ਕਿਸਾਨੀ ਘੋਲ ਨਹੀਂ ਰਿਹਾ ਸਗੋਂ ਇਹ ਜਨ ਅੰਦੋਲਨ ਬਣ ਚੁੱਕਾ ਹੈ ਕਿਉਂਕਿ ਇਹ ਖੇਤੀ ਕਾਨੂੰਨ ਕਿਸਾਨਾਂ ਦੇ ਨਾਲ ਨਾਲ ਦੇਸ਼ ਦੀ ਸਮੁੱਚੀ ਮਿਹਨਤਕਸ਼ ਜਨਤਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਨਗੇ।
ਉਹਨਾਂ ਕਿਹਾ ਕਿ ਮੋਦੀ ਸਰਕਾਰ ਖੇਤੀਬਾੜੀ ਦਾ ਸਮੁੱਚਾ ਕੰਮਕਾਜ ਕਾਰਪੋਰੇਟ ਜਗਤ ਨੂੰ ਸੌਂਪਣ ਲਈ ਤਤਪਰ ਹੈ ਤਾਂ ਕਿ ਦੇਸ਼ ਵਾਸੀਆਂ ਦੀਆਂ ਜੇਬਾਂ ਵਿਚੋਂ ਪੈਸੇ ਕੱਢਕੇ ਕਾਰਪੋਰੇਟਰਾਂ ਦੀਆਂ ਤਿਜੌਰੀਆਂ ਭਰੀਆਂ ਜਾ ਸਕਣ।ਉਹਨਾਂ ਕਿਹਾ ਕਿ ਉਹਨਾਂ ਦੀਆਂ ਜਥੇਬੰਦੀਆਂ ਇਸ ਬੰਦ ਦੀ ਤਿਆਰੀ ਲਈ ਦਿਨ ਰਾਤ ਇਕ ਕਰ ਰਹੀਆਂ ਹਨ।ਉਹਨਾਂ ਸਮੁੱਚੇ ਰੇਹੜੀ ਵਰਕਰਾਂ ਅਤੇ ਪ੍ਰਵਾਸੀ ਮਜਦੂਰਾਂ ਨੂੰ ਇਸ ਬੰਦ ਦੀ ਹਮਾਇਤ ਵਿਚ ਹੜਤਾਲ ਕਰਕੇ ਲੰਗੜੋਆ ਬਾਈਪਾਸ ਤੇ ਲਾਏ ਜਾ ਰਹੇ ਜਾਮ ਵਿਚ ਪਹੁੰਚਣ ਦੀ ਅਪੀਲ ਕੀਤੀ ਹੈ।ਇਸ ਮੀਟਿੰਗ ਵਿਚ ਕਿਸ਼ੋਰ ਕੁਮਾਰ, ਸਰਵੇਸ਼ ਗੁਪਤਾ,ਗੋਪਾਲ, ਬਬਲੂ, ਘਣਸ਼ਾਮ,ਜੈ ਰਾਮ, ਜੈ ਕਿਸ਼ਨ ਅਤੇ ਮੁਕੇਸ਼ ਕੁਮਾਰ ਆਗੂ ਵੀ ਮੌਜੂਦ ਸਨ।