ਬਹਿਬਲ ਕਲਾਂ ਮੋਰਚੇ 'ਚ ਪੁੱਜੇ ਐਸ ਜੀ ਪੀ ਸੀ ਪ੍ਰਧਾਨ ਨੂੰ ਭਾਈ ਨਿਆਮੀ ਵਾਲਾ ਨੇ ਕੀਤੇ ਤਿੱਖੇ ਸੁਆਲ
- ਰੋਸ ਇਨਸਾਫ ਮੋਰਚਾ ਬਹਿਬਲ ਕਲਾਂ ਦਾ 29ਵਾਂ ਦਿਨ:
- ਭਾਈ ਨਿਆਮੀ ਵਾਲਾ ਨੇ ਕਿਹਾ ਜੋ ਕਾਰਜ ਸਿੱਖਾਂ ਦੀ ਸਿਰਮੌਰ ਸੰਸਥਾ ਨੂੰ ਕਰਨੇ ਚਾਹੀਦੇ ਸੀ ਉਹ ਸਾਨੂੰ ਕਰਨੇ ਪੈ ਰਹੇ ਹਨ
- ਹੁਣ ਅਸੀ ਸ਼ਹੀਦ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਲੜਾਈ ਲੜਾਂਗੇ: ਹਰਜਿੰਦਰ ਸਿੰਘ ਧਾਮੀ
ਸੁਖਜਿੰਦਰ ਸਿੰਘ ਪੰਜਗਰਾਈਂ
ਪੰਜਗਰਾਈਂ ਕਲਾਂ/ਬਰਗਾੜੀ,14 ਜਨਵਰੀ 2022 - ਬਰਗਾੜੀ ਬੇਅਦਬੀ ਕਾਂਡ ਤੇ ਬਹਿਬਲ ਕਲਾਂ ਗੋਲੀਕਾਂਡ ਦਾ ਇਨਸਾਫ ਲੈਣ ਲਈ ਬਹਿਬਲ ਕਲਾਂ ਵਿਖੇ ਸ਼ਹੀਦੀ ਸਥਾਨ ਤੇ ਸ਼ਹੀਦ ਪਰਿਵਾਰਾਂ ਚੋਂ ਭਾਈ ਸੁਖਰਾਜ ਸਿੰਘ ਨਿਆਮੀ ਵਾਲਾ ਤੇ ਭਾਈ ਸਾਧੂ ਸਿੰਘ ਸਰਾਵਾਂ ਵੱਲੋਂ ਅਣਮਿੱਥੇ ਸਮੇਂ ਲਈ ਲਗਾਇਆ ਹੋਇਆ ਰੋਸ ਇਨਸਾਫ ਮੋਰਚਾ ਅੱਜ 29ਵੇਂ ਦਿਨ ਵਿੱਚ ਸ਼ਾਮਲ ਹੋ ਗਿਆ। ਇਸ ਮੋਰਚੇ ਵਿੱਚ ਜਿੱਥੇ ਵੱਖ-ਵੱਖ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਪਹੁੰਚ ਕੇ ਸ਼ਹੀਦ ਪਰਿਵਾਰਾਂ ਨੂੰ ਸਮਰਥਨ ਦੇ ਰਹੇ ਹਨ ਓਥੇ ਸਿੱਖ ਸੰਗਤਾਂ ਵੱਡੀ ਗਿਣਤੀ ਵਿੱਚ ਮੋਰਚੇ ਵਿੱਚ ਸ਼ਮੂਲੀਅਤ ਕਰਕੇ ਇਨਸਾਫ ਦੀ ਮੰਗ ਕਰ ਰਹੀਆਂ ਹਨ।
ਇਸੇ ਤਰ੍ਹਾਂ ਹੀ ਅੱਜ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਿਸ਼ੇਸ਼ ਤੌਰ ਤੇ ਮੋਰਚੇ ਵਿੱਚ ਹਮਾਇਤ ਦੇਣ ਲਈ ਪਹੁੰਚੇ। ਇਸ ਸਮੇਂ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਦੇ ਸਪੁੱਤਰ ਭਾਈ ਸੁਖਰਾਜ ਸਿੰਘ ਨਿਆਮੀਵਾਲਾ ਨੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਮੋਰਚੇ ਵਿੱਚ ਪਹੁੰਚਣ ਤੇ ਸੁਆਲ ਕਰਦਿਆਂ ਕਿਹਾ ਕਿ ਜੋ ਕਾਰਜ ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਫ਼ੀ ਸਮਾਂ ਪਹਿਲਾਂ ਕਰਨੇ ਚਾਹੀਦੇ ਸਨ ਅੱਜ ਪ੍ਰਬੰਧਕ ਕਮੇਟੀ ਦੀ ਨਾਲਾਇਕੀ ਕਾਰਨ ਉਹ ਸਾਨੂੰ ਕਰਨੇ ਪੈ ਰਹੇ ਹਨ।
ਭਾਈ ਸੁਖਰਾਜ ਸਿੰਘ ਨੇ ਕਿਹਾ ਕਿ ਪੰਥਕ ਸਰਕਾਰ ਦੇ ਹੁੰਦਿਆਂ ਜੋ ਬਰਗਾੜੀ ਬੇਅਦਬੀ ਕਾਂਡ ਤੇ ਬਹਿਬਲ ਕਲਾਂ ਗੋਲੀ ਕਾਂਡ ਵਾਪਰਿਆ ਹੈ ਜਿਸ ਵਿੱਚ ਮੇਰੇ ਪਿਤਾ ਜੀ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਸ਼ਹੀਦ ਭਾਈ ਗੁਰਜੀਤ ਸਿੰਘ ਸਰਾਂਵਾਂ ਦੀ ਜਾਨ ਗਈ ਅਤੇ ਉੱਪਰੋਂ ਪੰਥਕ ਸਰਕਾਰ ਅੱਜ ਤੱਕ ਗੋਲੀ ਮਾਰਨ ਵਾਲੇ ਪੁਲਿਸ ਅਫਸਰਾਂ ਨੂੰ ਅਣਪਛਾਤੀ ਪੁਲਿਸ ਦੱਸ ਰਹੀ ਹੈ। ਜਿਸਦੀ ਪੈਰਵਾਈ ਸਾਡੀ ਸਿਰਮੌਰ ਸੰਸਥਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਰਨੀ ਚਾਹੀਦੀ ਸੀ ਤੇ ਉਹਨਾਂ ਪ੍ਰਧਾਨ ਸਾਹਬ ਨੂੰ ਕਿਹਾ ਕੇ ਤੁਹਾਡੀ ਢਿੱਲ ਕਾਰਨ ਹੀ ਸਾਨੂੰ ਇਨਸਾਫ਼ ਲੈਣ ਲਈ ਦਰ ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ।
ਸਾਰੀਆਂ ਗੱਲਾਂ ਨੂੰ ਸੁਣਕੇ ਅਤੇ ਕਮੇਟੀ ਦੀ ਢਿੱਲੀ ਕਾਰਗੁਜ਼ਾਰੀ ਨੂੰ ਸਵੀਕਾਰ ਕਰਦਿਆਂ ਪ੍ਰਧਾਨ ਧਾਮੀ ਨੇ ਕਿਹਾ ਕਿ ਉਹ ਅੱਜ ਤੋਂ ਬਾਅਦ ਤੁਹਾਡੇ ਨਾਲ ਹਨ ਅਤੇ ਆਪਣੀ ਡਿਊਟੀ ਸਮਝਦੇ ਹੋਏ ਇਨਸਾਫ਼ ਲਈ ਲੜਾਈ ਲੜਨਗੇ ਅਤੇ ਮਾਘੀ ਮੇਲੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੇਲੇ ਉਪਰੰਤ ਕਮੇਟੀ ਦੀ ਮੀਟਿੰਗ ਵੀ ਸੱਦੀ ਜਾਵੇਗੀ ਅਤੇ ਦੁਬਾਰਾ ਫੇਰ ਇਨਸਾਫ਼ ਮੋਰਚੇ ਵਿੱਚ ਸ਼ਾਮਿਲ ਹੋਣਗੇ, ਉਹਨਾਂ ਇਨਸਾਫ਼ ਮੋਰਚੇ ਦਾ ਭਰਪੂਰ ਸਮਰੱਥਨ ਕਰਦੇ ਹੋਏ ਕਿਹਾ ਕਿ ਉਹ ਹਰ ਸੰਭਵ ਸਹਾਇਤਾ ਕਰਨਗੇ। ਜਿਕਰਯੋਗ ਹੈ ਕੇ 2015 ਤੋਂ ਬਰਗਾੜੀ ਬੇਅਦਬੀ ਕਾਂਡ ਤੇ ਬਹਿਬਲ ਕਲਾਂ ਗੋਲੀਕਾਂਡ ਵਾਪਰਨ ਤੋਂ ਲੈ ਕੇ ਹੁਣ ਤੱਕ ਸ੍ਰੋਮਣੀ ਪ੍ਰਬੰਧਕ ਕਮੇਟੀ ਦਾ ਕੋਈ ਵੀ ਨੁਮਾਇੰਦਾ ਸਿੱਖ ਸੰਗਤ ਵੱਲੋਂ ਇਨਸਾਫ ਲੈਣ ਲਈ ਲਗਾਏ ਗਏ ਮੋਰਚਿਆਂ ਵਿੱਚ ਨਾਂ ਕਦੇ ਸ਼ਾਮਲ ਹੋਇਆ ਤੇ ਨਾਂ ਹੀ ਸ਼ਹੀਦ ਪਰਿਵਾਰਾਂ ਦੀ ਕਦੇ ਸ੍ਰੋਮਣੀ ਕਮੇਟੀ ਨੇ ਸਾਰ ਲਈ ।
ਪ੍ਰਧਾਨ ਧਾਮੀ ਦੀ ਮੋਰਚੇ ਵਿੱਚ ਸ਼ਮੂਲੀਅਤ ਵੀ ਸਿਆਸਤ ਤੋਂ ਪ੍ਰੇਰਿਤ ਲੱਗ ਰਹੀ ਹੈ ਕਿਉਂ ਕੇ ਅਕਾਲੀ ਦਲ ਬਾਦਲ ਹੁਣ ਵਿਧਾਨ ਸਭਾ ਚੋਣਾਂ ਹੋਣ ਕਾਰਨ ਪੰਥ ਅੱਗੇ ਪੰਥਕ ਕਾਰਜਾਂ ਦਾ ਵਾਸਤਾ ਪਾ ਕੇ ਸਿਆਸੀ ਜਮੀਨ ਲੱਭ ਦਾ ਦਿਖਾਈ ਦੇ ਰਿਹਾ ਹੈ। ਇਸ ਮੋਰਚੇ ਵਿੱਚ ਬਾਪੂ ਸਾਧੂ ਸਿੰਘ ਸਰਾਂਵਾਂ, ਭਾਈ ਗੁਰਪ੍ਰੀਤ ਸਿੰਘ ਹਰੀ ਨੌਂ, ਮਹਿੰਦਰ ਸਿੰਘ, ਸੁਖਵਿੰਦਰ ਸਿੰਘ ਸਿੱਧੂ, ਅਮਨਦੀਪ ਸਿੰਘ ਪੰਜਗਰਾਂਈ, ਬਸੰਤ ਸਿੰਘ ਦੌਲਤਪੁਰਾ, ਭਾਈ ਕੁਲਵੰਤ ਸਿੰਘ ਰਾਊਕੇ ਜਿਲ੍ਹਾ ਪ੍ਰਧਾਨ ਫੈਡਰੇਸ਼ਨ ਮੋਗਾ,ਅਮਨਦੀਪ ਸਿੰਘ ਕੋਟਕਪੂਰਾ ਆਦਿ ਨੇ ਹਾਜ਼ਰੀ ਲਵਾਈ।