ਦੀਪਕ ਗਰਗ
ਕੋਟਕਪੂਰਾ, 24 ਜਨਵਰੀ 2022 :- ਸਥਾਨਕ ਮੁਹੱਲਾ ਰਾਮਗੜੀਆ ਵਿਖੇ ਸਥਿੱਤ ਗੁਰਦਵਾਰਾ ਸਾਹਿਬ ਵਿੱਚ ਗੁੁੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸੰਗਤਾਂ, ਸ਼ਰਧਾਲੂਆਂ, ਮੁਹੱਲਾ ਵਾਸੀਆਂ ਤੇ ਆਮ ਲੋਕਾਂ ਨੂੰ ਵਿਦਿਆਰਥੀਆਂ ਦੀ ਮੰਗ ਅਨੁਸਾਰ ‘ਚਾਰ ਸਾਹਿਬਜਾਦੇ’ ਫਿਲਮ ਦਿਖਾਈ ਗਈ। ਖੇਤਰ ਸਕੱਤਰ ਜਗਮੋਹਨ ਸਿੰਘ ਅਤੇ ਕੋਆਰਡੀਨੇਟਰ ਮਲਕੀਤ ਸਿੰਘ ਮੁਤਾਬਿਕ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੇ ਕੜਾਕੇ ਦੀ ਠੰਡ ਦੇ ਬਾਵਜੂਦ ਵੀ ਫਿਲਮ ਦਾ ਆਨੰਦ ਮਾਣਿਆਂ ’ਤੇ ਸਿੱਖ ਇਤਿਹਾਸ ਸਬੰਧੀ ਆਪਣੇ ਗਿਆਨ ਵਿੱਚ ਵਾਧਾ ਕੀਤਾ। ਉਨਾਂ ਦੱਸਿਆ ਕਿ ਭਾਵੇਂ ਪਿਛਲੇ ਮਹੀਨੇ ਦਸੰਬਰ ਵਿੱਚ ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ’ਚ ਸਾਹਿਬਜਾਦਿਆਂ ਸਮੇਤ ਹੋਰ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਪ੍ਰੋਗਰਾਮ ਕਰਵਾਏ ਗਏ ਪਰ ਚਾਰ ਸਾਹਿਬਜਾਦੇ ਫਿਲਮ ਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਆਮ ਲੋਕਾਈ ਨੂੰ ਦੇਣ, ਕੁਰਬਾਨੀ ਅਤੇ ਸ਼ਹਾਦਤ ਤੋਂ ਇਲਾਵਾ ਚਾਰ ਸਾਹਿਬਜਾਦਿਆਂ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਬਾਰੇ ਵੱਡਮੁੱਲੀ ਜਾਣਕਾਰੀ ਮਿਲਦੀ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸਤਨਾਮ ਸਿੰਘ ਅਤੇ ਪ੍ਰੋਭਪ੍ਰੀਤ ਸਿੰਘ ਸਮੇਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਹੋਰ ਵੀ ਅਨੇਕਾਂ ਸੇਵਾਦਾਰ ਵੀਰ-ਭੈਣਾ ਹਾਜਰ ਸਨ।