‘ਆਪ’ ਉਮੀਦਵਾਰ ਕੁਲਵੰਤ ਸਿੰਘ ਵੱਲੋਂ ਮੋਹਾਲੀ ਦੇ ਵਕੀਲਾਂ ਨਾਲ ਮੁਲਾਕਾਤ
ਹਰਜਿੰਦਰ ਸਿੰਘ ਭੱਟੀ
- ਵਕੀਲਾਂ ਨੇ ਪਿਛਲੇ ਲੰਬੇ ਸਮੇਂ ਤੋਂ ਲਮਕਦੀਆਂ ਆ ਰਹੀਆਂ ਮੰਗਾਂ ਬਾਰੇ ਦੱਸਿਆ ਅਤੇ ਕੁਲਵੰਤ ਸਿੰਘ ਨੇ ਸਰਕਾਰ ਬਣਨ ’ਤੇ ਹੱਲ ਕਰਵਾਉਣ ਦਾ ਦਿੱਤਾ ਭਰੋਸਾ
ਮੋਹਾਲੀ, 25 ਜਨਵਰੀ 2022 - ਵਿਧਾਨ ਸਭਾ ਹਲਕਾ ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਵੱਲੋਂ ਅੱਜ ਮੋਹਾਲੀ ਬਾਰ ਐਸੋਸੀਏਸ਼ਨ ਦੇ ਵਕੀਲਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਵੋਟਾਂ ਦੇ ਲਈ ਅਪੀਲ ਕੀਤੀ।
ਮੋਹਾਲੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਨੇਹਪ੍ਰੀਤ ਸਿੰਘ, ਜਨਰਲ ਸਕੱਤਰ ਅਕਸ਼ ਚੇਤਨ, ਸਾਬਕਾ ਪ੍ਰਧਾਨ ਮਨਪ੍ਰੀਤ ਸਿੰਘ ਚਹਿਲ ਤੇ ਅਮਰਜੀਤ ਸਿੰਘ ਲੌਂਗੀਆ, ਐਡਵੋਕੇਟ ਸਿਮਰਨਜੀਤ ਸਿੰਘ, ਜਸਪਾਲ ਸਿੰਘ, ਤਰਨਜੋਤ ਕੌਰ, ਕੁਲਵਿੰਦਰ ਕੌਰ, ਕਰਨ ਖੁੱਲਰ, ਮਨਮੋਹਿਤ ਪਾਂਧੀ, ਐਚ.ਐਸ. ਦੀਵਾਨਾ ਆਦਿ ਵਕੀਲਾਂ ਨੇ ਉਮੀਦਵਾਰ ਕੁਲਵੰਤ ਸਿੰਘ ਨੂੰ ਦੱਸਿਆ ਕਿ ਉਨ੍ਹਾਂ ਦੀਆਂ ਮੰਗਾਂ ਵੱਲ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਅੱਜ ਤੱਕ ਨਾ ਤਾਂ ਮੋਹਾਲੀ ਅਦਾਲਤ ਕੋਲੋਂ ਲੰਘਦੇ ਗੰਦੇ ਪਾਣੀ ਦਾ ਮਸਲਾ ਹੱਲ ਹੋ ਸਕਿਆ ਹੈ ਅਤੇ ਨਾ ਹੀ ਅਦਾਲਤ ਦੇ ਬਾਹਰ ਪਾਰਕਿੰਗ ਦਾ ਮਸਲਾ ਹੱਲ ਹੋ ਸਕਿਆ ਹੈ।
ਵਕੀਲਾਂ ਨੇ ਦੱਸਿਆ ਕਿ ਹੋਰ ਤਾਂ ਹੋਰ ਕਰੋਨਾ ਮਹਾਂਮਾਰੀ ਫੈਲਣ ਦੌਰਾਨ ਜਦੋਂ ਅਦਾਲਤਾਂ ਬੰਦ ਹੋ ਗਈਆਂ ਤਾਂ ਵਕੀਲਾਂ ਸਮੇਤ ਉਨ੍ਹਾਂ ਨਾਲ ਜੁਡ਼ਿਆ ਹੋਰ ਸਟਾਫ਼ ਵਿੱਤੀ ਤੌਰ ’ਤੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਪ੍ਰੰਤੂ ਮੌਜੂਦਾ ਸਰਕਾਰ ਨੇ ਉਨ੍ਹਾਂ ਦੀ ਕੋਈ ਕਿਸੇ ਕਿਸਮ ਦੀ ਮੱਦਦ ਨਹੀਂ ਕੀਤੀ। ਇਸ ਤੋਂ ਇਲਾਵਾ ਹੋਰ ਵੀ ਕਈ ਮੰਗਾਂ ਵਕੀਲਾਂ ਨੇ ਕੁਲਵੰਤ ਸਿੰਘ ਅੱਗੇ ਰੱਖੀਆਂ ਜਿਸ ਦੌਰਾਨ ਕੁਲਵੰਤ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਵਕੀਲਾਂ ਦੇ ਮਸਲੇ ਹੱਲ ਕੀਤੇ ਜਾਣਗੇ। ਐਸੋਸੀਏਸ਼ਨ ਦੇ ਪ੍ਰਧਾਨ ਸਨੇਹਪ੍ਰੀਤ ਸਿੰਘ ਸਮੇਤ ਸਮੂਹ ਵਕੀਲਾਂ ਨੇ ਉਨ੍ਹਾਂ ਨੂੰ ਚੋਣ ਜਿੱਤਣ ਲਈ ਸ਼ੁੱਭ ਇੱਛਾਵਾਂ ਦਿੱਤੀਆਂ।
ਇਸ ਮੌਕੇ ਕੁਲਵੰਤ ਸਿੰਘ ਦੇ ਨਾਲ ਨਗਰ ਨਿਗਮ ਮੋਹਾਲੀ ਦੇ ਸਾਬਕਾ ਡਿਪਟੀ ਮੇਅਰ ਅਤੇ ਮੌਜੂਦਾ ਕੌਂਸਲਰ ਮਨਜੀਤ ਸਿੰਘ ਸੇਠੀ, ਕੌਂਸਲਰ ਪਰਮਜੀਤ ਸਿੰਘ ਕਾਹਲੋਂ ਵੀ ਹਾਜ਼ਰ ਸਨ।