"ਮੈਨੂੰ ਵੋਟ ਪਾਉਣ ਦਾ ਅਰਥ ਸਭਨਾਂ ਮੋਗਾ ਵਾਸੀਆਂ ਲਈ ਆਪਣੇ ਆਪ ਨੂੰ ਵੋਟ ਪਾਉਣਾ ਹੈ": ਮਾਲਵਿਕਾ ਸੂਦ
ਮੋਗਾ 24 ਜਨਵਰੀ 2022- ਪਿੰਡ ਖੁਕਰਾਣਾ ਵਿਖੇ ਸਰਪੰਚ ਸ਼੍ਰੀਮਤੀ ਕੁਲਵੰਤ ਕੌਰ ਦੇ ਘਰ ਵਿਖੇ ਮੋਗਾ ਹਲਕੇ ਤੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼੍ਰੀਮਤੀ ਮਾਲਵਿਕਾ ਸੂਦ ਅਤੇ ਉਹਨਾਂ ਦੇ ਵੱਡੇ ਭਰਾ ਸੋਨੂੰ ਸੂਦ ਅਗਾਮੀ ਚੋਣਾਂ ਅਤੇ ਮੋਗਾ ਹਲਕੇ ਦੇ ਵਿਕਾਸ ਅਤੇ ਭਲਾਈ ਬਾਬਤ ਇੱਕ ਅਹਿਮ ਬੈਠਕ ਕਰਨ ਲਈ ਪਹੁੰਚੇ। ਇਸ ਮੌਕੇ ਸ. ਗੁਰਤੇਜ ਸਿੰਘ, ਸੀਨੀਅਰ ਕਾਂਗਰਸੀ ਆਗੂ ਸ. ਸੁਖਦੇਵ ਸਿੰਘ ਖੋਸਾ, ਮਾਰਕਿਟਿੰਗ ਸੁਸਾਇਟੀ ਚੇਅਰਮੈਨ ਉਪਿੰਦਰ ਸਿੰਘ, ਯੋਜਨਾ ਬੋਰਡ ਚੇਅਰਮੈਨ ਸ. ਇੰਦਰਜੀਤ ਸਿੰਘ ਗਿੱਲ, ਐਮ.ਸੀ. ਸ. ਇੰਦਰਜੀਤ ਸਿੰਘ ਗਿੱਲ, ਐਮ.ਸੀ. ਮਨਜੀਤ ਸਿੰਘ ਮਾਨ, ਜ਼ਿਲ੍ਹਾ ਪਰਿਸ਼ਦ ਮੈਂਬਰ ਸ. ਹਰਭਜਨ ਸਿੰਘ, ਸਰਪੰਚ ਕੋਰੇਵਾਲਾ ਖੁਰਦ ਚਰਨਜੀਤ ਸਿੰਘ ਵੀ ਹਾਜ਼ਰ ਸਨ।
ਸਾਬਕਾ ਐਮ.ਸੀ. ਮਨਜੀਤ ਸਿੰਘ ਮਾਨ ਨੇ ਸਭਨਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਵਿੱਚ ਕਾਂਗਰਸ ਸਰਕਾਰ ਵੱਲੋਂ ਕਰਵਾਏ ਗਏ ਕੰਮਾਂ ਅਤੇ ਅਹਿਮ ਫੈਸਲਿਆਂ ਬਾਬਤ ਜਾਗਰੁਕ ਕੀਤਾ। ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਬੜੀ ਦੂਰ ਅੰਦੇਸ਼ੀ ਨਾਲ ਵੇਖ ਕੇ ਮਾਲਵਿਕਾ ਸੂਦ ਨੂੰ ਟਿਕਟ ਦਿੱਤੀ ਹੈ। ਕਾਂਗਰਸ ਨੇ ਲੋਕ ਹਿੱਤ ਵਿੱਚ ਬਹੁਤ ਕੰਮ ਕੀਤੇ ਜਿਵੇਂ ਕਿ ਸ਼ਗਨ ਸਕੀਮ, ਰੇਤਾ ਸਾਢੇ ਪੰਜ ਰੁਪਏ ਪ੍ਰਤੀ ਫੁੱਟ, ਬਿੱਲਾਂ ਵਿੱਚ 3ਰੁਪਏ ਪ੍ਰਤੀ ਯੂਨਿਟ ਦੀ ਕਟੌਤੀ, ਬਿੱਲ ਮੁਆਫ, 1500 ਰੁਪਏ ਪੈਨਸ਼ਨ ਆਦਿ।
ਮਾਲਵਿਕਾ ਸੂਦ ਨੇ ਦੱਸਿਆ ਕਿ ਕਿਵੇਂ ਉਹਨਾਂ ਦਾ ਪਰਿਵਾਰ ਮੁੱਢ ਤੋਂ ਜਨ ਸੇਵਾ ਵਿੱਚ ਰਿਹਾ ਹੈ ਅਤੇ ਉਹਨਾਂ ਨੂੰ ਵੋਟ ਪਾਉਣ ਦਾ ਅਰਥ ਹਰ ਮੋਗਾ ਵਾਸੀ ਲਈ ਆਪਣੇ ਆਪ ਨੂੰ ਵੋਟ ਪਾਉਣਾ ਹੈ। ਮਾਲਵਿਕਾ ਸੂਦ ਨੇ ਕਿਹਾ "ਮੇਰੇ ਮਾਤਾ ਜੀ ਮੋਗਾ ਦੇ ਡੀ.ਐਮ. ਕਾਲਜ ਵਿੱਚ ਪ੍ਰੋਫੈਸਰ ਸਨ ਅਤੇ ਬੱਚਿਆਂ ਨੂੰ ਮੁਫ਼ਤ ਵੀ ਪੜ੍ਹਾਇਆ ਕਰਦੇ ਸਨ।
ਅਸੀਂ ਪਿੰਡਾਂ ਵਿੱਚ ਜਾ ਜਾ ਕੇ ਉਹ ਘਰ ਲੱਭੇ ਜਿੱਥੇ ਰਾਸ਼ਨ ਨਹੀਂ ਸੀ ਅਤੇ ਉਹਨਾਂ ਘਰਾਂ ਵਿੱਚ ਰਾਸ਼ਨ ਵੰਡਿਆ ਕਿ ਕਿਤੇ ਕੋਈ ਭੁੱਖਾ ਨਾ ਰਹਿ ਜਾਵੇ। ਜੋ ਫੀਸਾਂ ਨਾ ਭਰਨ ਕਾਰਨ ਪੜ੍ਹਾਈ ਛੱਡ ਘਰੇ ਬੈਠਣ ਵਾਲੇ ਸਨ ਉਹਨਾਂ ਦੀਆਂ ਫੀਸਾਂ ਭਰ ਕੇ ਉਹਨਾਂ ਦੀ ਪੜ੍ਹਾਈ ਦੁਬਾਰਾ ਚਾਲੂ ਕਰਵਾਈ। ਲੋੜਵੰਦ ਮਰੀਜ਼ਾਂ ਦੇ ਇਲਾਜ਼ ਕਰਵਾਏ। ਅਸੀਂ ਰਾਜਨੀਤੀ ਨਹੀਂ, ਸੇਵਾਨੀਤੀ ਕਰਨ ਲਈ ਚੋਣਾਂ ਵਿੱਚ ਉੱਤਰੇ ਹਾਂ। ਮੈਨੂੰ ਵੋਟ ਪਾਉਣ ਦਾ ਅਰਥ ਹਰ ਮੋਗਾ ਹਲਕਾ ਵਾਸੀ ਲਈ ਆਪਣੇ ਆਪ ਨੂੰ ਵੋਟ ਪਾਉਣਾ ਹੈ, ਆਪਣੇ ਭਵਿੱਖ ਨੂੰ ਵੋਟ ਪਾਉਣਾ ਹੈ।" ਸਭਨਾਂ ਪਿੰਡ ਵਾਸੀਆਂ ਨੇ ਮਾਲਵਿਕਾ ਸੂਦ ਨੂੰ ਵੱਧ ਚੜ੍ਹ ਕੇ ਆਪਣੇ ਸਮਰਥਨ ਦਾ ਇਜ਼ਹਾਰ ਕੀਤਾ।