ਇੰਜ ਸਵਰਨ ਸਿੰਘ ਦੀ ਅਗਵਾਈ ਹੇਠ ਪਾਰਲੀਮੈਂਟ ਦੇ ਘਿਰਾਓ ਲਈ ਅਕਾਲੀ ਦਲ ਦਾ ਵੱਡਾ ਜਥਾ ਦਿੱਲੀ ਲਈ ਹੋਇਆ ਰਵਾਨਾ
ਬਲਵਿੰਦਰ ਸਿੰਘ ਧਾਲੀਵਾਲ
- ਜੋਸ਼ ਅਤੇ ਉਤਸ਼ਾਹ ਨਾਲ ਜੈਕਾਰਿਆਂ ਦੀ ਗੂੰਜ 'ਚ ਕਪੂਰਥਲਾ ਤੋਂ ਰਵਾਨਾ ਹੋਇਆ ਹਲਕਾ ਸੁਲਤਾਨਪੁਰ ਲੋਧੀ ਦਾ ਜੱਥਾ
ਸੁਲਤਾਨਪੁਰ ਲੋਧੀ , 16 ਸਤੰਬਰ 2021 ਹਲਕਾ ਸੁਲਤਾਨਪੁਰ ਲੋਧੀ ਦੇ ਸਮੂਹ ਅਕਾਲੀ ਵਰਕਰਾਂ ਦਾ ਇੱਕ ਵਿਸ਼ਾਲ ਜੱਥਾ ਸਾਬਕਾ ਵਿੱਤ ਮੰਤਰੀ ਡਾਕਟਰ ਉਪਿੰਦਰਜੀਤ ਕੌਰ ਦੇ ਗ੍ਰਹਿ ਤੋਂ ਇੰਜ ਸਵਰਨ ਸਿੰਘ ਦੀ ਅਗਵਾਈ ਹੇਠ ਰਵਾਨਾ ਹੋਇਆ। ਇਸ ਜੱਥੇ ਵਿਚ ਹਲਕਾ ਸੁਲਤਾਨਪੁਰ ਲੋਧੀ ਦੇ ਸੈਕੜੇ ਵਰਕਰਾਂ ਨੇ ਹਿੱਸਾ ਲਿਆ ।
ਜਥੇ ਦੀ ਰਵਾਨਗੀ ਅਤੇ ਮਿਸ਼ਨ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਜ ਸਵਰਨ ਨੇ ਦੱਸਿਆ ਕਿ ਇਹ ਜੱਥਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 17 ਸਤੰਬਰ ਨੂੰ ਦਿੱਲੀ ਪਾਰਲੀਮੈਂਟ ਦੇ ਘਿਰਾਓ ਦੇ ਦਿੱਤੇ ਸੱਦੇ ਨੂੰ ਮੁੱਖ ਰੱਖਦੇ ਹੋਏ ਰਵਾਨਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਹਲਕਾ ਸੁਲਤਾਨਪੁਰ ਲੋਧੀ ਦੇ ਸੈਕੜੇ ਅਕਾਲੀ ਵਰਕਰ ਅੱਜ ਪੁੱਡਾ ਕਾਲੋਨੀ ਕਪੂਰਥਲਾ ਤੋਂ ਇਕੱਠੇ ਹੋ ਕੇ ਗੱਡੀਆਂ ਬੱਸਾਂ ਰਾਹੀਂ ਦਿੱਲੀ ਲਈ ਰਵਾਨਾ ਹੋਏ ਹਨ । ਉਨ੍ਹਾਂ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਇੱਕ ਸਾਲ ਪਹਿਲਾਂ 17 ਸਤੰਬਰ ਨੂੰ ਪਾਰਲੀਮੈਂਟ ਵਿਖੇ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਗਏ ਸਨ। ਉਨ੍ਹਾਂ ਬਿੱਲਾਂ ਦੇ ਵਿਰੋਧ ਵਿਚ 17 ਸਤੰਬਰ ਦਾ ਖੇਤੀ ਬਿੱਲ ਪਾਸ ਕਰਨ ਦਾ ਦਿਨ ਕਾਲੇ ਦਿਨ ਵੱਜੋਂ ਮਨਾਉਣ ਅਤੇ ਸੰਸਦ ਮੂਹਰੇ ਪੰਜਾਬ ਤੋਂ ਲੱਖਾਂ ਦੀ ਗਿਣਤੀ 'ਚ ਪੁੱਜ ਕੇ ਕਾਲੇ ਬਿੱਲ ਦੀਆਂ ਕਾਪੀਆਂ ਸਾੜਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ।
ਉਹਨਾਂ ਦੱਸਿਆ ਕਿ ਇਹ ਕਾਫਲਾ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਦਿੱਲੀ ਪੁੱਜੇਗਾ , ਜਿੱਥੋਂ 17 ਸਤੰਬਰ ਨੂੰ ਸਵੇਰੇ 10 ਵਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਇਹ ਵੱਡਾ ਕਾਫਲਾ ਪਾਰਲੀਮੈਂਟ ਵੱਲ ਰੋਸ ਮਾਰਚ ਕੱਢਦਾ ਹੋਇਆ ਮਿਥੇ ਹੋਏ ਪੜਾਅ 'ਤੇ ਪੁੱਜੇਗਾ ਅਤੇ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਨਾਅਰੇਬਾਜੀ ਕਰਦੇ ਹੋਏ ਕਾਲੇ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ।
ਇਸ ਕਾਫ਼ਲੇ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ , ਜਥੇ ਹਰਜਿੰਦਰ ਸਿੰਘ ਲਾਡੀ , ਜਥੇ ਹਰਜਿੰਦਰ ਸਿੰਘ ਵਿਰਕ, ਕੰਵਲਜੀਤ ਸਿੰਘ ਹੈਬਤਪੁਰ, ਬੀਬੀ ਬਲਜੀਤ ਕੌਰ ਸਾਬਕਾ ਬਲਾਕ ਸੰਮਤੀ ਮੈਂਬਰ, ਬੀਬੀ ਜਸਵਿੰਦਰ ਕੌਰ ਸਾਬਕਾ ਸਰਪੰਚ, ਬੀਬੀ ਗੁਰਮੀਤ ਕੌਰ, ਬੀਬੀ ਸਤਵੰਤ ਕੌਰ ਜੰਮੂ, ਬੀਬੀ ਮਹਿੰਦਰ ਕੌਰ ਨੰਬਰਦਾਰਨੀ, ਸੁੱਖਵਿੰਦਰ ਕੌਰ ਸਾਬਕਾ ਸਰਪੰਚ ਆਦਿ ਵੱਡੀ ਗਿਣਤੀ ਵਿਚ ਅਕਾਲੀ ਦਲ ਦੇ ਵਰਕਰ ਦਿੱਲੀ ਲਈ ਰਵਾਨਾ ਹੋਏ।