ਕੈਬਨਿਟ ਮੰਤਰੀ ਰਾਣਾ ਗੁਰਜੀਤ ਵੱਲੋਂ ਸੈਂਟਰ ਆਫ਼ ਐਕਸੀਲੈਂਸ ਇਨ ਹੈਲਥ ਸੈਕਟਰ ਦਾ ਉਦਘਾਟਨ
ਅਸ਼ੋਕ ਵਰਮਾ
ਬਠਿੰਡਾ, 25 ਨਵੰਬਰ 2021 : ਡਾਕਟਰੀ ਇੱਕ ਬਹੁਤ ਹੀ ਪਵਿੱਤਰ ਤੇ ਮਨੁੱਖਤਾ ਦੀ ਭਲਾਈ ਵਾਲਾ ਖੇਤਰ ਹੈ। ਇਸ ਤੋਂ ਹੋਰ ਬੇਹਤਰ ਦੁਨੀਆਂ ਵਿਚ ਕੋਈ ਵੀ ਕਿੱਤਾ ਨਹੀਂ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਅੱਜ ਇੱਥੇ ਏਮਜ਼ ਵਿਖੇ ਸੈਂਟਰ ਆਫ਼ ਐਕਸੀਲੈਂਸ ਇਨ ਹੈਲਥ ਸੈਕਟਰ ਦਾ ਉਦਘਾਟਨ ਕਰਨ ਉਪਰੰਤ ਕੀਤਾ। ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਸਿਹਤ ਸੁਰੱਖਿਆ ਨੂੰ ਲੈ ਕੇ ਅਹਿਮ ਉਪਰਾਲੇ ਵੀ ਕੀਤੇ ਜਾ ਰਹੇ ਹਨ।
ਇਸ ਮੌਕੇ ਕੈਬਨਿਟ ਮੰਤਰੀ ਸ. ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਹੁਨਰ ਵਿਕਾਸ ਅਤੇ ਘਰ-ਘਰ ਰੋਜ਼ਗਾਰ ਕਾਰੋਬਾਰ ਮਿਸ਼ਨ ਵਲੋਂ ਏਮਜ਼ ਦੇ ਨਾਲ ਮਿਲ ਕੇ ਐਂਡਵਾਂਸ ਰੈਸਪੀਰੇਟਰੀ ਥੈਰੋਪਿਸਟ ਇਨ ਆਈਸੀਯੂ ਤਿੰਨ ਮਹੀਨੇ ਦਾ ਮੁਫ਼ਤ ਕੋਰਸ ਕਰਵਾਇਆ ਜਾ ਰਿਹਾ ਹੈ। ਇਹ ਸਿਖਲਾਈ ਕੋਰਸ ਦੁਨੀਆਂ ਵਿਚ ਪਹਿਲੀ ਕਿਸਮ ਦਾ ਸਿਖਲਾਈ ਕੋਰਸ ਹੈ। ਇੱਥੋਂ ਸਿਖਲਾਈ ਪ੍ਰਾਪਤ ਕਰਨ ਉਪਰੰਤ ਸਿਖਿਆਰਥੀਆਂ ਵੱਲੋਂ ਅੱਗੇ ਸੂਬੇ ਭਰ ਵਿਚ ਜਾ ਕੇ ਸਿਖਲਾਈ ਦਿੱਤੀ ਜਾਵੇਗੀ ਜੋ ਕਿ ਸਿਹਤ ਸੁਰੱਖਿਆ ਲਈ ਅਹਿਮ ਯੋਗਦਾਨ ਹੋਵੇਗਾ।
ਇਸ ਮੌਕੇ ਕੈਬਨਿਟ ਮੰਤਰੀ ਸ. ਰਾਣਾ ਗੁਰਜੀਤ ਨੇ ਕਿਹਾ ਕਿ ਇਹ ਕੋਰਸ ਕਰਨ ਉਪਰੰਤ ਸੂਬੇ ਅੰਦਰ ਵੈਂਟੀਲੇਟਰ ਤਕਨੀਸ਼ਨਾਂ ਦੀ ਕੋਈ ਕਮੀ ਨਹੀਂ ਰਹੇਗੀ। ਉਨ੍ਹਾਂ ਏਮਜ਼ ਦੇ ਡਾਕਟਰੀ ਅਮਲੇ ਦੀ ਪ੍ਰਸੰਸਾਂ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਮਨੁੱਖੀ ਸਿਹਤ ਸੇਵਾਵਾਂ ਲਈ ਜੋ ਅਹਿਮ ਕਦਮ ਚੁੱਕੇ ਜਾ ਰਹੇ ਹਨ ਉਹ ਬਹੁਤ ਹੀ ਸ਼ਲਾਘਾਯੋਗ ਹਨ।
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਵਲੋਂ ਏਮਜ਼ ਵਿਖੇ ਬਣਾਏ ਗਏ ਸੈਂਟਰ ਆਫ਼ ਐਕਸੀਲੈਂਸ ਇਨ ਹੈਲਥ ਸੈਕਟਰ ਦਾ ਦੌਰਾ ਕਰਕੇ ਜਾਇਜ਼ਾ ਵੀ ਲਿਆ ਗਿਆ। ਇਸ ਮੌਕੇ ਉਨ੍ਹਾਂ ਸਿਖਲਾਈ ਲੈ ਰਹੇ ਟ੍ਰੇਨਰਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਮਨੁੱਖਤਾ ਦੀ ਭਲਾਈ ਲਈ ਅਣਥੱਕ ਮਿਹਨਤ ਕਰਨ ਲਈ ਪ੍ਰੇਰਿਆ।
ਇਸ ਮੌਕੇ ਡਾ. ਸੰਦੀਪ ਸਿੰਘ ਕੌੜਾ ਸਲਾਹਕਾਰ ਪੰਜਾਬ ਸਰਕਾਰ (ਹੁਨਰ ਵਿਕਾਸ ਅਤੇ ਤਕਨੀਕੀ ਸਿੱਖਿਆ) ਨੇ ਕਿਹਾ ਇਹ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਕਿ ਇਹ ਮਨੀਸਟਰੀ ਆਫ ਸਕਿੱਲ ਡਿਵਲਪਮੈਟ ਦੇ ਸੰਕਲਪ ਪ੍ਰੋਗਰਾਮ ਦੇ ਅੰਦਰ ਕੀਤਾ ਗਿਆ ਹੈ ਜਿਸ ਦੇ ਵਿੱਚ ਏਮਜ ਬਠਿੰਡਾ, ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਅਤੇ ਪੰਜਾਬ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਦੇ ਵਿਚਕਾਰ ਐਮ ਓ ਯੂ ਹੋਇਆ ਹੈ ਜਿਸ ਦੇ ਵਿਚ ਟ੍ਰੇਨਿੰਗ ਤੇ ਸਰਟੀਫਿਕੇਸ਼ਨ ਏਮਜ਼ ਕਰ ਰਿਹਾ ਹੈ। ਵਿੱਤੀ ਸਹਾਇਤਾ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਕਰ ਰਿਹਾ ਅਤੇ ਬੱਚਿਆਂ ਨੂੰ ਸਰਕਾਰੀ ਜਾ ਪ੍ਰਾਈਵੇਟ ਨੌਕਰੀਆ ਦਿਵਾਉਣ ਦੀ ਜ਼ਿੰਮੇਵਾਰੀ ਪੰਜਾਬ ਘਰ-ਘਰ ਰੁਜ਼ਗਾਰ ਤੇ ਕਾਰੋਬਾਰ ਮਿਸ਼ਨ ਦੀ ਹੈ ਕੁੱਲ 200 ਬੱਚੇ ਰੈਸਪੀਰੇਟਰੀ ਥੈਰਾਪੀਸਟ ਕੋਰਸ ਵਿੱਚ ਤਿਆਰ ਕੀਤੇ ਜਾਣਗੇ ਜਿਨ੍ਹਾਂ ਵਿੱਚੋਂ 30 ਬੱਚਿਆਂ ਦੀ ਟ੍ਰੇਨਿੰਗ ਸੁਰੂ ਹੋ ਗਈ ਹੈ।
ਡਾਇਰੈਕਟਰ ਏਮਜ਼ ਬਠਿੰਡਾ ਡਾ. ਦਿਨੇਸ਼ ਕੁਮਾਰ ਸਿੰਘ ਨੇ ਕਿਹਾ ਕਿ ਜਦੋਂ ਭਾਰਤ ਸਰਕਾਰ ਦੇ ਹੈਲਥ ਸੈਕਟਰੀ ਨੂੰ ਇਸ ਕੋਰਸ ਬਾਰੇ ਪਤਾ ਲੱਗਾ ਤੇ ਉਨ੍ਹਾਂ ਕਿਹਾ ਕਿ ਇਹ ਸਾਰੇ ਏਮਜ ਵਿੱਚ ਸੁਰੂ ਕੀਤਾ ਜਾਵੇਗਾ। ਡਾਇਰੈਕਟਰ ਏਮਜ਼ ਨੇ ਦੱਸਿਆ ਕਿ ਇਹ ਬੱਚੇ ਬਹੁਤ ਹੀ ਕਠਿਨ ਪੇਪਰ ਜਿਹੜਾ ਸੇਟਰਲ ਯੁਨੀਵਰਸਿਟੀ ਪੰਜਾਬ ਵੱਲੋਂ ਤਿਆਰ ਕੀਤਾ ਗਿਆ ਸੀ ਉਹ ਪੇਪਰ ਪਾਸ ਕਰਕੇ ਸਲੈਕਟ ਹੋਏ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ, ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਅਜੈ ਮਲੂਜਾ, ਅਡੀਸਨਲ ਮਿਸ਼ਨ ਡਾਇਰੈਕਟਰ ਸ੍ਰੀ ਰਕੇਸ਼ ਤ੍ਰਿਪਾਠੀ, ਪ੍ਰੋਜੈਕਟ ਕੁਆਰਡੀਨੇਟਰ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਮੈਡਮ ਪਰਵਿੰਦਰ ਕੌਰ ਡਾਇਰੈਕਟਰ ਮਾਈਕਰੋ ਸਾਫ਼ਟ ਸ਼੍ਰੀ ਰਾਵਿੰਦਰ ਆਨੰਦ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬੂਟਾ ਸਿੰਘ ਅਤੇ ਡਾ. ਕੰਵਲਜੀਤ ਸਿੰਘ ਕੋੜਾ ਤੋਂ ਇਲਾਵਾ ਨੋਡਲ ਅਫਸਰ ਮੌਜੂਦ ਸਨ।