ਭਾਰਤ ਬੰਦ ਦੇ ਸੱਦੇ ਨੂੰ ਲਾਮਿਸਾਲ ਕਾਮਯਾਬ ਕਰਨ ਦਾ ਅਹਿਦ
ਅਸ਼ੋਕ ਵਰਮਾ
ਜਲੰਧਰ, 16 ਸਤੰਬਰ 2021: ‘‘ਮਿਹਨਤਕਸ਼ਾਂ ਦੇ ਸਾਰੇ ਵਰਗਾਂ ਦੇ ਸੰਗਠਨਾਂ ਦੇ ਸਾਂਝੇ ਯਤਨਾਂ ਅਤੇ ਦੇਸ਼ ਵਾਸੀਆਂ ਦੀ ਸਰਗਰਮ ਹਮਾਇਤ ਨਾਲ ‘ਸੰਯੁਕਤ ਕਿਸਾਨ ਮੋਰਚੇ’ ਦਾ 27 ਸਤੰਬਰ ਦਾ ਭਾਰਤ ਬੰਦ ਦਾ ਸੱਦਾ ਲਾਮਿਸਾਲ ਕਾਮਯਾਬ ਕੀਤਾ ਜਾਵੇਗਾ।’’ ਇਹ ਫੈਸਲਾ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਜਨਤਕ ਜਥੇਬੰਦੀਆਂ ਦਾ ਸਾਂਝਾ ਮੰਚ (ਜੇ.ਪੀ.ਐਮ.ਓ.) ਦੀ ਡਾਕਟਰ ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਹੋਈ ਸੂਬਾ ਪੱਧਰੀ ਮੀਟਿੰਗ ਵਿਚ ਕੀਤਾ ਗਿਆ। ਮੰਚ ’ਤੇ ਸਾਥੀ ਮੰਗਤ ਰਾਮ ਪਾਸਲਾ, ਪਰਗਟ ਸਿੰਘ ਜਾਮਾਰਾਏ, ਵਿਜੈ ਮਿਸ਼ਰਾ, ਪਰਮਜੀਤ ਰੰਧਾਵਾ, ਡਾ. ਕਰਮਜੀਤ ਸਿੰਘ, ਡਾਕਟਰ ਰਘਬੀਰ ਕੌਰ, ਸਤੀਸ਼ ਰਾਣਾ, ਤਰਸੇਮ ਕਾਦੀਆਂ, ਕੁਲਦੀਪ ਸਿੰਘ ਖੰਨਾ, ਮਨਜਿੰਦਰ ਸਿੰਘ ਢੇਸੀ ਵੀ ਮੌਜੂਦ ਸਨ। ਮੀਟਿੰਗ ਵੱਲੋਂ ਸਰਵ ਸੰਮਤੀ ਨਾਲ ਪਾਸ ਕੀਤੇ ਇਕ ਮਤੇ ਰਾਹੀਂ ਨਿਰਣਾ ਲਿਆ ਗਿਆ ਕਿ ਸਿੰਘੂ, ਟੀਕਰੀ ਤੇ ਹੋਰਨਾਂ ਸੰਘਰਸ਼ੀ ਮੋਰਚਿਆਂ ਵਿਚ ਵਾਰੋ ਵਾਰੀ ਮਿਹਨਤਕਸ਼ਾਂ ਦੇ ਸਾਂਝੇ ਜੱਥੇ ਲਗਾਤਾਰ ਭੇਜੇ ਜਾਣਗੇ।
ਇਸ ਮੌਕੇ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਮੋਦੀ ਸਰਕਾਰ ਦੀਆਂ ਦੇਸ਼ ਵਾਸੀਆਂ ਨੂੰ ਕੰਗਾਲੀ ਦੀ ਖੱਡ ’ਚ ਧੱਕਣ ਵਾਲੀਆਂ, ਕਾਰਪੋਰੇਟ ਤੇ ਸਾਮਰਾਜੀਆਂ ਦੇ ਹਿਤ ਪੂਰਨ ਵਾਲੀਆਂ ਨਵਉਦਾਰਵਾਦੀ ਨੀਤੀਆਂ ਖਿਲਾਫ਼ ਤਿੱਖੇ ਸੰਘਰਸ਼ ਛੇੜੇ ਜਾਣ ਲਈ ਵਿਸ਼ਾਲ ਲੋਕ ਲਾਮਬੰਦੀ ਕੀਤੀ ਜਾਵੇਗੀ। ਇਸ ਦਿਸ਼ਾ ਵਿਚ ਰੇਲਵੇ ਦੀਆਂ ਡੇਢ ਲੱਖ ਕਰੋੜ ਤੋਂ ਵੱਧ ਅਤੇ ਜਨਤਕ ਅਦਾਰਿਆਂ ਦੀਆਂ ਛੇ ਲੱਖ ਕਰੋੜ ਤੋਂ ਵਧੇਰੇ ਦੀਆਂ ਜਾਇਦਾਦਾਂ ਮੁਦਰੀਕਰਨ ਦੇ ਨਾਂਅ ਹੇਠ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਵਿਰੁੱਧ ਤਿੱਖੇ ਰੋਸ ਐਕਸ਼ਨ ਕੀਤੇ ਜਾਣਗੇ।
ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਅਤੇ ਇਸਦੇ ਪਿੱਤਰੀ ਸੰਗਠਨ ਰਾਸ਼ਟਰੀ ਸੋਇਮ ਸੇਵਕ ਸੰਘ ਦੀ ਅਗਵਾਈ ਵਾਲੇ ਸੰਘ ਪਰਿਵਾਰ ਦੇ ਅਰਾਜਕਤਾਵਾਦੀ ਸੰਗਠਨਾਂ ਵਲੋਂ ਦੇਸ਼ ਵਾਸੀਆਂ ਨੂੰ ਧਰਮਾਂ ਦੇ ਨਾਂਅ ’ਤੇ ਵੰਡਣ ਦੀ ਕੋਝੀ ਸਾਜਿਸ਼ ਅਧੀਨ ਮੁਸਲਮਾਨਾਂ ਖਿਲਾਫ਼ ਵਰਤੇ ਜਾ ਰਹੇ ‘ਅੱਬਾ ਜਾਨ’ ਵਰਗੇ ਨਫ਼ਰਤੀ ਵਿਸ਼ੇਸ਼ਨਾਂ ਅਤੇ ਫ਼ਿਰਕੂ ਕਤਾਰਬੰਦੀ ਵਿਰੁੱਧ ਮਿਹਨਤਕਸ਼ਾਂ ਦਾ ਵਿਸ਼ਾਲ ਏਕਾ ਉਸਾਰਨ ਲਈ ਸੰਘਣੀ ਵਿਚਾਰਧਾਰਕ ਅਤੇ ਜਥੇਬੰਦਕ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਆਪੋ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਲੋਕ ਸੰਗਠਨਾਂ ਦੀ ਡੱਟਵੀਂ ਹਮਾਇਤ ਕਰਨ ਦਾ ਫੈਸਲਾ ਲੈਂਦਿਆਂ ਇਨ੍ਹਾਂ ਵਿਰੁੱਧ ਵਰਤਾਏ ਜਾ ਰਹੇ ਹਕੂਮਤੀ ਕਹਿਰ ਖਿਲਾਫ਼ ਧੁਰ ਹੇਠਾਂ ਤੱਕ ਮਿਹਨਤੀ ਲੋਕਾਂ ਨੂੰ ਲਾਮਬੰਦ ਕਰਕੇ ਸਰਕਾਰੀ ਜਬਰ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।
ਇਸ ਮੌਕੇ ਸਾਥੀ ਗੁਰਨਾਮ ਸਿੰਘ ਦਾਊਦ (ਜਨਰਲ ਸਕੱਤਰ ਦਿਹਾਤੀ ਮਜ਼ਦੂਰ ਸਭਾ ਪੰਜਾਬ), ਕੁਲਵੰਤ ਸਿੰਘ ਸੰਧੂ (ਜਨਰਲ ਸਕੱਤਰ ਜਮਹੂਰੀ ਕਿਸਾਨ ਸਭਾ ਪੰਜਾਬ), ਨੱਥਾ ਸਿੰਘ ਪਠਾਨਕੋਟ (ਜਨਰਲ ਸਕੱਤਰ ਸੀਟੀਯੂ ਪੰਜਾਬ), ਤੀਰਥ ਸਿੰਘ ਬਾਸੀ (ਜਨਰਲ ਸਕੱਤਰ ਪ.ਸ.ਸ.ਫ.), ਬਿਮਲਾ ਦੇਵੀ (ਮੀਤ ਪ੍ਰਧਾਨ ਜਨਵਾਦੀ ਇਸਤਰੀ ਸਭਾ ਪੰਜਾਬ), ਧਰਮਿੰਦਰ ਸਿੰਘ ( ਜਨਰਲ ਸਕੱਤਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ)ਨੇ ਵੀ ਸੰਬੋਧਨ ਕੀਤਾ। ਮੰਚ ਸੰਚਾਲਨ ਸਾਥੀ ਮਹੀਪਾਲ ਨੇ ਕੀਤਾ।