ਜਦੋਂ ਸਾਬਕਾ ਪ੍ਰਧਾਨ ਨਗਰ ਕੌਂਸਲ ਨੇ ਆਪਣੇ ਆਪ ਨੂੰ ਸੰਗਲਾਂ ਚ ਜਕੜ ਕੇ ਕੀਤਾ ਰੋਸ ਪ੍ਰਦਰਸ਼ਨ
ਕੌਂਸਲਰ ਰਾਜਾ ਅਤੇ ਕੋਂਸਲਰ ਪੂਨੀਆ ਹੋਏ ਅਕਾਲੀ ਦਲ ਛੱਡ ਕੇ ਆਪ ਚ ਸ਼ਾਮਿਲ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 25 ਜਨਵਰੀ 2022- ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ ਖਿਲਾਫ ਫਿਰਕੂ ਭਾਵਨਾਵਾਂ ਭਵਕਾਉਣ ਦਾ ਪਰਚਾ ਦਰਜ ਕਰਨਾ ਬੇਸ਼ੱਕ ਪੁਲਸ ਪ੍ਰਸਾਸ਼ਨ ਦਾ ਇੱਕ ਸ਼ਲਾਘਾਯੋਗ ਕਦਮ ਹੈ ਪਰ ਸਾਡੀ ਮੰਗ ਹੈ ਕਿ ਪੁਲਸ ਉਸ ਨੂੰ ਗ੍ਰਿਫਤਾਰ ਕਰੇ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਮਾਲੇਰਕੋਟਲਾ ਤੋਂ ਉਮੀਦਵਾਰ ਚੌਧਰੀ ਜਮੀਲ ਉਰ ਰਹਿਮਾਨ ਨੇ ਸਥਾਨਕ ਸਬਜ਼ੀ ਮੰਡੀ ਵਿਖੇ ਸਾਬਕਾ ਪ੍ਰਧਾਨ ਨਗਰ ਕੌਂਸਲ ਮਾਲੇਰਕੋਟਲਾ ਅਤੇ ਮੌਜੂਦਾ ਕੌਂਸਲਰ ਸਾਕਿਬ ਅਲੀ ਰਾਜਾ ਅਤੇ ਉਨਾਂ ਦੀ ਭੈਣ ਅਤੇ ਮੌਜੂਦਾ ਕੌਂਸਲਰ ਪੂਨੀਆ ਨੂੰ ਪਾਰਟੀ ਚ ਸ਼ਮੂਲੀਅਤ ਕਰਵਾਉਣ ਉਪਰੰਤ ਆਪਣੇ ਸੰਬੋਧਨ ਦੌਰਾਨ ਕੀਤਾ।ਉਨਾਂ ਕਿਹਾ ਕਿ ਪਾਰਟੀ ਚ ਸ਼ਾਮਿਲ ਹੋਣ ਵਾਲੇ ਭੈਣ ਭਰਾ ਨੂੰ ਬਣਦਾ ਮਾਨ ਸਤਿਕਾਰ ਦਿੱਤਾ ਜਾਵੇਗਾ।ਦੱਸਣਾ ਬਣਦਾ ਹੈ ਕਿ ਅੱਜ ਸਵੇਰੇ ਹੀ ਸਾਕਿਬ ਅਲੀ ਰਾਜਾ ਸਥਾਨਕ ਸਰਹੰਦੀ ਗੇਟ ਚੌਕ ਤੋਂ ਆਪਣੇ ਸਾਥੀਆਂ ਸਮੇਤ ਆਪਣੇ ਗਲ ਚ ਸੰਗਲ ਪਾ ਕੇ ਪੈਦਲ ਮਾਰਚ ਕਰਦੇ ਹੋਏ ਸਬਜ਼ੀ ਮੰਡੀ ਤੱਕ ਪੁੱਜੇ।
ਗੱਲਬਾਤ ਦੌਰਾਨ ਉਨਾਂ ਕਿਹਾ ਕਿ ਉਨਾਂ ਦਾ ਸੰਗਲ ਪਾਉਣ ਦਾ ਮਕਸਦ ਮੁਸਤਫਾ ਵੱਲੋਂ ਦਿੱਤੀ ਜਾ ਰਹੀ ਉਸ ਗੁਲਾਮੀ ਨੂੰ ਦਰਸਾਉਣਾ ਹੈ ਜੋ ਮਾਲੇਰਕੋਟਲਾ ਵਾਸੀ ਪਿਛਲੇ 20 ਸਾਲਾਂ ਤੋਂ ਬਰਦਾਸ਼ਤ ਕਰਨ ਨੂੰ ਮਜਬੂਰ ਹਨ।ਉਨਾਂ ਦੱਸਿਆ ਕਿ ਹੁਣ ਮੁਸਤਫਾ ਦਾ ਹੰਕਾਰ ਟੁੱਟ ਚੁੱਕਾ ਹੈ ਅਤੇ ਉਹ ਹੋਰਾਂ ਤੇ ਝੂਠੇ ਸੱਚੇ ਪਰਚੇ ਕਰਵਾਉਣ ਦੀਆਂ ਗੱਲਾਂ ਕਰਦਾ ਸੀ ਅੱਜ ਉਸ ਦੇ ਖਿਲਾਫ ਹੀ ਪਰਚਾ ਦਰਜ ਹੋ ਗਿਆ ਹੈ।ਉਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਮੁਸਤਫਾ ਦਾ ਬਿਸਤਰਾ ਗੋਲ ਕਰਨ ਲਈ ਪਾਰਟੀ ਬਾਜ਼ੀ ਤੋਂ ਉਪਰ ਉੱਠ ਕੇ ਇੱਕ ਪਲੇਟ ਫਾਰਮ ਤੇ ਇੱਕਠੇ ਹੋਣ ਨਹੀਂ ਤਾਂ ਫਿਰ ਹੋਰ ਪੰਜ ਸਾਲਾਂ ਦੀ ਨਰਕ ਨੁਮਾ ਜ਼ਿੰਦਗੀ ਬਤੀਤ ਕਰਨ ਲਈ ਤਿਆਰ ਰਹਿਣ।ਕਾਬਲੇ ਜ਼ਿਕਰ ਹੈ ਕਿ ਸਾਕਿਬ ਅਲੀ ਰਾਜਾ ਅਤੇ ਉਨਾਂ ਦੀ ਭੈਣ ਪੂਨੀਆ ਅਕਾਲੀ ਦਲ ਛੱਡ ਕੇ “ਆਪ” ਚ ਸ਼ਾਮਿਲ ਹੋਏ ਹਨ ਜਦੋਂਕਿ ਇਸ ਤੋਂ ਪਹਿਲਾਂ ਆਜ਼ਾਦ ਤੌਰ ਤੇ ਚੋਣ ਲੜੇ ਮੌਜੂਦਾ ਕੌਂਸਲਰ ਕਾਮਰੇਡ ਮੁਹੰਮਦ ਇਸਮਾਇਲ ਤੋਂ ਇਲਾਵਾ ਦੋ ਕਾਂਗਰਸੀ ਕੋਂਸਲਰ ਸ਼ਫੀਆ ਇਕਬਾਲ ਅਤੇ ਅਕਬਰ ਅਲੀ ਭੋਲੀ ਵੀ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਚੁੱਕੇ ਹਨ।