ਮਲੂਕਾ ਨੇ ਦਸ ਸਾਲ ਪਿੱਛੋਂ ਆਪਣੀ ਉਂਗਲ ’ਚ ਪਾਈ ‘ਕਾਂਗੜ’ ਦੀ ਮੁੰਦਰੀ
ਅਸ਼ੋਕ ਵਰਮਾ
ਬਠਿੰਡਾ,25 ਜਨਵਰੀ 2022:ਭਗਤਾ ਭਾਈ ਦਾ ਸੀਨੀਅਰ ਸੀਨੀਅਰ ਕਾਂਗਰਸੀ ਆਗੂ ਸੁਖਚੈਨ ਚੰਦ ਮੁੰਦਰੀ ਅੱਜ ਆਪਣੇ 21 ਸਾਥੀਆਂ ਸਮੇਤ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਅਕਾਲੀ-ਬਸਪਾ ਦੇ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਦੀ ਹਾਜਰੀ ਵਿਚ ਅਕਾਲੀ ਦਲ ’ਚ ਸ਼ਾਮਲ ਹੋ ਗਿਆ ਹੈ। ਅੱਜ ਜਦੋਂ ਮੁੰਦਰੀ ਨੇ ਅਕਾਲੀ ਦਲ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ ਤਾਂ ਮਲੂਕਾ ਸਮਰਥਕਾਂ ਨੇ ਪਟਾਕੇ ਚਲਾਏ ਹਨ। ਰਾਮਪੁਰਾ ਹਲਕੇ ਦੀ ਰਾਜਨੀਤੀ ’ਚ ਪਹਿਲੀ ਵਾਰ ਪਏ ਏਦਾਂ ਦੇ ਪਟਾਕਿਆਂ ਨੂੰ ਸਾਬਕਾ ਮੰਤਰੀ ਤੇ ਹਲਕਾ ਰਾਮਪੁਰਾ ਫੂਲ ਤੋਂ ਕਾਂਗਰਸ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਨੂੰ ਲੱਗਿਆ ਦੂਸਰਾ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਕਾਂਗੜ ਵੱਲੋਂ ਥਾਪਿਆ ਟਰੱਕ ਯੂਨੀਅਨ ਭਗਤਾ ਭਾਈ ਦਾ ਪ੍ਰਧਾਨ ਤੇ ਬਾਘਾ ਪੁਰਾਣਾ ਨੇੜਲੇ ਪਿੰਡ ਸੰਗਤਪੁਰਾ ਦੇ ਮਾਨ ਪ੍ਰੀਵਾਰਾਂ ਨਾਲ ਸਬੰਧਤ ਨੌਜਵਾਨ ਕਾਂਗਰਸੀ ਆਗੂ ਇੰਦਰਜੀਤ ਸਿੰਘ ਮਾਨ ਕਾਂਗਰਸ ਛੱਡਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਿਆ ਸੀ। ਦਰਅਸਲ ਮੁੰਦਰੀ ਸਾਲ 2010 ਤੱਕ ਕੱਟੜ ਅਕਾਲੀ ਆਗੂ ਹੋਇਆ ਸੀ ਜਿਸ ਦੇ ਮਲੂਕਾ ਨਾਲ ਮੱਤਭੇਦ ਹੋ ਗਏ ਸਨ। ਕਾਫੀ ਸਮਾਂ ਇਵੇਂ ਹੀ ਤੁਰਦਿਆਂ ਸੁਖਚੈਨ ਚੰਦ ਮੁਦਰੀ ਨੇ ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਕਾਂਗਰਸ ’ਚ ਸ਼ਮੂਲੀਅਤ ਕਰ ਲਈ ਸੀ।
ਭਗਤਾ ਭਾਈ ਨੇੜਲੇ ਪਿੰਡ ਆਕਲੀਆ ਜਲਾਲ ਨਾਲ ਸਬੰਧਤ ਸਿੰਗਲਾ ਪ੍ਰੀਵਾਰ ਨਾਲ ਸਬੰਧ ਰੱਖਦੇ ਮੁੰਦਰੀ ਨੇ ਕਾਂਗਰਸ ’ਚ ਰਹਿੰਦਿਆਂ ਆਪਣੀ ਚੰਗਾ ਜਗ੍ਹਾ ਬਣਾ ਲਈ ਅਤੇ ਉਹ ਕਾਂਗੜ ਦੇ ਕੱਟੜ ਸਮਰਥਕਾਂ ’ਚ ਸ਼ੁਮਾਰ ਹੋਣ ਲੱਗਿਆ ਸੀ। ਹੁਣ 10 ਸਾਲ ਦੇ ਲੰਬੇ ਅਰਸੇ ਬਾਅਦ ਸਿਕੰਦਰ ਸਿੰਘ ਮਲੂਕਾ ਸੁਖਚੈਨ ਚੰਦ ਮੁੰਦਰੀ ਨੂੰ ਆਪਣੇ ਨਾਲ ਮਿਲਾਉਣ ’ਚ ਸਫਲ ਹੋ ਗਏ ਹਨ। ਮੁੰਦਰੀ ਨੂੰ ਅਕਾਲੀ ਦਲ ’ਚ ਲਿਆਉਣ ਪਿਛੇ ਨਗਰ ਪੰਚਾਇਤ ਭਗਤਾ ਭਾਈ ਦੇ ਸਾਬਕਾ ਪ੍ਰਧਾਨ ਰਕੇਸ਼ ਕੁਮਾਰ ਗੋਇਲ ਅਤੇ ਇੱਕ ਮਲੂਕਾ ਨੇੜਲੇ ਪੱਤਰਕਾਰ ਦੀ ਅਹਿਮ ਭੂਮਿਕਾ ਦੱਸੀ ਜਾ ਰਹੀ ਹੈ ਜੋ ਪਿਛਲੇ ਕਾਫੀ ਸਮੇਂ ਤੋਂ ਇਸ ਸਬੰਧ ’ਚਯਤਨ ਕਰ ਰਹੇ ਸਨ।
ਇਸ ਮੌਕੇ ਰਾਕੇਸ਼ ਕੁਮਾਰ ਗੋਇਲ ਨੇ ਇੰਨ੍ਹਾਂ ਆਗੂਆਂ ਦਾ ਸਵਾਗਤ ਕਰਦਿਆ ਕਿਹਾ ਕਿ ਸੁਖਚੈਨ ਚੰਦ ਮੁੰਦਰੀ ਮਿਹਨਤੀ ਵਰਕਰ ਹੈ, ਜਿਸ ਨਾਲ ਅਕਾਲੀ ਦਲ ਨੂੰ ਵੱਡਾ ਲਾਭ ਮਿਲੇਗਾ। ਇਸ ਮੌਕੇ ਮਲੂਕਾ ਨੇ ਕਿਹਾ ਕਿ ਮੁੰਦਰੀ ਦੀ ਅਗਵਾਈ ਹੇਠ ਅਕਾਲੀ ਦਲ ’ਚ ਸ਼ਾਮਲ ਹੋਣ ਵਾਲਿਆਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਉਨ੍ਹਾ ਦਾਅਵਾ ਕੀਤਾ ਕਿ ਮੁੰਦਰੀ ਦੇ ਦਲ ਵਿਚ ਆਉਣ ਨਾਲ ਹੋਰਨਾਂ ਪਿੰਡਾਂ ਵਿਚ ਦਲ ਨੂੰ ਮਜਬੂਤੀ ਮਿਲੇਗੀ। ਮਲੂਕਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਐਲਾਨੇ ਤੇਰਾਂ ਨੁਕਾਤੀ ਪ੍ਰੋਗਰਾਮ ਵਿਚ ਪੰਜਾਬ ਦੇ ਹਰ ਵਰਗ ਦਾ ਖਿਆਲ ਰੱਖਿਆ ਗਿਆ ਹੈ ਅਤੇ ਸਮੂਹ ਵਰਗਾਂ ਦੀ ਖੁਸ਼ਹਾਲੀ ਅਕਾਲੀ ਬਸਪਾ ਗੱਠਜੋੜ ਦਾ ਮੁੱਖ ਏਜੰਡਾ ਹੈ ।
ਮਲੂਕਾ ਨੇ ਇਸ ਮੌਕੇ ਸੁਖਚੈਨ ਚੰਦ ਮੁੰਦਰੀ ਦੇ ਲੜਕੇ ਨੂੰ ਅਕਾਲੀ ਦਲ ਦੇ ਯੂਥ ਵਿੰਗ ’ਚ ਅਹੁਦਾ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਯੂਥ ਵਿੰਗ ਗਗਨਦੀਪ ਸਿਘ ਗਰੇਵਾਲ, ਜਗਮੋਹਨ ਲਾਲ ਪ੍ਰਧਾਨ ਸਰਕਲ ਭਗਤਾ, ਡਾ. ਪਰਨੀਤ ਕੌਰ ਦਿਉਲ ਸੀਨੀਅਰ ਆਗੂ, ਕੁਲਦੀਪ ਕੌਰ ਬਰਾੜ ਮੀਤ ਪ੍ਰਧਾਨ ਇਸਤਰੀ ਵਿੰਗ ਪੰਜਾਬ, ਅਜਾਇਬ ਸਿੰਘ ਹਮੀਰਗੜ੍ਹ, ਸੁਖਜਿੰਦਰ ਸਿੰਘ ਖਾਨਦਾਨ ਪ੍ਰਧਾਨ, ਰਘਵੀਰ ਸਿੰਘ ਕਾਕਾ, ਸੁਖਦੇਵ ਕੌਰ ਗਰੇਵਾਲ, ਗੁਰਚਰਨ ਸਿੰਘ ਪੁਰੀ, ਸੇਮੀ ਭਾਈਰੂਪਾ, ਦਲਜੀਤ ਸਿੰਘ ਭਗਤਾ, ਪ੍ਰੇਮ ਕੁਮਾਰ ਸਿੰਗਲਾ, ਭਗਵਾਨ ਸਿੰਘ ਮੱਕੜ, ਮੁਖਤਿਆਰ ਸਿੰਘ ਅਕਾਲੀ ਅਤੇ ਰਾਜਵੰਤ ਸਿੰਘ ਸਿੱਧੂ ਆਦਿ ਹਾਜਰ ਸਨ।