ਸੁਰਜੀਤ ਰੱਖੜਾ ਅਤੇ ਬਿੱਟੂ ਚੱਠਾ ਨੇ ਲਿਆ ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਤੋਂ ਆਸ਼ੀਰਵਾਦ
- ਰੱਖੜਾ ਪਰਿਵਾਰ ਦਾ ਮੈਂ ਹਮੇਸ਼ਾ ਸਤਿਕਾਰ ਕਰਦਾ ਹਾਂ : ਢਡਰੀਆਂ ਵਾਲੇ
ਜਗਤਾਰ ਸਿੰਘ
ਪਟਿਆਲਾ, 21 ਜਨਵਰੀ 2022 - ਪੰਜਾਬ ਦੇ ਸਾਬਕਾ ਅਕਾਲੀ ਕੈਬਨਿਟ ਮੰਤਰੀ ਅਤੇ ਸਮਾਣਾ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਅਤੇ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਨੇ ਅੱਜ ਵਿਸ਼ੇਸ਼ ਤੌਰ 'ਤੇ ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਦਾ ਆਸੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਸੀਨੀਅਰ ਅਕਾਲੀ ਨੇਤਾ ਚਰਨਜੀਤ ਸਿੰਘ ਰੱਖੜਾ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਐਸਜੀਪੀਸੀ ਮੈਂਬਰ ਕੁਲਦੀਪ ਸਿੰਘ ਨੱਸੂਪੁਰ, ਜਸਪਾਲ ਸਿੰਘ ਕਲਿਆਣ ਸਾਬਕਾ ਚੇਅਰਮੈਨ, ਬਲਵੰਤ ਸਿੰਘ ਸਾਬਕਾ ਸਰਪੰਚ ਚੂਹੜਪੁਰ, ਸਰਕਲ ਪ੍ਰਧਾਨ ਜਗਰੂਪ ਸਿੰਘ ਫਤਿਹਪੁਰ ਵੀ ਹਾਜਰ ਸਨ।
ਇਸ ਮੌਕੇ ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਨੇ ਲੰਬਾ ਸਮਾਂ ਸੁਰਜੀਤ ਸਿੰਘ ਰੱਖੜਾ ਨਾਲ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਇਸ ਮੌਕੇ ਆਖਿਆ ਕਿ ਰੱਖੜਾ ਪਰਿਵਾਰ ਦਾ ਉਹ ਹਮੇਸ਼ਾ ਸਤਿਕਾਰ ਕਰਦੇ ਹਨ ਕਿਉਂਕਿ ਇਸ ਪਰਿਵਾਰ ਨੇ ਹਮੇਸ਼ਾ ਹੀ ਸਮਾਜ ਸੇਵਾ ਦੀ, ਕਿਸਾਨੀ ਹਿਤਾਂ ਦੀ ਅਤੇ ਇਨਸਾਨੀਅਤ ਦੇ ਰਿਸ਼ਤਿਆਂ ਦੀ ਗੱਲ ਕੀਤੀ ਹੈ। ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਬਹੁਤ ਹੀ ਉੱਚ ਕੋਟੀ ਦਾ ਪ੍ਰਚਾਰ ਕਰ ਰਹੇ ਹਨ, ਜਿਨ੍ਹਾਂ ਨੇ ਹਮੇਸ਼ਾ ਹੀ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਦੀ ਗੱਲ ਕੀਤੀ ਹੈ। ਰੱਖੜਾ ਨੇ ਆਖਿਆ ਕਿ ਭਾਈ ਸਾਹਿਬ ਦੇ ਆਸ਼ੀਰਵਾਦ ਦੀ ਬੜੀ ਵੱਡੀ ਲੋੜ ਸੀ, ਇਸ ਲਈ ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ।
ਰੱਖੜਾ ਨੇ ਆਖਿਆ ਕਿ ਅੱਜ ਪੰਜਾਬ ਅੰਦਰ ਅਕਾਲੀ, ਬਸਪਾ ਪੱਖੀ ਹਵਾ ਚੱਲ ਰਹੀ ਹੈ ਤੇ ਪੰਜਾਬ ਮੁੜ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਤਿਆਰ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਤੇ ਆਪ ਨੂੰ ਪੰਜਾਬ ਅੰਦਰ ਕੁੱਝ ਵੀ ਨਹੀਂ ਮਿਲਣ ਵਾਲਾ, ਇਨ੍ਹਾਂ ਦੇ ਉਮੀਦਵਾਰਾਂ ਦੀਆਂ ਜਮਾਨਤਾਂ ਵੀ ਜਬਤ ਹੋ ਜਾਣਗੀਆਂ। ਉਨ੍ਹਾਂ ਆਖਿਆ ਕਿ ਹਲਕਾ ਸਮਾਣਾ ਵਿੰਚ ਅਕਾਲੀ ਦਲ ਨੂੰ ਵੱਡੀ ਜਿੱਤ ਪ੍ਰਾਪਤ ਹੋਵੇਗੀ ਤੇ ਵਿਰੋਧੀਆਂ ਦੀਆਂ ਜਮਾਨਤਾਂ ਵੀ ਜਬਤ ਹੋ ਜਾਣਗੀਆਂ।