ਬੰਦੀ ਸਿੰਘਾਂ ਦੀ ਰਿਹਾਈ ਲਈ ਰਾਸ਼ਟਰੀ ਬੀ ਸੀ ਮੋਰਚਾ ਵੱਲੋਂ 31 ਜਨਵਰੀ ਨੂੰ ਭਾਰਤ ਬੰਦ- ਹਵਾਰਾ ਕਮੇਟੀ ਵੱਲੋਂ ਹਮਾਇਤ ਦਾ ਐਲਾਨ
ਕੁਲਵਿੰਦਰ ਸਿੰਘ
ਅੰਮ੍ਰਿਤਸਰ 24 ਜਨਵਰੀ 2022: ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਰਾਸ਼ਟਰੀ ਪਿਛੜਾ ਵਰਗ ਮੋਰਚਾ ਵੱਲੋਂ 31 ਜਨਵਰੀ ਨੂੰ ਭਾਰਤ ਬੰਦ ਦਾ ਪੂਰਨ ਸਮਰਥਨ ਕੀਤਾ ਹੈ।ਬਾਮਸੇਫ ਦੇ ਸੁਪਰੀਮੋ ਵਾਮਨ ਮੇਸ਼ਰਾਮ ਨੇ ਭਾਰਤ ਮੁਕਤੀ ਮੋਰਚਾ ਅਤੇ ਬਹੁਜਨ ਕ੍ਰਾਂਤੀ ਮੋਰਚਾ ਦੇ ਸਹਿਯੋਗ ਨਾਲ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਦੇ ਨਾਲ ਨਾਲ ਹੋਰ ਮੰਗਾ ਨੂੰ ਲੈਕੇ ਭਾਰਤ ਬੰਦ ਦਾ ਸੱਦਾ ਦਿੱਤਾ ਹੋਇਆ ਹੈ। ਕਮੇਟੀ ਆਗੂ ਐਡਵੋਕੇਟ ਅਮਰ ਸਿੰਘ ਚਾਹਲ,ਪ੍ਰੋਫੈਸਰ ਬਲਜਿੰਦਰ ਸਿੰਘ,ਬਾਪੂ ਗੁਰਚਰਨ ਸਿੰਘ,ਐਡਵੋਕੇਟ ਦਿਲਸ਼ੇਰ ਸਿੰਘ ਜੰਡਿਆਲਾ ਅਤੇ ਮਹਾਬੀਰ ਸਿੰਘ ਸੁਲਤਾਨਵਿੰਡ ਨੇ ਕਿਹਾ ਕਿ ਸਜ਼ਾ ਪੁਰੀ ਕਰ ਚੁੱਕੇ ਬੰਦੀਆਂ ਨੂੰ ਗਵਰਨਰ ਸੰਵਿਧਾਨ ਦੀ ਧਾਰਾ 161 ਅਤੇ ਰਾਸ਼ਟਰਪਤੀ ਧਾਰਾ 72 ਅਧੀਨ ਬਿਨਾ ਅਦਾਲਤ ਦੀ ਦਖਲ ਅੰਦਾਜੀ ਦੇ ਫ਼ੌਰਨ ਛੱਡ ਸਕਦੇ ਹਨ।ਉਨ੍ਹਾਂ ਨੂੰ ਜੇਲ੍ਹ ਦੀ ਕਾਲ ਕੋਠੜੀ ਤੋਂ ਰਿਹਾ ਕਰਨਾ ਸਰਕਾਰ ਦੀ ਸੰਵਿਧਾਨਿਕ ਜ਼ਿੰਮੇਵਾਰੀ ਹੈ।ਕਾਨੂੰਨ ਮੁਤਾਬਕ ਸਜ਼ਾ ਪੂਰੀ ਹੋਣ ਬਾਅਦ ਬੰਦੀ ਸਿੰਘ ਸਮਾਜ ਦੇ ਸਤਿਕਾਰਤ ਨਾਗਰਿਕ ਹਨ।ਕਮੇਟੀ ਆਗੂ ਸੁਖਰਾਜ ਸਿੰਘ ਵੇਰਕਾ ਤੇ ਬਲਦੇਵ ਸਿੰਘ ਨਵਾਪਿੰਡ ਨੇ ਮਨੁੱਖੀ ਅਧਿਕਾਰਾਂ ਦਾ ਸਤਿਕਾਰ ਕਰਨ ਵਾਲੇ ਸਾਰੇ ਧਰਮਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਬੰਦ ਨੂੰ ਸ਼ਾਤਮਈ ਢੰਗ ਨਾਲ ਸਫਲ ਬਜਾਉਣ ਲਈ ਆਪਣਾ ਯੋਗਦਾਨ ਪਾਉਣ ਤਾਂ ਜੋ ਬੰਦੀ ਸਿੰਘਾ ਦੀ ਰਿਹਾਈ ਸੰਭਵ ਹੋ ਸਕੇ।