ਅਕਾਲੀ ਦਲ ਦੇ ਫਿਰੋਜ਼ਪੁਰ ਤੋਂ ਮੁੱਖ ਸੇਵਾਦਾਰ ਰੋਹਿਤ ਵੋਹਰਾ ਨੇ ਫਿਰੋਜ਼ਪੁਰ ਦੀ ਵਿਗੜਦੀ ਕਾਨੂੰਨ ਵਿਵਸਥਾ ਤੇ ਚੁੱਕੇ ਸਵਾਲ
ਗੌਰਵ ਮਾਣਿਕ
- ਕਿਹਾ ਪਬਲਿਕ ਹੈ ਇਹ ਸਭ ਜਾਣਦੀ ਕੌਣ ਕੀ ਕਰਵਾ ਰਿਹਾ
ਫਿਰੋਜ਼ਪੁਰ, 15 ਸਤੰਬਰ 2021 -- ਫਿਰੋਜ਼ਪੁਰ ਵਿਚ ਲਗਾਤਾਰ ਵਾਪਰ ਰਹੀਆਂ ਲੁੱਟ ਖੋਹਾਂ ਦੀਆਂ ਵਾਰਦਾਤਾਂ, ਸਨੈਚਿੰਗ, ਬੰਬ ਧਮਾਕੇ ਵਰਗੀਆਂ ਵਾਰਦਾਤਾਂ ਨੂੰ ਸਿਆਸੀ ਰੰਗਤ ਦੇਣ ਦੀ ਕੀਤੀ ਜਾ ਰਹੀ ਕੋਸ਼ਿਸ 'ਤੇ ਬੋਲਦਿਆ ਸ਼੍ਰੋਮਣੀ ਅਕਾਲੀ ਦਲ ਦੇ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਮੁੱਖ ਸੇਵਾਦਾਰ ਰੋਹਿਤ ਵੋਹਰਾ ਨੇ ਕਿਹਾ ਕਿ ਇਹ ਪਬਲਿਕ ਸਭ ਜਾਣਦੀ ਹੈ ਕਿ ਕੌਣ ਕੀ ਕਰਵਾ ਰਿਹਾ ਹੈ। ਪਿਛਲੇ ਸਾਢੇ ਚਾਰ ਸਾਲਾਂ ਤੋਂ ਫਿਰੋਜ਼ਪੁਰ ਵਿਚ ਵੱਧ ਰਹੀਆਂ ਲੁੱਟ ਖੋਹਾਂ, ਸਨੈਚਿੰਗ, ਕਲਤੇਆਮ ਦੀਆਂ ਵਾਰਦਾਤਾਂ ਬਹੁਤ ਜ਼ਿਆਦਾ ਵੱਧ ਚੁੱਕੀਆਂ ਹਨ, ਜਿਸ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਨਿੱਤ ਦਿਹਾੜੇ ਫਿਰੋਜ਼ਪੁਰ ਦੇ ਵਿਚ ਕਦੇ ਗੋਲੀ ਚੱਲਣ ਦੀ ਵਾਰਦਾਤ, ਕਦੇ ਲੁੱਟ ਖੋਹ ਹੋ ਜਾਂਦੀ ਹੈ। ਅੱਜ ਫਿਰੋਜ਼ਪੁਰ ਦਾ ਹਰ ਵਿਅਕਤੀ ਘਰੋਂ ਨਿਕਲਣ ਤੋਂ ਪਹਿਲੋਂ ਇਹ ਕਈ ਵਾਰ ਸੋਚ ਕੇ ਨਿਕਲਦਾ ਹੈ ਕਿ ਉਹ ਸੁਰੱਖਿਅਤ ਘਰ ਵਾਪਸ ਆ ਜਾਵੇਗਾ ਕੇ ਨਹੀਂ । ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣਦਾ ਹੈ ਕਿ ਕਿੰਨਾ ਕੁ ਵਿਕਾਸ ਹੋਇਆ ਹੈ ਅਤੇ ਕਿੰਨਾ ਕੁ ਵਿਨਾਸ਼ ਹੋਇਆ ਹੈ। ਉੱਪਰੋਂ ਲੋਕਾਂ ਦੀ ਅਵਾਜ਼ ਦਬਾਉਣ ਲਈ ਦਹਿਸ਼ਤ ਦਾ ਮਾਹੌਲ ਪੈਦਾ ਕਰਕੇ ਬਾਅਦ ਵਿੱਚ ਦੂਜੀਆਂ ਪਾਰਟੀਆਂ 'ਤੇ ਮੜ੍ਹਣਾ ਹਾਸੋਹੀਣੀ ਗੱਲ ਹੈ, ਪਰ ਲੋਕਾਂ ਨੂੰ ਸਭ ਪਤਾ ਹੈ ਕਿ ਕਿਸ ਨੇ ਗੁੰਡੇ ਪਾਲੇ ਹੋਏ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਹਮੇਸ਼ਾ ਲੋਕਾਂ ਨਾਲ ਖੜ੍ਹਦੀ ਰਹੀ ਹੈ ਅਤੇ ਲੋਕਾਂ ਦੀ ਹਰ ਇੱਕ ਸਮੱਸਿਆ ਪਾਰਟੀ ਦੀ ਆਪਣੀ ਸਮੱਸਿਆ ਹੈ।