ਲਾਕਡਾਊਨ ਤੋਂ ਪਹਿਲਾਂ ਦਾਖਲ ਹੋਈਆਂ ਅਰਜ਼ੀਆਂ, ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਕਾਰਵਾਈ ਕੀਤੀ ਆਰੰਭ
ਹਰਜਿੰਦਰ ਸਿੰਘ ਬਸਿਆਲਾ
- ਇਮੀਗ੍ਰੇਸ਼ਨ: ਅਰਜ਼ੀ ਹੈ ਸਾਡੇ ਪਾਸ-ਕਰਾਂਗੇ ਨਬੇੜਾ ਆਓਗੇ ਪਾਸ
- ਕਾਨੂੰਨੀ ਨੇ ਕਿਹਾ ਕਰੋਨਾ ਲਾਕਡਾਊਨ ਤੋਂ ਪਹਿਲਾਂ ਆਫਸ਼ੋਰ ਰਿਹਾਇਸ਼ੀ ਅਰਜ਼ੀਆਂ ’ਤੇ ਕਾਰਵਾਈ ਹੋਵੇ
- ਰੈਜ਼ੀਡੈਂਸੀ ਬਾਅਦ ਆਫਸ਼ੋਰ ਵਾਲੇ ਆ ਸਕਣਗੇ ਨਿਊਜ਼ੀਲੈਂਡ
ਔਕਲੈਂਡ 5 ਦਸੰਬਰ, 2021 - ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਇਕ ਅਦਾਲਤੀ ਦਖਲਅੰਦਾਜ਼ੀ ਤੋਂ ਬਾਅਦ ਉਨ੍ਹਾਂ ਰੈਜੀਡੈਂਸ ਵਾਲੀਆਂ ਸਾਰੀਆਂ ਅਰਜ਼ੀਆਂ ਉਤੇ ਕਾਰਵਾਈ ਕਰਨੀ ਪੈ ਗਈ ਹੈ ਜਿਹੜੀਆਂ ਅਰਜ਼ੀਆਂ ਪਿਛਲੇ ਸਾਲ ਕਰੋਨਾ ਲਾਕਡਾਊਨ ਤੋਂ ਪਹਿਲਾਂ ਦਾਖਲ ਹੋ ਗਈਆਂ ਸਨ। ਇਮੀਗ੍ਰੇਸ਼ਨ ਨੇ ਲਾਕ ਡਾਊਨ ਦੇ ਚਲਦਿਆਂ ਉਸ ਉਤੇ ਕੰਮ ਨਹੀਂ ਸੀ ਕੀਤਾ। ਇਮੀਗ੍ਰੇਸ਼ਨ ਨੇ ਇਨ੍ਹਾਂ ਅਰਜ਼ੀਆਂ ਉਤੇ ਹੁਣ ਕਾਰਵਾਈ ਆਰੰਭ ਵੀ ਕਰ ਦਿੱਤੀ ਹੈ ਜਿਸ ਦਾ ਮਤਲਬ ਹੈ ਕਿ ਰੈਜ਼ੀਡੈਂਸ ਵੀਜਾ ਲੈਣ ਉਪਰੰਤ, ਜਦੋਂ ਵੀ ਨਿਊਜ਼ੀਲੈਂਡ ਸਰਹੱਦ ਖੁੱਲ੍ਹ ਗਈ ਤਾਂ ਉਹ ‘2021 ਰੈਜੀਡੈਂਸ ਵੀਜ਼ਾ’ ਮਿਲਣ ਵਾਲਿਆਂ ਵਾਂਗ ਇਥੇ ਵਾਪਿਸ ਆ ਸਕਣਗੇ।
ਚਾਹੇ ਉਹ ਆਫਸ਼ੋਰ ਵਾਲੇ ਵੀ ਕਿਉਂ ਨਾ ਹੋਣ। ਇਹ ਅਰਜ਼ੀਆਂ ਜਿਵੇਂ-ਜਿਵੇਂ ਪ੍ਰਾਪਤ ਹੋਈਆਂ ਹਨ, ਉਸੇ ਵਾਰੀ ਅਨੁਸਾਰ ਕਾਰਵਾਈ ਲਈ ਚੁਣੀਆਂ ਜਾਣਗੀਆਂ। ਲਗਪਗ 2300 ਅਰਜ਼ੀਆਂ ਅਜਿਹੀਆਂ ਹਨ ਜਿਨ੍ਹਾਂ ਉਤੇ ਹੁਣ ਇਮੀਗ੍ਰੇਸ਼ਨ ਆਪਣਾ ਫੈਸਲਾ ਦੇਵੇਗੀ। ਇਸ ਤੋਂ ਇਲਾਵਾ 4000 ਦੇ ਕਰੀਬ ਉਹ ਅਰਜ਼ੀਆਂ ਹਨ ਜਿਨ੍ਹਾਂ ਦਾ ਕਰੋਨਾ ਲਾਕਡਾਊ੍ਵਨ ਤੋਂ ਪਹਿਲਾਂ ਰੈਜੀਡੈਂਸ ਵੀਜ਼ਾ ਲੱਗ ਚੁੱਕਾ ਸੀ, ਪਰ ਉਹ ਕਰੋਨਾ ਤਾਲਾਬੰਦੀ ਅਤੇ ਸਰਹੱਦਾਂ ਬੰਦ ਹੋਣ ਕਰਕੇ ਆ ਨਾ ਸਕੇ। ਇਸ ਉਤੇ ਵੀ ਹਾਈਕੋਰਟ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ। ਹੁਣ ਇਹ ਲੋਕ ਵੀ ਇਥੇ ਬਾਰਡਰ ਖੁੱਲਦੇ ਸਾਰ ਆ ਸਕਣਗੇ।
ਇਸ ਵੇਲੇ ਉਹ ਪੱਕੇ ਜਾਂ ਨਾਗਰਿਕ ਲੋਕ ਹੀ ਆ ਸਕਦੇ ਹਨ ਜਿਨ੍ਹਾਂ ਕੋਲ ਪ੍ਰਬੰਧਕੀ ਇਕਾਂਤਵਾਸ ਦਾ ਪ੍ਰਬੰਧ ਹੋਵੇ ਪਰ 13 ਫਰਵਰੀ 2022 ਰਾਤ 12 ਵਜੇ ਤੋਂ ਬਾਅਦ ਪ੍ਰਬੰਧਕੀ ਇਕਾਂਤਵਾਸ ਬੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਆਮ ਦੀ ਤਰ੍ਹਾਂ ਇਥੇ ਆ ਸਕਣਗੇ ਪਰ ਆਪਣੇ ਘਰ ਜਾ ਕੇ ਉਨ੍ਹਾਂ ਨੂੰ 7 ਦਿਨ ਦਾ ਇਕਾਂਤਵਾਸ ਕਰਨਾ ਹੋਵੇਗਾ। ਇਹ ਸਾਰਾ ਕੁਝ ਪੜਾਅ-2 ਦੇ ਵਿਚ ਰਹੇਗਾ।
ਜੇਕਰ ਪੜਾਅ-3 ਸ਼ੁਰੂ ਹੋ ਜਾਂਦਾ ਹੈ ਤਾਂ 30 ਅਪ੍ਰੈਲ ਤੋਂ ਦੂਜੇ ਦੇਸ਼ਾਂ ਦੇ ਨਾਗਰਿਕ ਵੀ ਇਥੇ ਆਉਣਾ ਸ਼ੁਰੂ ਹੋ ਜਾਣਗੇ, ਪਰ ਉਨ੍ਹਾਂ ਦੇ ਦੋਹਰਾ ਟੀਕਾ ਲੱਗਿਆ ਹੋਣਾ ਚਾਹੀਦਾ ਹੈ। ਸਰਕਾਰ ਨੇ ਕਿਹਾ ਸੀ ਕਿ ਦਸੰਬਰ ਮਹੀਨੇ ਦੇ ਵਿਚ ਭਾਰਤ ਨੂੰ ਜਿਆਦਾ ਖਤਰੇ ਵਾਲੇ ਮੁਲਕਾਂ ਦੇ ਵਿਚ ਕੱਢ ਦਿੱਤਾ ਜਾਵੇਗਾ, ਪਰ ਅਜੇ ਇਸਦਾ ਐਲਾਨ ਨਹੀਂ ਹੋਇਆ।
ਸੋ ਇਮੀਗ੍ਰੇਸ਼ਨ ਦਾ ਸਪਸ਼ਟ ਇਸ਼ਾਰਾ ਹੈ ਕਿ ਤੁਹਾਡੀ ਅਰਜ਼ੀ ਸਾਡੇ ਪਾਸ ਹੈ ਅਤੇ ਅਸੀਂ ਜਲਦੀ ਹੀ ਇਨ੍ਹਾਂ ਾ ਨਿਬੇੜਾ ਕਰਦਿਆਂ ਤੁਹਾਨੂੰ ਆਪਣੇ ਪਾਸ ਬੁਲਾ ਲਵਾਂਗੇ।