ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ’ਚ ਹਿੰਦੀ ਪੰਦਰਵਾੜਾ-2021 ਸ਼ੁਰੂ
ਅਸ਼ੋਕ ਵਰਮਾ
ਬਠਿੰਡਾ,15 ਸਤੰਬਰ 2021: ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਵਿੱਚ ਹਿੰਦੀ ਦਿਵਸ ਦੇ ਮੌਕੇ ‘ਤੇ ਰਾਜ ਭਾਸ਼ਾ ਲਾਗੂ ਕਰਨ ਵਾਲੀ ਕਮੇਟੀ ਅਤੇ ਹਿੰਦੀ ਵਿਭਾਗ ਵੱਲੋਂ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸ਼ਾਦ ਤਿਵਾੜੀ ਦੀ ਅਗਵਾਈ ਹੇਠ 28 ਸਤੰਬਰ ਤੱਕ ਚੱਲਣ ਵਾਲੇ ਹਿੰਦੀ ਪੰਦਰਵਾੜਾ ਸ਼ੁਰੂ ਕਰਨ ਲਈ ਸਮਾਗਮ ਕਰਵਾਇਆ ਜਿਸ ਦੇ ਮੁੱਖ ਮਹਿਮਾਨ ਤੇ ਮੁੱਖ ਬੁਲਾਰੇ ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ, ਧਰਮਸ਼ਾਲਾ ਦੇ ਚਾਂਸਲਰ ਪ੍ਰੋ. ਹਰਮੋਹਿੰਦਰ ਸਿੰਘ ਬੇਦੀ ਸਨ ਜਿੰਨ੍ਹਾਂ “ਹਿੰਦੀ ਸਾਹਿਤ ਵਿੱਚ ਪੰਜਾਬ ਦਾ ਯੋਗਦਾਨ ਵਿਸ਼ੇ ’ਤੇ ਆਪਣਾ ਭਾਸ਼ਣ ਦਿੱਤਾ। ਪ੍ਰੋ. ਹਰਮੋਹਿੰਦਰ ਸਿੰਘ ਬੇਦੀ ਨੇ ਕਿਹਾ ਕਿ ਪ੍ਰਾਚੀਨ ਅਤੇ ਮਹੱਤਵਪੂਰਨ ਗ੍ਰੰਥ ‘ਰਿਗਵੇਦ’ ਪੰਜਾਬ ਦੀ ਪਵਿੱਤਰ ਧਰਤੀ ‘ਤੇ ਰਚਿਆ ਗਿਆ ਸੀ। ਉਨ੍ਹਾਂ ਕਿਹਾ ਕਿ ਹਿੰਦੀ ਭਾਸ਼ਾ ਦਾ 1000 ਸਾਲ ਤੋਂ ਵੱਧ ਦਾ ਇਤਿਹਾਸ ਹੈ ਅਤੇ ‘ਪਿ੍ਰਥਵੀ ਰਾਜ ਰਾਸੋ’ ਦੀ ਰਚਨਾ ਕਰਨ ਵਾਲੇ ਪਹਿਲੇ ਹਿੰਦੀ ਕਵੀ ਸ੍ਰੀ ਚਾਂਦ ਬਰਦਾਈ ਲਾਹੌਰ ਅਣਵੰਡੇ ਪੰਜਾਬ ਨਾਲ ਸਬੰਧਤ ਸਨ।
ਉਹਨਾਂ ਨੇ ਪ੍ਰੋ. ਹਜਾਰੀ ਪ੍ਰਸਾਦ ਦਵਿੇਦੀ ਦੀ ਪੁਸਤਕ ‘ਨਾਥ ਸੰਪ੍ਰਦਾਏ’ ਦਾ ਹਵਾਲਾ ਦਿੰਦਿਆਂ ਕਿਹਾ ਕਿ ਨਾਥ ਸੰਪਰਦਾ ਦੇ ਬਹੁਤੇ ਕਵੀ ਪੰਜਾਬ ਦੀ ਧਰਤੀ ਨਾਲ ਸਬੰਧ ਰੱਖਦੇ ਸਨ। ਉਹਨਾਂ ਕਿਹਾ ਕਿ ਸਿੱਖ ਧਰਮ ਦਾ ਪਵਿੱਤਰ ਗ੍ਰੰਥ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਹਿੰਦੀ ਸਾਹਿਤ ਦਾ ਆਧਾਰ ਅਤੇ ਭਾਰਤੀ ਭਾਸ਼ਾ ਦੀਆਂ ਪਰੰਪਰਾਵਾਂ ਦਾ ਰਖਵਾਲਾ ਹੈ। ਪ੍ਰੋ. ਬੇਦੀ ਨੇ ਸਿੱਖ ਧਰਮ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਥਾਪਿਤ ‘ਵਿਦਿਆ ਦਰਬਾਰ’ ਦੇ 52 ਕਵੀਆਂ ਦੇ ਹਿੰਦੀ ਸਾਹਿਤ ਵਿੱਚ ਪਾਏ ਯੋਗਦਾਨ ਬਾਰੇ ਚਰਚਾ ਵੀ ਕੀਤੀ। ਉਨ੍ਹਾਂ ਪੰਜਾਬ ਦੇ ਸਮਾਜ ਸੁਧਾਰਕਾਂ, ਆਜਾਦੀ ਘੁਲਾਟੀਆਂ ਅਤੇ ਲੇਖਕਾਂ ਪੰਡਤ ਸ਼ਰਧਾ ਰਾਮ ਫਿਲੌਰੀ, ਪ੍ਰੋ. ਪੂਰਨ ਸਿੰਘ, ਅੰਮ੍ਰਿਤਾ ਪ੍ਰੀਤਮ, ਉਪੇਂਦਰਨਾਥ ਅਸ਼ਕ ਆਦਿ ਵੱਲੋਂ ਹਿੰਦੀ ਭਾਸ਼ਾ ਅਤੇ ਸਾਹਿਤ ਨੂੰ ਉਤਸ਼ਾਹਿਤ ਕਰਨ ਵਿੱਚ ਪਾਏ ਯੋਗਦਾਨ ਬਾਰੇ ਵੀ ਚਾਨਣਾ ਪਾਇਆ।
ਇਸ ਪ੍ਰੋਗਰਾਮ ਤਹਿਤ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਪ੍ਰੋ. ਹਰਮੋਹਿੰਦਰ ਸਿੰਘ ਬੇਦੀ ਦੀਆਂ ਲਿਖਤਾਂ ਤੇ ਅਧਾਰਤ ਪ੍ਰੋ. ਰਾਮਸਜਨ ਪਾਂਡੇ ਵੱਲੋਂ ਸੰਪਾਦਿਤ ਪੁਸਤਕ ਰਿਲੀਜ਼ ਕੀਤੀ। ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਕਿਹਾ ਕਿ ਲਗਾਤਾਰ ਕੀਤੇ ਜਾ ਰਹੇ ਯਤਨਾਂ ਨੇ ਹਿੰਦੀ ਨੂੰ ਅੰਗਰੇਜੀ ਅਤੇ ਮੈਂਡਰਿਨ (ਚੀਨੀ) ਤੋਂ ਬਾਅਦ ਦੁਨੀਆ ਵਿੱਚ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚੋਂ ਇੱਕ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਮਾਤ ਭਾਸ਼ਾ ਵਿੱਚ ਸਿੱਖਣ ਦੇ ਵਿਆਪਕ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ । ਇਸ ਮੌਕੇ ਚੇਅਰ ਪ੍ਰੋਫੈਸਰ ਡਾ. ਹਰਪਾਲ ਸਿੰਘ ਪੰਨੂੰ ਨੇ ਸਭਨਾਂ ਦਾ ਸੁਆਗਤ ਅਤੇ ਅੰਤ ਵਿੱਚ ਰਜਿਸਟਰਾਰ ਕੰਵਲਪਾਲ ਸਿੰਘ ਮੁੰਦਰਾ ਨੇ ਧੰਨਵਾਦ ਕੀਤਾ। ਪ੍ਰੋਗਰਾਮ ਦੇ ਸੰਚਾਲਨ ਦੀ ਜਿੰਮੇਵਾਰੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਦੇ ਮੁਖੀ ਡਾ. ਰਾਜਿੰਦਰ ਕੁਮਾਰ ਸੇਨ , ਡਾ. ਕੁਲਭੂਸ਼ਣ ਸ਼ਰਮਾ ਅਤੇ ਡਾ. ਦੀਪਕ ਕੁਮਾਰ ਪਾਂਡੇ ਨੇ ਨਿਭਾਈ।