ਐਮ.ਸੀ.ਐਮ.ਸੀ ਕਪੂਰਥਲਾ ਨੇ ਨੈਤਿਕ ਚੋਣ ਪ੍ਰਚਾਰ ਪ੍ਰਤੀ ਜਾਗਰੂਕਤਾ ਮੁਹਿੰਮ "ਮਿਆਰੀ ਪ੍ਰਚਾਰ-ਮਿਆਰੀ ਸਰਕਾਰ" ਸ਼ੁਰੂ ਕੀਤੀ
- ਡੀਸੀ ਕਮ ਜ਼ਿਲ੍ਹਾ ਚੋਣ ਅਧਿਕਾਰੀ ਦੀਪਤੀ ਉੱਪਲ ਨੇ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਜਾਗਰੂਕ ਕਰਨ ਲਈ ਪੋਸਟਰ ਵੀ ਜਾਰੀ ਕੀਤਾ
- ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਟੀਮ ਨੇ ਕਮੇਟੀ ਦੇ ਕੰਮਾਂ ਦੀ ਜਾਣਕਾਰੀ ਰਾਜਨੀਤਕ ਪਾਰਟੀਆਂ ਤੇ ਉਮੀਦਵਾਰਾਂ ਚ ਪ੍ਰਚਾਰ ਲਈ ਡੀ ਪੀ ਆਰ ਓ ਕਪੂਰਥਲਾ ਟੀਮ ਨਾਲ ਹੱਥ ਮਿਲਾਇਆ
ਕਪੂਰਥਲਾ, 25 ਜਨਵਰੀ 2022 - ਭਾਰਤੀ ਚੋਣ ਕਮਿਸ਼ਨ (ਈ ਸੀ ਆਈ) ਦੇ ਦਿਸ਼ਾ-ਨਿਰਦੇਸ਼ਾਂ ਅਤੇ ਮੁੱਖ ਚੋਣ ਦਫ਼ਤਰ ਪੰਜਾਬ ਵੱਲੋਂ ਸੌਂਪੀਆਂ ਗਈਆਂ ਡਿਊਟੀਆਂ ਦੀ ਪਾਲਣਾ ਕਰਦੇ ਹੋਏ, ਕਪੂਰਥਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਨੈਤਿਕ ਚੋਣ ਪ੍ਰਚਾਰ ਲਈ ਪਹਿਲ ਕਦਮੀ ਕੀਤੀ ਹੈ। ਇਹ "ਮਿਆਰੀ ਪ੍ਰਚਾਰ-ਮਿਆਰੀ ਸਰਕਾਰ" ਸਿਰਲੇਖ ਵਾਲੀ ਇੱਕ ਮੁਹਿੰਮ ਹੈ। ਇਹ ਮੁਹਿੰਮ ਸਿਆਸੀ ਪਾਰਟੀਆਂ ਦੇ ਨਾਲ-ਨਾਲ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਸੂਚਿਤ ਕਰੇਗੀ ਜੋ ਆਪੋ-ਆਪਣੇ ਹਲਕਿਆਂ ਵਿੱਚ ਉਮੀਦਵਾਰਾਂ/ਪਾਰਟੀਆਂ ਦੀਆਂ ਚੋਣ ਮੁਹਿੰਮਾਂ ਦਾ ਪ੍ਰਚਾਰ ਕਰਨ ਲਈ ਕੰਮ ਕਰ ਰਹੇ ਹਨ।
ਇਹ ਮੁਹਿੰਮ ਨੈਤਿਕ ਚੋਣ ਪ੍ਰਚਾਰ ਦਾ ਸਮਰਥਨ ਕਰੇਗੀ, ਖਾਸ ਤੌਰ 'ਤੇ ਜ਼ਿਲ੍ਹਾ ਕਪੂਰਥਲਾ ਦੇ ਚਾਰ ਹਲਕਿਆਂ ਜੋ ਕਿ ਫਗਵਾੜਾ, ਸੁਲਤਾਨਪੁਰ ਲੋਧੀ, ਭੁਲੱਥ ਅਤੇ ਕਪੂਰਥਲਾ ਹਨ, ਦੇ ਪੇਂਡੂ ਖੇਤਰਾਂ ਵਿੱਚ,ਇਸ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ, ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈਕੇਜੀਪੀਟੀਯੂ) ਅਤੇ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ (ਡੀਪੀਆਰਓ) ਦੀ ਟੀਮ ਗਠਿਤ ਮੀਡੀਆ ਸਰਟੀਫਿਕੇਸ਼ਨ ਅਤੇ ਨਿਗਰਾਨੀ ਕਮੇਟੀ (ਐਮਸੀਐਮਸੀ) ਦੇ ਅਧੀਨ ਸਾਂਝੇ ਤੌਰ 'ਤੇ ਕੰਮ ਕਰੇਗੀ।
ਡਿਪਟੀ ਕਮਿਸ਼ਨਰ ਕਪੂਰਥਲਾ ਕਮ ਜ਼ਿਲ੍ਹਾ ਚੋਣ ਅਫ਼ਸਰ ਦੀਪਤੀ ਉੱਪਲ, ਆਈ.ਏ.ਐਸ ਨੇ ਇਸ ਮੁਹਿੰਮ ਦੇ ਨਾਅਰੇ ਵਾਲੇ ਪੋਸਟਰ ਐਮ.ਸੀ.ਐਮ.ਸੀ ਕਮਰਾ ਨੰ. 320, ਤੀਜੀ ਮੰਜ਼ਿਲ, ਜ਼ਿਲ੍ਹਾ ਪ੍ਰਸ਼ਾਸਨ ਕੰਪਲੈਕਸ ਕਪੂਰਥਲਾ ਵਿਖੇ ਜਾਰੀ ਕੀਤੇ । ਉਨ੍ਹਾਂ ਕਿਹਾ ਕਿ ਨੈਤਿਕ ਸਿਆਸੀ ਪ੍ਰਚਾਰ ਲਈ ਜ਼ਮੀਨੀ ਪੱਧਰ 'ਤੇ ਕੰਮ ਕਰਨ ਲਈ ਇਸ ਤਰ੍ਹਾਂ ਦੀਆਂ ਮੁਹਿੰਮਾਂ ਬਹੁਤ ਜ਼ਰੂਰੀ ਹਨ। "ਜ਼ਿਲ੍ਹਾ ਕਪੂਰਥਲਾ ਦੀ ਤਰੱਕੀ ਦਾ ਆਧਾਰ-ਮਿਆਰੀ ਪ੍ਰਚਾਰ-ਮਿਆਰੀ ਸਰਕਾਰ", "ਚਾਹੁੰਦੇ ਹਾਂ ਜੇ ਸਹੀ ਸਰਕਾਰ-ਰੋਕੋ ਮਿਲਕੇ ਕੂੜ ਪ੍ਰਚਾਰ" ਮੁਹਿੰਮ ਦੇ ਮੁੱਖ ਨਾਅਰੇ ਹਨ।
ਵਧੀਕ ਡਿਪਟੀ ਕਮਿਸ਼ਨਰ (ਏਡੀਸੀ) (ਜੀ) ਕਪੂਰਥਲਾ ਕਮ ਏਡੀਈਓ ਅਦਿੱਤਿਆ ਉੱਪਲ, ਆਈਏਐਸ ਨੇ ਸਾਂਝਾ ਕੀਤਾ ਕਿ ਐਮਸੀਐਮਸੀ ਟੀਮ ਦੇ ਮੈਂਬਰ ਸਿਆਸੀ ਉਮੀਦਵਾਰਾਂ ਦੀਆਂ ਸਥਾਨਕ ਪੀਆਰ ਟੀਮਾਂ ਵਿਚਕਾਰ ਸਿਆਸੀ ਪਾਰਟੀ ਦਫ਼ਤਰਾਂ ਵਿੱਚ ਜਾਗਰੂਕਤਾ ਪੋਸਟਰ ਵੰਡਣਗੇ।
ਉਨ੍ਹਾਂ ਕਿਹਾ ਕਿ ਐਮ.ਸੀ.ਐਮ.ਸੀ ਟੀਮ ਦੇ ਮੈਂਬਰ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਵੀ ਜਾਣਕਾਰੀ ਵੰਡਣਗੇ। ਉਸਨੇ ਐਮਸੀਐਮਸੀ ਟੀਮ ਨੂੰ ਕੁਝ ਜਾਗਰੂਕਤਾ ਸਟੈਂਡ ਵੀ ਸੌਂਪੀਆਂ। ਉਨ੍ਹਾਂ ਦੁਹਰਾਇਆ ਕਿ ਰਾਜਨੀਤਕ ਪਾਰਟੀਆਂ ਅਤੇ ਉਮੀਦਵਾਰ ਆਪਣੇ ਹਰ ਤਰ੍ਹਾਂ ਦੀ ਪ੍ਰਚਾਰ ਸਮੱਗਰੀ ਨੂੰ ਇਸ ਕਮੇਟੀ ਤੋਂ ਪ੍ਰਵਾਨ ਕਰਵਾਉਣ ਤਾਂ ਜੋ ਮਿਆਰੀ ਚੋਣ ਪ੍ਰਚਾਰ ਦਾ ਨਾਅਰਾ ਸਾਰਥਕ ਹੋ ਸਕੇ।
ਇਸ ਮੌਕੇ ਡੀ.ਪੀ.ਆਰ.ਓ ਕਪੂਰਥਲਾ ਸੁਬੇਗ ਸਿੰਘ, ਡਿਪਟੀ ਰਜਿਸਟਰਾਰ ਪੀ.ਆਰ.ਆਈ.ਕੇ.ਜੀ.ਪੀ.ਟੀ.ਯੂ. ਰਜਨੀਸ਼ ਸ਼ਰਮਾ ਤੇ ਐਮ ਸੀ ਐਮ ਸੀ ਸੈਲ ਵਿਚ ਡਿਊਟੀ ਨਿਭਾ ਰਹੇ ਵੱਖੋ ਵੱਖ ਵਿਭਾਗਾਂ ਦੇ ਕਰਮਚਾਰੀ ਸੁਰਜੀਤ ਸਿੰਘ, ਰਾਕੇਸ਼ ਕੁਮਾਰ, ਗੁਰਪ੍ਰੀਤ ਸਿੰਘ, ਮਹਿੰਦਰਪਾਲ ਸਿੰਘ, ਵਿਜੈ ਕੁਮਾਰ, ਸੁਰਿੰਦਰ ਸਿੰਘ, ਸਰਬਜੀਤ ਸਿੰਘ ਅਤੇ ਹੋਰ ਵੀ ਮੌਜੂਦ ਰਹੇ।