ਦਲਜੀਤ ਕੌਰ ਭਵਾਨੀਗੜ੍ਹ
ਕਰਤਾਰਪੁਰ, 6 ਦਸੰਬਰ, 2021: ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਕਰਤਾਰਪੁਰ ਹਲਕੇ ਦੇ ਐੱਮ.ਐੱਲ.ਏ. ਸੁਰਿੰਦਰ ਚੌਧਰੀ ਦੀ ਮੀਟਿੰਗ ਦਾ ਵਿਰੋਧ ਕਰਦਿਆਂ ਜਨਤਾ ਕਾਲਜ ਦੇ ਗੇਟ ਸਾਹਮਣੇ ਧਰਨਾ ਮੁਜ਼ਾਹਰਾ ਕੀਤਾ ਗਿਆ।ਇਸ ਮੌਕੇ ਮਜ਼ਦੂਰਾਂ ਨੇ ਨਾਅਰਾ ਬੁਲੰਦ ਕੀਤਾ ਕਿ "ਘਰ ਘਰ ਦੇ ਵਿੱਚ ਚੱਲੀ ਗੱਲ, ਚੰਨੀ ਮਾਰੇ ਅੱਲ ਪਟੱਲ"।
ਇਸ ਮੌਕੇ ਯੂਨੀਅਨ ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਨਾਲ ਸੰਬੰਧਿਤ ਸਰਪੰਚ ਹੀ ਕਾਂਗਰਸ ਪਾਰਟੀ ਦੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠਲੀ ਸਰਕਾਰ ਦੇ ਹੁਕਮਾਂ ਤਹਿਤ ਗ੍ਰਾਮ ਸਭਾਵਾਂ ਕਰਕੇ ਲੋੜਵੰਦ ਬੇਘਰੇ ਤੇ ਬੇਜ਼ਮੀਨੇ ਕਿਰਤੀਆਂ ਨੂੰ 5-5 ਮਰਲੇ ਪਲਾਟ ਦੇਣ ਲਈ ਮਤੇ ਪਾਉਣ ਲਈ ਤਿਆਰ ਨਹੀਂ। ਉਨ੍ਹਾਂ ਨੇ ਦੱਸਿਆ ਕਿ ਅੱਜ ਹੀ ਰਿਹਾਇਸ਼ੀ ਪਲਾਟ ਦੇਣ ਲਈ ਪਿੰਡ ਮੱਲੀਆਂ ਅਤੇ ਫਤਿਹਜਲਾਲ ਵਿਖੇ ਗ੍ਰਾਮ ਸਭਾ ਦੇ ਅਜਲਾਸ ਬੁਲਾਏ ਗਏ ਸਨ, ਸਰਪੰਚ ਤੇ ਬਲਾਕ ਦਫ਼ਤਰ ਵਾਲਿਆਂ ਗੱਠਜੋੜ ਬਣਾ ਕੇ ਅਜਲਾਸ ਵਿੱਚ ਆਉਣਾ ਜ਼ਰੂਰੀ ਨਹੀਂ ਸਮਝਿਆ।
ਉਨ੍ਹਾਂ ਕਿਹਾ ਕਿ ਚੰਨੀ ਦੀ ਫ਼ੋਟੋ ਵਾਲੇ ਰਿਹਾਇਸ਼ੀ ਪਲਾਟ ਦੇਣ,ਲਾਲ ਲਕੀਰ ਦੇ ਮਾਲਕੀ ਹੱਕ ਦੇਣ, ਕਰਜ਼ਾ ਮੁਆਫ਼ੀ, ਬਕਾਏ ਬਿਜਲੀ ਬਿੱਲ ਮੁਆਫ਼ੀ,ਕੱਟੇ ਕੁਨੈਕਸ਼ਨ ਚਾਲੂ ਕਰਨ, ਕੱਟੇ ਨੀਲੇ ਕਾਰਡ ਬਹਾਲ ਕਰਨ ਤੇ ਲੋੜਵੰਦ ਲੋਕਾਂ ਦੇ ਨੀਲੇ ਕਾਰਡ ਬਣਾਉਣ ਆਦਿ ਦੇ ਐਲਾਨ ਹਕੀਕਤ ਦੇ ਉਲ਼ਟ ਹਨ। ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਫ਼ੋਕੇ ਐਲਾਨ ਕਰਕੇ ਅਗਲੀ ਸਰਕਾਰ ਬਣਾਉਣ ਦੇ ਚੱਕਰ ਵਿੱਚ ਹੈ।
ਉਨ੍ਹਾਂ ਨੇ ਮੰਗ ਕੀਤੀ ਕਿ ਗ੍ਰਾਮ ਸਭਾ ਅਜਲਾਸ ਵਿੱਚ ਅੱਜ ਪਾਸ ਕੀਤੇ ਮਤਿਆਂ ਨੂੰ ਮਾਨਤਾ ਦਿੱਤੀ ਜਾਵੇ ਅਤੇ ਗ੍ਰਾਮ ਸਭਾ ਦੇ ਅਜਲਾਸਾਂ ਵਿੱਚ ਪਾਸ ਕੀਤੇ ਮਤਿਆਂ ਅਨੁਸਾਰ ਕਿਰਤੀ ਲੋਕਾਂ ਨੂੰ ਰਿਹਾਇਸ਼ੀ ਪਲਾਟ ਦਿੱਤੇ ਜਾਣ, ਗ੍ਰਾਮ ਸਭਾ ਅਜਲਾਸਾਂ ਵਿੱਚ ਹਾਜਿ਼ਰ ਨਾ ਆਉਣ ਵਾਲੇ ਸਰਪੰਚਾਂ ਅਤੇ ਬਲਾਕ ਦਫ਼ਤਰ ਦੇ ਸੰਬੰਧਿਤ ਅਧਿਕਾਰੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਮੰਨੀਆਂ ਮੰਗਾਂ ਸੰਬੰਧੀ ਚੰਨੀ ਸਰਕਾਰ ਉਕਤ ਮੰਗਾਂ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ ਅਤੇ ਮੰਗਾਂ ਨੂੰ ਅਮਲ ਵਿੱਚ ਹੱਲ ਕੀਤਾ ਜਾਵੇ।
ਇਸ ਮੌਕੇ ਯੂਨੀਅਨ ਨੇ ਮੰਗਾਂ ਨੂੰ ਹੱਲ ਕਰਵਾਉਣ ਲਈ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਕੀਤੇ ਐਲਾਨ ਅਨੁਸਾਰ 12 ਦਸੰਬਰ ਨੂੰ ਢਿੱਲਵਾਂ ਰੇਲਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ।ਇਸ ਦੀ ਤਿਆਰੀ ਲਈ ਅਤੇ ਚੰਨੀ ਸਰਕਾਰ ਦੇ ਚਿਹਰੇ ਨੂੰ ਲੋਕਾਂ ਦੀ ਕਚਹਿਰੀ ਵਿੱਚ ਨੰਗਾਂ ਕਰਨ ਲਈ 8,9,10 ਦਸੰਬਰ ਨੂੰ ਪਿੰਡਾਂ ਵਿੱਚ ਚੰਨੀ ਸਰਕਾਰ ਦੇ ਪੁਤਲੇ ਸਾੜੇ ਜਾਣਗੇ।
ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ,ਯੂਥ ਵਿੰਗ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਗੁਰਪ੍ਰੀਤ ਸਿੰਘ ਚੀਦਾ, ਯੂਨੀਅਨ ਦੀ ਤਹਿਸੀਲ ਪ੍ਰਧਾਨ ਬਲਵਿੰਦਰ ਕੌਰ ਦਿਆਲਪੁਰ, ਸੁਖਜਿੰਦਰ ਸਿੰਘ ਮੱਲੀਆਂ ਆਦਿ ਨੇ ਸੰਬੋਧਨ ਕੀਤਾ।