ਵਿਧਾਨ ਸਭਾ ਚੋਣਾਂ-ਪਹਿਲੇ ਦਿਨ 1 ਨਾਮਜ਼ਦਗੀ ਪੱਤਰ ਹੋਇਆ ਦਾਖ਼ਲ : ਜ਼ਿਲ੍ਹਾ ਚੋਣ ਅਫ਼ਸਰ
ਅਸ਼ੋਕ ਵਰਮਾ
ਬਠਿੰਡਾ, 25 ਜਨਵਰੀ 2022:ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਠਿੰਡਾ ਵਿਨੀਤ ਕੁਮਾਰ ਦੱਸਿਆ ਕਿ ਵਿਧਾਨ ਸਭਾ ਚੋਣਾਂ-2022 ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਪਹਿਲੇ ਦਿਨ ਜ਼ਿਲ੍ਹੇ ਅੰਦਰ 1 ਨਾਮਜ਼ਦਗੀ ਪੱਤਰ ਦਾਖ਼ਲ ਹੋਇਆ ਹੈ। ਇਹ ਨਾਮਜ਼ਦਗੀ ਪੱਤਰ ਵਿਧਾਨ ਸਭਾ ਹਲਕਾ 95-ਮੌੜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਗਮੀਤ ਸਿੰਘ ਬਰਾੜ ਵਲੋਂ ਦਾਖ਼ਲ ਕਰਵਾਇਆ ਗਿਆ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਹੋਰ ਦੱਸਿਆ ਕਿ ਨਾਮਜ਼ਦਗੀ ਪੱਤਰ 1 ਫ਼ਰਵਰੀ ਤੱਕ ਭਰੇ ਜਾ ਸਕਣਗੇ। ਨਾਮਜ਼ਦਗੀ ਪੱਤਰਾਂ ਦੀ ਜਾਂਚ-ਪੜਤਾਲ 2 ਫ਼ਰਵਰੀ ਨੂੰ ਅਤੇ 4 ਫ਼ਰਵਰੀ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ। ਨਾਮਜ਼ਦਗੀ ਪੱਤਰ ਸਵੇਰੇ 11 ਵਜੇ ਤੋਂ ਦੁਪਿਹਰ 3 ਵਜੇ ਤੱਕ ਭਰੇ ਜਾ ਸਕਣਗੇ। ਕਿਸੇ ਵੀ ਸਰਕਾਰੀ ਛੁੱਟੀ ਵਾਲੇ ਦਿਨ ਅਤੇ 26 ਜਨਵਰੀ ਨੂੰ ਨਾਮਜ਼ਦਗੀ ਪੱਤਰ ਨਹੀਂ ਭਰੇ ਜਾਣਗੇ। ਨਾਮਜ਼ਦਗੀ ਪੱਤਰ ਭਰਨ ਸਮੇਂ ਉਮੀਦਵਾਰ ਸਮੇਤ 2 ਨੁਮਾਇੰਦਿਆਂ ਨੂੰ ਹੀ ਅੰਦਰ ਜਾਣ ਦੀ ਆਗਿਆ ਹੋਵੇਗੀ।
ਬੈਠਕ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਨੀਤ ਕੁਮਾਰ ਨੇ ਦੱਸਿਆ ਕਿ ਨਾਮਜ਼ਦਗੀ ਪੱਤਰ ਆਨ-ਲਾਇਨ https://suvidha.eci.gov.in/login ਤੇ ਵੀ ਭਰੇ ਜਾ ਸਕਦੇ ਹਨ। ਉਨ੍ਹਾਂ ਮੌਜੂਦ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਾਮਜ਼ਦਗੀ ਪੱਤਰ ਭਰਨ ਸਮੇਂ ਕੋਵਿਡ-19 ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ। ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਹੋਰ ਦੱਸਿਆ ਕਿ ਇਹ ਨਾਮਜ਼ਦਗੀ ਪੱਤਰ ਜ਼ਿਲ੍ਹੇ ਨਾਲ ਸਬੰਧਤ ਵੱਖ-ਵੱਖ ਵਿਧਾਨ ਸਭਾ ਹਲਕਿਆਂ ਨਾਲ ਸਬੰਧਤ ਆਰਓਜ਼ ਵਲੋਂ ਵੱਖ-ਵੱਖ ਸਥਾਨਾਂ ਤੇ ਦਾਖ਼ਲ ਕਰਵਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਦੇ ਚਾਹਵਾਨ ਉਮੀਦਵਾਰ ਵਿਧਾਨ ਸਭਾ ਹਲਕਾ 90-ਰਾਮਪੁਰਾ ਫੂਲ ਨਾਲ ਸਬੰਧਤ ਨਾਮਜ਼ਦਗੀ ਪੱਤਰ ਕੋਰਟ ਰੂਮ ਤਹਿਸੀਲ ਕੰਪਲੈਕਸ, ਦਫ਼ਤਰ ਉਪ ਮੰਡਲ ਮੈਜਿਸਟ੍ਰੇਟ ਰਾਮਪੁਰਾ ਫੂਲ, ਵਿਧਾਨ ਸਭਾ ਹਲਕਾ 91-ਭੁੱਚੋ ਮੰਡੀ ਰੂਮ ਨੰਬਰ 110, ਗਰਾਊਂਡ ਫ਼ਲੋਰ ਦਫਤਰ ਸੈਕਟਰੀਏਟ ਰੀਜਨਲ ਟਰਾਂਸਪੋਰਟ ਅਥਾਰਟੀ (ਆਰਟੀਏ) ਡੀਏਸੀ ਕੰਪਲੈਕਸ ਬਠਿੰਡਾ, ਵਿਧਾਨ ਸਭਾ ਹਲਕਾ 92-ਬਠਿੰਡਾ ਸ਼ਹਿਰੀ ਕਮਰਾ ਨੰਬਰ 311, ਕੋਰਟ ਰੂਮ ਦਫ਼ਤਰ ਐਸਡੀਐਮ ਡੀਏਸੀ ਕੰਪਲੈਕਸ ਬਠਿੰਡਾ, ਵਿਧਾਨ ਸਭਾ ਹਲਕਾ 93-ਬਠਿੰਡਾ ਦਿਹਾਤੀ ਰੂਮ ਨੰਬਰ 201, ਬੀਡੀਏ ਕੰਪਲੈਕਸ, ਭਾਗੂ ਰੋਡ ਫ਼ੇਜ-1 ਮਾਡਲ ਟਾਊਨ ਬਠਿੰਡਾ, ਵਿਧਾਨ ਸਭਾ ਹਲਕਾ 94-ਤਲਵੰਡੀ ਸਾਬੋ ਦੇ ਦਫ਼ਤਰ ਨਗਰ ਕੌਂਸਲ ਵਿਖੇ ਅਤੇ ਵਿਧਾਨ ਸਭਾ ਹਲਕਾ 95-ਮੌੜ ਦੇ ਰੂਮ ਨੰਬਰ 112, ਦਫ਼ਤਰ ਐਸਡੀਐਮ ਮੌੜ ਵਿਖੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾ ਸਕਦੇ ਹਨ।