ਪੰਜਾਬ ਵਾਤਾਵਰਨ ਚੇਤਨਾ ਲਹਿਰ ਵਲੋਂ ਚੋਣਾਂ ’ਚ ਵਾਤਾਵਰਨ ਨੂੰ ਮੁੱਖ ਵੋਟ ਮੁੱਦਾ ਬਣਾਉਣ ਦੀ ਮੰਗ
- ਕਾਹਨ ਸਿੰਘ ਪੰਨੂੰ, ਗਿਆਨੀ ਕੇਵਲ ਸਿੰਘ ਤੇ ਗੁਰਪ੍ਰੀਤ ਸਿੰਘ ਚੰਦਬਾਜਾ ਵਲੋਂ ਅਪੀਲ
ਦੀਪਕ ਗਰਗ
ਕੋਟਕਪੂਰਾ, 25 ਜਨਵਰੀ 2022 :- ਪੰਜਾਬ ਵਾਤਵਰਨ ਚੇਤਨਾ ਲਹਿਰ ਦੇ ਮੈਂਬਰਾਂ ਨੇ ਪੰਜਾਬ ਦੀਆਂ ਚੋਣਾਂ ਲੜ ਰਹੀਆਂ ਵੱਖ ਵੱਖ ਸਿਆਸੀ ਤੇ ਗੈਰ ਸਿਆਸੀ ਪਾਰਟੀਆਂ ਨੂੰ ਆਪਣੇ ਚੋਣ ਮਨੋਰਥ ਪੱਤਰਾਂ ’ਚ ਪਾਣੀ, ਹਵਾ ਅਤੇ ਸਵੱਛ ਵਾਤਾਵਰਣ ਨੂੰ ਪ੍ਰਮੁੱਖ ਮੁੱਦਾ ਬਣਾਉਣ ਲਈ ਕਿਹਾ ਹੈ। ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਆਪਣੇ ਗ੍ਰੀਨ ਮੈਨੀਫੈਸਟੋ ਬਾਰੇ ਗੱਲਬਾਤ ਕਰਦਿਆਂ ਜਥੇਬੰਦੀ ਦੇ ਮੈਂਬਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਕਿਹਾ ਕਿ ਪੰਜਾਬ ਨੂੰ ਹਵਾ, ਪਾਣੀ ਅਤੇ ਭੋਜਨ ਦੇ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਕਰਕੇ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ ਅਤੇ ਇਸ ਨੂੰ ਸ਼ੁੱਧ ਹਵਾ, ਪਾਣੀ ਅਤੇ ਭੋਜਨ ਦੀ ਲੋੜ ਇਸ ਸਮੇਂ ਕਿਸੇ ਵੀ ਹੋਰ ਚੀਜ ਨਾਲੋਂ ਵੱਧ ਹੈ ਅਤੇ ਇਸ ਲਈ ਸਾਰੀਆਂ ਰਾਜਨੀਤਿਕ ਧਿਰਾਂ ਨੂੰ ਮੁਫਤ ਦੀਆਂ ਪੇਸ਼ਕਸ਼ਾਂ ਦੀ ਬਜਾਇ ਇਸ ਮਹੱਤਵਪੂਰਣ ਜਰੂਰਤ ’ਤੇ ਧਿਆਨ ਦੇਣਾ ਚਾਹੀਦਾ ਹੈ।
ਪੰਜਾਬ ਵਾਤਾਵਰਣ ਚੇਤਨਾ ਲਹਿਰ ਦੇ ਕਨਵੀਨਰ ਕਾਹਨ ਸਿੰਘ ਪੰਨੂੰ ਆਈ.ਏ.ਐੱਸ. ਸਾਬਕਾ ਚੇਅਰਮੈਨ ਪੀ.ਪੀ.ਸੀ.ਬੀ. ਅਤੇ ਸਕੱਤਰ ਖੇਤੀਬਾੜੀ ਵਿਭਾਗ ਪੰਜਾਬ ਨੇ ਕਿਹਾ ਕਿ ਪੰਜਾਬ ਦੇ ਧਰਤੀ ਹੇਠਲੇ ਪਾਣੀ ਦਾ ਪੱਧਰ ਹਰ ਸਾਲ ਡਿੱਗਦਾ ਜਾ ਰਿਹਾ ਹੈ ਅਤੇ ਹੁਣ ਸਾਡੇ ਕੋਲ ਸਿਰਫ 17 ਸਾਲ ਦਾ ਧਰਤੀ ਹੇਠਲਾ ਪਾਣੀ ਬਚਿਆ ਹੈ, ਜੇਕਰ ਸਰਕਾਰ ਨੇ ਇਸ ਨੂੰ ਰੋਕਣ ਲਈ ਕੋਈ ਹੰਗਾਮੀ ਕਦਮ ਨਾ ਚੁੱਕੇ ਤਾਂ ਪੰਜਾਬ ਵਿੱਚ ਪੀਣ ਜੋਗਾ ਪਾਣੀ ਵੀ ਨਹੀਂ ਬਚੇਗਾ। ਇਸ ਲਈ ਮੈਂ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਸ ਅਤਿ ਪ੍ਰਸੰਗਿਕ ਮੁੱਦੇ ਨੂੰ ਚੋਣ ਮੁੱਦੇ ਵਜੋਂ ਉਭਾਰਨ।
ਸਾਡੇ ਦਰਿਆ ਪ੍ਰਦੂਸ਼ਿਤ ਹੋ ਚੁੱਕੇ ਹਨ ਅਤੇ ਕੋਈ ਵੀ ਸਿਆਸੀ ਪਾਰਟੀ ਇਸ ਨੂੰ ਹੱਲ ਕਰਨ ’ਚ ਦਿਲਚਸਪੀ ਨਹੀਂ ਲੈ ਰਹੀ। ਸਾਡਾ ਹਰ ਸ਼ਹਿਰ ਪਲਾਸਟਿਕ ਅਤੇ ਕੂੜੇ ਨਾਲ ਭਰਿਆ ਹੋਇਆ ਹੈ ਅਤੇ ਹਵਾ ਰੋਜ਼ ਧੂੰਏਂ ਨਾਲ ਪਲੀਤ ਹੋ ਰਹੀ ਹੈ। ਸਾਡਾ ਭੋਜਨ ਅਤੇ ਸਾਡੇ ਖੇਤ ਰਸਾਇਣਾਂ ਨਾਲ ਭਰੇ ਪਏ ਹਨ ਅਤੇ ਇਨਾਂ ਸਭ ਕਾਰਨਾਂ ਕਰਕੇ ਪੰਜਾਬੀਆਂ ਦੀ ਸਿਹਤ ਖਰਾਬ ਹੋ ਰਹੀ ਹੈ। ਅਸੀਂ ਚਾਹੁੰਦੇ ਹਾਂ ਕਿ ਮੌਜੂਦਾ ਚੋਣਾਂ ਤੋਂ ਬਾਅਦ ਸੱਤਾ ’ਚ ਆਉਣ ਵਾਲੀ ਸਰਕਾਰ ਇਸ ਵੱਡੇ ਮਸਲੇ ਦਾ ਹੱਲ ਕਰੇ। ਇਸ ਲਈ ਅਸੀਂ ਚੋਣਾਂ ਲੜ ਰਹੀਆਂ ਸਾਰੀਆਂ ਸਿਆਸੀ ਧਿਰਾਂ ਨੂੰ ਇਸ ਵਿਸ਼ੇ ਬਾਰੇ ਹੁਣ ਤੋਂ ਹੀ ਗੱਲ ਕਰਨ ਲਈ ਕਹਿ ਰਹੇ ਹਾਂ। ਅਸੀਂ ਪੰਜਾਬ ਦੇ ਵੋਟਰਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਸਾਰੀਆਂ ਪਾਰਟੀਆਂ ਨੂੰ ਸਾਡੀ ਪ੍ਰਦੂਸ਼ਿਤ ਹਵਾ, ਪਾਣੀ ਅਤੇ ਭੋਜਨ ਬਾਰੇ ਸਵਾਲ ਪੁੱਛਣ ਤਾਂ ਜੋ ਇਸ ਅਤਿ ਮਹੱਤਵਪੂਰਨ ਮੁੱਦੇ ’ਤੇ ਸਿਆਸੀ ਆਗੂਆਂ ਨੂੰ ਜਵਾਬਦੇਹ ਬਣਾਇਆ ਜਾਵੇ।
ਗੁਰਪ੍ਰੀਤ ਸਿੰਘ ਚੰਦਬਾਜਾ ਸੰਸਥਾਪਕ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ, ਕਨਵੀਨਰ ਨਰੋਆ ਪੰਜਾਬ ਮੰਚ ਅਤੇ ਕੋਆਰਡੀਨੇਟਰ ਪੰਜਾਬ ਵਾਤਾਵਰਣ ਚੇਤਨਾ ਲਹਿਰ ਨੇ ਕਿਹਾ ਕਿ ਸਤਲੁਜ ਦੇ ਪ੍ਰਦੂਸ਼ਿਤ ਪਾਣੀ ਕਾਰਨ ਦੱਖਣੀ ਪੰਜਾਬ ਕੈਂਸਰ ਅਤੇ ਬੀਮਾਰੀਆਂ ਨਾਲ ਜੂਝ ਰਿਹਾ ਹੈ ਅਤੇ ਇਸ ਜ਼ਹਿਰੀਲੇ ਪਾਣੀ ਨੂੰ ਪੀਣ ਵਾਲੇ ਕਈ ਪਿੰਡ ਅਜਿਹੇ ਹਨ, ਜਿੱਥੇ ਕੈਂਸਰ ਅਤੇ ਹੋਰ ਭਿਆਨਕ ਬਿਮਾਰੀ ਕਾਰਨ ਅਨੇਕਾਂ ਮੌਤਾਂ ਹੋ ਚੁੱਕੀਆਂ ਹਨ।
ਅਜਿਹੇ ਪਿੰਡਾਂ ’ਚ ਵੱਡੀ ਗਿਣਤੀ ’ਚ ਦਿਮਾਗੀ ਤੌਰ ’ਤੇ ਕਮਜੋਰ, ਲੂਲੇ-ਲੰਗੜੇ, ਅਪਾਹਜ, ਨਿਪੁੰਸਕ ਅਤੇ ਮੰਦਬੁੱਧੀ ਬੱਚੇ ਪੈਦਾ ਹੋ ਰਹੇ ਹਨ। ਜਦੋਂ ਸਾਡੇ ਬੱਚੇ ਇਸ ਤਰਾਂ ਪੀੜਤ ਹਨ ਤਾਂ ਅਸੀਂ ਮੁਫਤ ਆਟਾ-ਦਾਲ ਦਾ ਕੀ ਕਰਾਂਗੇ। ਐਨਜੀਟੀ ਪਿਛਲੇ ਕਈ ਸਾਲਾਂ ਤੋਂ ਇਸ ਮੁੱਦੇ ਦੀ ਨਿਗਰਾਨੀ ਕਰ ਰਹੀ ਹੈ ਪਰ ਸਾਡੇ ਸਿਆਸੀ ਵਰਗ ਕਰਕੇ ਅਸੀਂ ਇਹਨਾਂ ਦਾ ਹੱਲ ਕਰਨ ’ਚ ਬੁਰੀ ਤਰਾਂ ਫੇਲ ਹੋ ਗਏ ਹਾਂ, ਕਿਉਂਕਿ ਉਨਾਂ ਨੇ ਇਸ ਵੱਡੀ ਸਮੱਸਿਆ ਨੂੰ ਹੱਲ ਕਰਨ ਲਈ ਕੁਝ ਨਹੀਂ ਕੀਤਾ, ਇਸ ਲਈ ਅਸੀਂ ਇਸ ਇੱਕ ਮੁੱਦੇ ’ਤੇ ਇਸ ਵਾਰ ਜ਼ੋਰਦਾਰ ਪ੍ਰਚਾਰ ਕਰ ਰਹੇ ਹਾਂ ਅਤੇ ਸਾਰੇ ਸਿਆਸੀ ਧੜਿਆਂ ਨੂੰ ਸਿਰਫ ਇੱਕ ਸਵਾਲ ਪੁੱਛ ਰਹੇ ਹਾਂ ਕਿ ਜੇਕਰ ਲੋਕ ਉਹਨਾਂ ਨੂੰ ਚੋਣ ਜਿਤਾਉਂਦੇ ਹਨ ਤਾਂ ਉਹ ਸਾਡੇ ਵਾਤਾਵਰਣ, ਸਾਡੇ ਜੰਗਲਾਂ ਅਤੇ ਸਾਡੇ ਦਰਿਆਵਾਂ ਨੂੰ ਸੁਧਾਰਨ ਲਈ ਕੀ ਕਰਨਗੇ?
ਉਹਨਾਂ ਕਿਹਾ ਕਿ ਭੂਮੀਗਤ ਪਾਣੀ ਪ੍ਰਦੂਸ਼ਿਤ ਸਤਲੁਜ ਕਾਰਨ ਦੂਸ਼ਿਤ ਹੋ ਗਿਆ ਹੈ। ਬੁੱਢੇ ਨਾਲੇ, ਕਾਲਾ ਸੰਘਿਆ ਡਰੇਨ ਅਤੇ ਹੋਰ ਸੀਵਰੇਜ ਅਤੇ ਉਦਯੋਗਿਕ ਗੰਦੇ ਨਾਲਿਆਂ ਰਾਹੀਂ ਸਤਲੁਜ ਵਰਗੀਆਂ ਪਵਿੱਤਰ ਨਦੀਆਂ ਨੂੰ ਪ੍ਰਦੂਸ਼ਿਤ ਕਰਨਾ ਮਨੁੱਖਤਾ ਵਿਰੁੱਧ ਘੋਰ ਅਪਰਾਧ ਹੈ। ਵਾਟਰ (ਪ੍ਰੀਵੈਂਸਨ ਐਂਡ ਕੰਟਰੋਲ ਆਫ ਪੋਲਿਊਸ਼ਨ) ਐਕਟ, 1974 ਵਿਰੁੱਧ ਵੀ ਇਹ ਵੱਡਾ ਅਪਰਾਧ ਹੈ। ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਸਿਆਸੀ ਧਿਰਾਂ ਸਾਨੂੰ ਦੱਸਣ ਕਿ ਜੇਕਰ ਉਹ ਸੱਤਾ ’ਚ ਆਏ ਤਾਂ ਉਹ ਪੰਜਾਬ ਦੇ ਦਰਿਆਵਾਂ ਨੂੰ ਬਚਾਉਣ ਲਈ ਇਸ ਐਕਟ ਨੂੰ ਕਿਵੇਂ ਲਾਗੂ ਕਰਨਗੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮੱਘਰ ਸਿੰਘ ਕਾਰਜਕਾਰੀ ਪ੍ਰਧਾਨ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ, ਰਾਜਿੰਦਰ ਸਿੰਘ ਬਰਾੜ, ਗੁਰਪ੍ਰੀਤ ਸਿੰਘ ਸਿੱਧੂ ਲਹਿਰਾਂ ਧੂੜਕੋਟ, ਕੋਚ ਹਰਬੰਸ ਸਿੰਘ, ਜਗਤਾਰ ਸਿੰਘ ਗਿੱਲ, ਸੁਖਵਿੰਦਰ ਸਿੰਘ ਬੱਬੂ, ਗੁਰਮੀਤ ਸਿੰਘ ਸੰਧੂ, ਮਨਪ੍ਰੀਤ ਸਿੰਘ ਧਾਲੀਵਾਲ, ਰਵਿੰਦਰ ਸਿੰਘ ਬੁਗਰਾ, ਗਗਨਜੋਤ ਸਿੰਘ ਬਰਾੜ ਚੰਦਬਾਜਾ, ਗੁਰਿੰਦਰ ਸਿੰਘ ਕੋਟਕਪੂਰਾ ਆਦਿ ਵੀ ਹਾਜਰ ਸਨ।