ਖੇਤੀ ਕਾਨੂੰਨਾਂ ਦੇ ਮਾਮਲੇ ਵਿੱਚ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੋਵੇਂ ਕਰ ਰਹੇ ਹਨ ਡਰਾਮੇਬਾਜ਼ੀ - ਕੇਵਲ ਢਿੱਲੋਂ
ਕਮਲਜੀਤ ਸਿੰਘ ਸੰਧੂ
- ਬੀਜੇਪੀ ਨਾਲ ਮਿਲ ਕੇ ਅਕਾਲੀ ਦਲ ਵਲੋਂ ਬੀਜੇ ਕੰਡੇ ਦੇਸ਼ ਭਰ ਦੇ ਕਿਸਾਨ ਚੁਗਣ ਲਈ ਮਜਬੂਰ, ਕਾਂਗਰਸ ਪਹਿਲੇ ਦਿਨ ਤੋਂ ਕਿਸਾਨਾਂ ਨਾਲ ਡੱਟ ਕੇ ਖੜੀ
ਬਰਨਾਲਾ 15 ਸਤੰਬਰ 2021 - ਸ਼੍ਰੋਮਣੀ ਅਕਾਲੀ ਦਲ ਵਲੋਂ ਖੇਤੀ ਕਾਨੂੰਨ ਬਨਣ ਦੇ ਇੱਕ ਸਾਲ ਪੂਰੇ ਹੋਣ ਤੇ ਕਾਲਾ ਦਿਨ ਮਨਾਉਣ ਦਾ ਐਲਾਨ ਕੀਤਾ ਗਿਆ ਹੈ, ਜਦਕਿ ਇਹਨਾਂ ਕਾਨੂੰਨਾਂ ਨੂੰ ਬਨਾਉਣ ਵਿੱਚ ਕੇਂਦਰ ਵਿੱਚ ਮੰਤਰੀ ਰਹੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਦਸਤਖ਼ਤ ਹਨ। ਹੁਣ ਅਕਾਲੀ ਦਲ ਇਸ ਮਾਮਲੇ 'ਤੇ ਡਰਾਮੇਬਾਜ਼ੀ ਕਰ ਰਿਹਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਹੰਡਿਆਇਆ ਵਿਖੇ ਪਨੇਸਰ ਕੰਬਾਈਨਜ਼ ਦੇ ਦਫਤਰ ਗੱਲਬਾਤ ਦੌਰਾਨ ਕੀਤਾ।
ਕੇਵਲ ਢਿੱਲੋਂ ਨੇ ਕਿਹਾ ਕਿ ਖੇਤੀ ਕਾਨੂੰਨ ਬਨਣ ਦੇ ਤਿੰਨ ਮਹੀਨੇ ਤੱਕ ਅਕਾਲੀ ਦਲ ਇਹਨਾਂ ਕਾਨੂੰਨਾਂ ਦਾ ਪ੍ਰਚਾਰ ਕਰਦਾ ਰਿਹਾ ਅਤੇ ਕਾਨੂੰਨਾਂ ਨੂੰ ਕਿਸਾਨ ਦੇ ਪੱਖ ਵੀ ਦੱਸ ਰਿਹਾ ਸੀ। ਹੁਣ ਸੁਖਬੀਰ ਬਾਦਲ ਅਤੇ ਸਾਰੇ ਅਕਾਲੀ ਇਹਨਾਂ ਕਾਨੂੰਨਾਂ ਵਿਰੁੱਧ ਕਾਲਾ ਦਿਨ ਮਨਾਉਣ ਦਾ ਡਕਵੰਜ ਕਰ ਰਹੇ ਹਨ। ਸ.ਢਿੱਲੋਂ ਨੇ ਕਿਹਾ ਕਿ ਖੇਤੀ ਕਾਨੂੰਨ ਪੰਜਾਬ ਸਮੇਤ ਦੇਸ਼ ਦੀ ਖੇਤੀ ਅਤੇ ਕਿਸਾਨੀ ਲਈ ਮਾਰੂ ਹਨ।
ਕਾਂਗਰਸ ਪਾਰਟੀ ਪਹਿਲੇ ਹੀ ਦਿਨ ਤੋਂ ਇਹਨਾਂ ਕਾਨੂੰਨਾਂ ਦਾ ਡੱਟ ਕੇ ਵਿਰੋਧ ਕਰ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਲਈ ਮਤਾ ਵੀ ਪਾਸ ਕੀਤਾ ਗਿਆ ਹੈ। ਪ੍ਰੰਤੂ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਇਸ ਮਾਮਲੇ 'ਤੇ ਡਰਾਮੇਬਾਜ਼ੀ ਕਰ ਰਹੇ ਹਨ। ਕਿਉਂਕਿ ਜਿੱਥੇ ਅਕਾਲੀ ਦਲ ਨੇ ਕਾਨੂੰਨ ਬਨਾਉਣ ਵਿੱਚ ਸਹਿਮਤੀ ਦਿੱਤੀ, ਉਥੇ ਦਿੱਲੀ ਦੀ ਕੇਜਰੀਵਾਲ ਸਰਕਾਰ ਇਹਨਾਂ ਕਾਨੂੰਨਾਂ ਦਾ ਨੋਟੀਫ਼ਿਕੇਸ਼ਨ ਲਾਗੂ ਚੁੱਕੀ ਹੈ। ਜਿਸ ਕਰਕੇ ਪੰਜਾਬ ਦੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਕਿਸਾਨ ਵਿਰੋਧੀ ਦੋਵੇਂ ਪਾਰਟੀਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ।
ਅੱਜ ਕਿਸਾਨੀ ਦੀ ਗੱਲ ਛੱਡ ਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਕੁਰਸੀ ਲਈ ਉਲਝ ਰਹੇ ਹਨ। ਇਹਨਾਂ ਨੂੰ ਖੇਤੀ ਅਤੇ ਕਿਸਾਨੀ ਨਾਲ ਕੋਈ ਸਾਰੋਕਾਰ ਨਹੀਂ ਹੈ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਕਿਸਾਨਾਂ ਹਿਤੈਸ਼ੀ ਰਹੀ ਹੈ, ਜਿਸ ਕਰਕੇ ਪਿਛਲੇ ਸਾਲਾਂ ਦੌਰਾਨ ਕਿਸਾਨਾਂ 'ਤੇ ਜੋ ਵੀ ਪਰਚੇ ਦਰਜ ਹੋਏ ਹਨ, ਉਹਨਾਂ ਨੂੰ ਰੱਦ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਐਲਾਨ ਕੀਤਾ ਜਾ ਚੁੱਕਿਆ ਹੈ। ਖੇਤੀ ਕਾਨੂੰਨ ਰੱਦ ਹੋਣ ਤੱਕ ਕਾਂਗਰਸ ਪਾਰਟੀ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ। ਇਸ ਮੌਕੇ ਪਨੇਸਰ ਕੰਬਾਈਨਜ਼ ਦੇ ਐਮਡੀ ਜਗਜੀਤ ਸਿੰਘ ਪਨੇਸਰ, ਅਮਨਦੀਪ ਸਿੰਘ ਪਨੇਸਰ, ਚੇਅਰਮੈਨ ਮੱਖਣ ਸ਼ਰਮਾ, ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਨਰਿੰਦਰ ਨੀਟਾ, ਚੇਅਰਮੈਨ ਜੀਵਨ ਬਾਂਸਲ, ਮੰਗਤ ਰਾਏ ਮੰਗਾ, ਹੈਪੀ ਠੇਕੇਦਾਰ, ਪੀਏ ਦੀਪ ਸੰਘੇੜਾ ਅਤੇ ਵਰੁਣ ਗੋਇਲ ਹਾਜ਼ਰ ਸਨ।