ਚੋਣ ਡਿਊਟੀ ਪ੍ਰਤੀ ਲਾਪਰਵਾਹੀ ਵਰਤਣ ਵਾਲਿਆਂ ਖ਼ਿਲਾਫ਼ ਦਰਜ ਹੋਵੇਗੀ ਐਫ ਆਈ ਆਰ
- ਸਿਰਫ ਸਰਕਾਰੀ ਸਿਹਤ ਕੇਂਦਰਾਂ ਦੀ ਕੋਵਿਡ ਟੈਸਟਿੰਗ ਰਿਪੋਰਟ ਨੂੰ ਮਾਨਤਾ ਮਿਲੇਗੀ,
- ਜੇਕਰ ਜਾਅਲੀ ਦਸਤਾਵੇਜ਼ ਸਾਹਮਣੇ ਆਉਂਦੇ ਹਨ, ਤਾਂ ਸਬੰਧਤ ਹਸਪਤਾਲ/ਲੈਬ ਅਤੇ ਪ੍ਰਾਪਤ ਕਰਤਾ 'ਤੇ ਐਫ ਆਈ ਆਰ ਵੀ ਦਰਜ ਕੀਤੀ ਜਾਵੇਗੀ।
ਹੁਸ਼ਿਆਰਪੁਰ, 25 ਜਨਵਰੀ 2022 - ਡਿਪਟੀ ਕਮਿਸ਼ਨਰ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵਿਧਾਨ ਸਭਾ ਚੋਣਾਂ 2022 ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਸੁਚਾਰੂ ਢੰਗ ਨਾਲ ਕਰਵਾਈਆਂ ਜਾ ਰਹੀਆਂ ਹਨ, ਜਿਸ ਲਈ ਪੋਲਿੰਗ ਅਤੇ ਗਿਣਤੀ ਲਈ ਵੱਖਰਾ ਸਟਾਫ਼ ਨਿਯੁਕਤ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਚੋਣ ਰਿਹਰਸਲਾਂ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ ਅਤੇ ਇਨ੍ਹਾਂ ਰਿਹਰਸਲਾਂ ਵਿੱਚ ਗੈਰਹਾਜ਼ਰ ਪਾਏ ਜਾਣ ਵਾਲੇ ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਗੈਰ ਹਾਜ਼ਰੀ ਦਾ ਪੱਖ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ । ਉਨ੍ਹਾਂ ਕਿਹਾ ਕਿ ਜਿਨ੍ਹਾਂ ਮੁਲਾਜ਼ਮਾਂ ਨੇ ਆਪਣਾ ਪੱਖ ਪੇਸ਼ ਨਹੀਂ ਕੀਤਾ, ਉਨ੍ਹਾਂ ਖ਼ਿਲਾਫ਼ ਐਫ ਆਈ ਆਰ ਦਰਜ ਕਰਨ ਲਈ ਸਬੰਧਤ ਵਿਭਾਗ ਦੇ ਮੁਖੀ ਨੂੰ ਲਿਖਿਆ ਗਿਆ ਹੈ। ਉਨ੍ਹਾਂ ਚੋਣਾਂ ਨਾਲ ਜੁੜੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਪੂਰੀ ਸੰਜੀਦਗੀ ਨਾਲ ਨੇਪਰੇ ਚਾੜ੍ਹਿਆ ਜਾਵੇ ਅਤੇ ਜੇਕਰ ਕਿਸੇ ਕਿਸਮ ਦੀ ਅਣਗਹਿਲੀ ਸਾਹਮਣੇ ਆਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਕੋਵਿਡ-19 ਦੀ ਟੈਸਟਿੰਗ ਰਿਪੋਰਟ ਸਿਰਫ਼ ਸਰਕਾਰੀ ਸਿਹਤ ਕੇਂਦਰਾਂ/ਲੈਬਾਂ ਤੋਂ ਹੀ ਯੋਗ ਮੰਨੀ ਜਾਵੇਗੀ। ਇਸ ਲਈ ਜਿਸ ਅਧਿਕਾਰੀ ਅਤੇ ਕਰਮਚਾਰੀ ਦੀ ਕੋਵਿਡ ਰਿਪੋਰਟ ਪਾਜ਼ੇਟਿਵ ਆਉਂਦੀ ਹੈ, ਉਸ ਨੂੰ ਸਰਕਾਰੀ ਸਿਹਤ ਕੇਂਦਰਾਂ ਦੀ ਰਿਪੋਰਟ ਸਬੰਧਤ ਅਧਿਕਾਰੀ ਨੂੰ ਸੌਂਪਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਜੇਕਰ ਰਿਪੋਰਟ ਜਾਅਲੀ ਪਾਈ ਗਈ ਤਾਂ ਸਬੰਧਤ ਲੈਬ ਦਾ ਲਾਇਸੈਂਸ ਰੱਦ ਕਰਕੇ ਲੈਬ ਅਤੇ ਫਰਜ਼ੀ ਰਿਪੋਰਟ ਪਾਉਣ ਵਾਲੇ ਮੁਲਾਜ਼ਮ ਖਿਲਾਫ ਐਫ.ਆਈ.ਆਰ.ਦਰਜ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਕਿਸੇ ਵੀ ਪ੍ਰਾਈਵੇਟ ਲੈਬ ਦੀ ਟੈਸਟਿੰਗ ਰਿਪੋਰਟ ਨੂੰ ਵੈਧ ਨਹੀਂ ਮੰਨਿਆ ਜਾਵੇਗਾ।