ਕਿਹੋ ਜਿਹਾ ਰਿਹਾ ਅਕਾਲੀ ਦਲ ਦੇ ਉਮੀਦਵਾਰ ਮਨਤਾਰ ਸਿੰਘ ਬਰਾੜ ਦਾ ਸਿਆਸੀ ਸਫ਼ਰ ਪੜ੍ਹੋ
ਦੀਪਕ ਗਰਗ
ਕੋਟਕਪੂਰਾ 25 ਜਨਵਰੀ
ਪੰਜਾਬ ਵਿਧਾਨ ਸਭਾ ਚੋਣਾਂ 2022: ਕੋਟਕਪੂਰਾ ਵਿਧਾਨਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ - ਬਸਪਾ ਦੀ ਟਿਕਟ ਤੇ ਮਨਤਾਰ ਸਿੰਘ ਬਰਾੜ ਉਮੀਦਵਾਰ ਬਣਾਏ ਗਏ ਹਨ। ਮਨਤਾਰ ਸਿੰਘ ਬਰਾੜ ਇਸ ਤੋਂ ਪਹਿਲਾਂ 3 ਬਾਰ ਵਿਧਾਇਕ ਅਤੇ ਮੁੱਖ ਸੰਸਦੀ ਸਕੱਤਰ, ਪੇਂਡੂ ਵਿਕਾਸ ਅਤੇ ਪੰਚਾਇਤਾਂ ਰਹਿ ਚੁੱਕੇ ਹਨ ਇਹ ਸ਼੍ਰੋਮਣੀ ਅਕਾਲੀ ਦਲ ਦੇ ਫਰੀਦਕੋਟ ਤੋਂ ਜ਼ਿਲ੍ਹਾ ਪ੍ਰਧਾਨ ( ਦਿਹਾਤੀ ) ਵੀ ਹਨ। ਇਨ੍ਹਾਂ ਦਾ ਪਰਿਵਾਰ ਪਿਛਲੇ 50 ਸਾਲਾਂ ਤੋਂ ਲਗਾਤਾਰ ਰਾਜਨੀਤੀ ਵਿੱਚ ਸਰਗਰਮ ਹੈ। ਕੋਟਕਪੂਰਾ ਵਿਧਾਨਸਭਾ ਹਲਕੇ ਤੋਂ ਇਨ੍ਹਾਂ ਦੇ ਪਿਤਾ ਸਵ. ਜਸਵਿੰਦਰ ਸਿੰਘ ਬਰਾੜ ਵੀ ਦੋ ਬਾਰ ਵਿਧਾਇਕ ਅਤੇ ਸਹਿਕਾਰਤਾ ਮੰਤਰੀ ( ਪੰਜਾਬ ) ਰਹਿ ਚੁੱਕੇ ਹਨ।
ਮਨਤਾਰ ਸਿੰਘ ਬਰਾੜ ਪਹਿਲੀ ਬਾਰ 1997 ਵਿੱਚ ਆਜਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਕੇ ਵਿਧਾਇਕ ਬਣੇ ਸਨ। ਇਸ ਤੋਂ ਬਾਅਦ 2002 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਚੋਣ ਲੜ ਕੇ ਵਿਧਾਇਕ ਬਣੇ। 2012 ਦੀਆਂ ਵਿਧਾਨਸਭਾ ਚੋਣਾਂ ਮੌਕੇ ਇਹ ਤੀਜੀ ਬਾਰ ਵਿਧਾਇਕ ਬਣੇ। 2012 ਤੋਂ 2017 ਤੱਕ ਸੁੱਬੇ ਵਿਚ ਰਹੀ ਪ੍ਰਕਾਸ਼ ਸਿੰਘ ਬਾਦਲ ਦੀ ਅਗੁਵਾਈ ਵਾਲੀ ਅਕਾਲੀ ਸਰਕਾਰ ਦੌਰਾਨ ਇਨ੍ਹਾਂ ਨੂੰ ਮੁੱਖ ਸੰਸਦੀ ਸਕੱਤਰ, ਪੇਂਡੂ ਵਿਕਾਸ ਅਤੇ ਪੰਚਾਇਤਾਂ ਨਿਯੁਕਤ ਕੀਤਾ ਗਿਆ। ਇਨ੍ਹਾਂ ਵਲੋਂ ਕੋਟਕਪੂਰਾ ਦੇ ਵਿਕਾਸ ਲਈ ਵੱਡਮੁੱਲਾ ਯੋਗਦਾਨ ਪਾਇਆ ਗਿਆ ਹੈ।
ਕੋਟਕਪੂਰਾ ਦੇ ਬੰਦ ਰਹਿੰਦੇ ਫਾਟਕਾਂ ਦੀ ਸਮੱਸਿਆ ਨੂੰ ਦੂਰ ਕਰਵਾਉਣ ਲਈ ਇਨ੍ਹਾਂ ਦੇ ਉਪਰਾਲਿਆਂ ਨਾਲ ਹੀ ਮੁਕਤਸਰ ਰੋਡ ਅਤੇ ਫਰੀਦਕੋਟ ਰੋਡ ਉਪਰ ਰੇਲਵੇ ਓਵਰਬ੍ਰਿਜਾਂ ਦਾ ਨਿਰਮਾਣ ਹੋਇਆ। ਕੋਟਕਪੂਰਾ ਨੂੰ ਤਹਿਸੀਲ ਦੇ ਤੌਰ ਤੇ ਅਪਗ੍ਰੇਡ ਕੀਤਾ ਗਿਆ। ਇਹ ਕੋਟਕਪੂਰਾ ਵਿੱਚ ਹੁਣ ਤੱਕ ਇਨ੍ਹਾਂ ਦੇ ਪਰਿਵਾਰ ਵਲੋਂ ਕਰਵਾਏ ਗਏ ਵਿਕਾਸ ਦੇ ਮੁੱਦੇ ਤੇ ਚੋਣ ਲੜ ਰਹੇ ਹਨ। ਮਨਤਾਰ ਸਿੰਘ ਬਰਾੜ ਪੋਸਟ ਗ੍ਰੈਜੂਏਟ ਤੱਕ ਸਿੱਖਿਆ ਪ੍ਰਾਪਤ ਹਨ। 2017 ਵਿਧਾਨਸਭਾ ਚੋਣਾਂ ਤੋਂ ਹੀ ਇਨ੍ਹਾਂ ਦੇ ਸੁਪੁੱਤਰ ਐਡਵੋਕੇਟ ਅਨੂਪ੍ਰਤਾਪ ਸਿੰਘ ਬਰਾੜ ਵੀ ਲਗਾਤਾਰ ਹਲਕੇ ਵਿੱਚ ਵਿਚਰ ਰਹੇ ਹਨ।