ਡੇਰਾ ਹਰਜੀ ਸਾਹਿਬ ਵਿਖੇ ਬਾਬਾ ਧਰਮ ਸਿੰਘ ਦੀ 17ਵੀਂ ਸਲਾਨਾ ਬਰਸੀ ਮਨਾਈ ਗਈ
- ਸੰਤਾਂ ਮਹਾਂਪੁਰਸ਼ਾਂ ਨੂੰ ਵਾਤਾਵਰਣ ਦੇ ਮੁੱਦੇ ਤੇ ਅੱਗੇ ਆਉਣ ਦੀ ਅਪੀਲ
- ਜਦੋ ਤੱਕ ਅਸੀ ਆਪਣੀ ਸੋਚ ਨਹੀ ਬਦਲਦੇ ਉੱਦੋਂ ਤੱਕ ਸਾਡੇ ਹਲਾਤ ਨਹੀ ਬਦਲਣਗੇ:- ਸੰਤ ਸੀਚੇਵਾਲ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 25 ਜਨਵਰੀ 2022 - ਡੇਰਾ ਬਾਬਾ ਹਰਜੀ ਸਾਹਿਬ ਖੁਖਰੈਣ ਵਿਖੇ ਬਾਬਾ ਧਰਮ ਸਿੰਘ ਜੀ ਦੀ 17ਵੀਂ ਸਲਾਨਾ ਬਰਸੀ ਸ਼ਰਧਾ ਸਤਿਕਾਰ ਨਾਲ ਮਨਾਈ ਗਈ। ਜਿਸ ਵਿਚ ਇਲਾਕੇ ਦੀਆਂ ਸੰਗਤਾਂ ਵੱਲੋਂ ਵੱਡੇ ਪੱਧਰ ਤੇ ਹਾਜ਼ਰੀ ਲਗਵਾਈ ਗਈ ਤੇ ਇਲਾਕੇ ਦੇ ਮਹਾਂਪੁਰਸ਼ਾ ਵੱਲੋਂ ਇਸ ਸਮਾਗਮ ਵਿਚ ਸ਼ਿਰਕਤ ਕੀਤੀ ਗਈ। ਸੰਤਾਂ ਮਹਾਂਪੁਰਸ਼ਾਂ ਵੱਲੋਂ ਬਾਬਾ ਧਰਮ ਸਿੰਘ ਜੀ ਨੂੰ ਉਹਨਾਂ ਦੀ ਬਰਸੀ ਮੌਕੇ ਯਾਦ ਕਰਦਿਆ ਉਹਨਾਂ ਨੂੰ ਸ਼ਰਧਾ ਤੇ ਸਤਿਕਾਰ ਦੇ ਫੁੱਲ ਭੇਟ ਕੀਤੇ ਗਏ ਅਤੇ ਉਹਨਾਂ ਦੇ ਜੀਵਨ ਤੇ ਚਾਨਣਾ ਪਾਇਆ ਗਿਆ। ਇਹ ਸਮਾਗਮ ਡੇਰਾ ਬਾਬਾ ਹਰਜੀ ਸਾਹਿਬ ਦੇ ਮੌਜੂਦਾ ਸੰਤ ਅਮਰੀਕ ਸਿੰਘ ਜੀ ਖੁਖਰੈਣ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਇਸ ਮੌਕੇ ਆਏ ਮਹਾਂਪੁਰਸ਼ਾਂ ਵੱਲੋਂ ਸੰਗਤਾਂ ਨੂੰ ਪ੍ਰਵਚਨਾਂ ਰਾਹੀਂ ਗੁਰਬਾਣੀ ਨਾਲ ਜੋੜਿਆ ਤੇ ਕੀਰਤਨੀ ਜੱਥੇ ਵੱਲੋਂ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸੰਤਾਂ ਮਹਾਂਪੁਰਸ਼ਾਂ ਵੱਲੋਂ ਆ ਰਹੀਆਂ ਵਿਧਾਨ ਸਭਾ ਚੋਣਾਂ ਦਾ ਜ਼ਿਕਰ ਕਰਦਿਆ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਉਸ ਪਾਰਟੀ ਨੂੰ ਵੋਟ ਪਾਉਣ ਜਿਹੜੀ ਉਹਨਾਂ ਦੇ ਬੱਚਿਆਂ ਦੇ ਭਵਿੱਖ ਅਤੇ ਮੌਲਿਕ ਅਧਿਕਾਰਾਂ ਨੂੰ ਸੁਰੱਖਿਅਤ ਰੱਖੇ।
ਇਸ ਮੌਕੇ ਸਮਾਗਮ ਨੂੰ ਸੰਬੋਧਨ ਹੁੰਦਿਆ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸਾਡੇ ਗੁਰੂਆਂ ਤੇ ਵੱਡੇ ਵੱਡੇਰਿਆਂ ਪੰਜਾਬ ਦੀ ਜਿਸ ਧਰਤੀ ਉਪਰ ਰਹੇ ਸੀ, ਹਵਾ ਵਿਚ ਸਾਹ ਲਿਆ ਸੀ ਅਤੇ ਇੱਥੋਂ ਦੀਆਂ ਪਵਿੱਤਰ ਨਦੀਆਂ ਵਿੱਚੋਂ ਪਾਣੀ ਪਿਤਾ ਸੀ। ਅਸੀ ਉਹਨਾਂ ਨੂੰ ਇਸ ਕਦਰ ਪ੍ਰਦੂਸ਼ਿਤ ਕਰ ਲਿਆ ਕਿ ਨਾ ਸਾਡੀ ਧਰਤੀ ਸਾਫ ਰਹੀ ਤੇ ਨਾ ਹੀ ਹਵਾ, ਪਾਣੀ ਤੇ ਖੁਰਾਕ। ਸਾਡੇ ਗੁਰੂਆਂ ਨੇ ਸਾਨੂੰ ਬੜੀ ਸਰਲ ਭਾਸ਼ਾ ਵਿਚ ਕਾਦਰ ਦੀ ਕੁਦਰਤ ਨਾਲ ਇਕਮਿਕ ਹੋਣ ਦਾ ਸੰਦੇਸ਼ ਦਿੱਤਾ, ਜਿਸਨੂੰ ਅਸੀ ਵਿਸਾਰ ਕੇ ਕੁਦਰਤ ਨਾਲ ਖਿਲਵਾੜ ਕਰ ਰਹੇ ਹਾਂ।
ਸੰਤ ਸੀਚੇਵਾਲ ਨੇ ਕਿਹਾ ਕਿ ਸਾਡੇ ਵਡੇਰਿਆਂ ਦੀ ਕੁਰਬਾਨੀ ਕਰਕੇ ਹੀ ਅੱਜ ਸਾਡਾ ਦੇਸ਼ ਤਾਨਾਸ਼ਾਹੀ ਦੇ ਰਾਜ ਵਿਚੋ ਨਿਕਲਿਆ ਹੈ ਤੇ ਹੁਣ ਲੋਕ ਆਪਣੀ ਸਰਕਾਰ ਆਪ ਚੁਣ ਸਕਦੇ ਹਨ। ਪਰ ਬੜੇ ਦੁੱਖ ਦੀ ਗੱਲ ਹੈ ਕਿ ਅਸੀ ਉਸ ਕੁਰਬਾਨੀ ਨੂੰ ਭੱੁਲ ਕੇ ਨਸ਼ੇ ਤੇ ਕੁਝ ਪੈਸਿਆਂ ਦੀ ਲਾਲਚ ਵਿਚ ਵੋਟ ਪਾ ਰਹੇ ਹਾਂ। ਪੜੇ ਲਿਖੇ ਤੇ ਸੂਝਵਾਨਾਂ ਲੋਕ ਬਿਨਾਂ ਆਪਣੇ ਮੌਲਿਕ ਅਧਿਕਾਰ ਤੇ ਹੱਕ ਮੰਗੇ ਵੋਟ ਪਾ ਰਹੇ ਹਨ, ਜਿਸ ਕਾਰਨ ਅੱਜ ਵਾਤਾਵਰਣ ਦਾ ਮੱੁਦਾ ਮੌਤ ਮੁੱਦਾ ਬਣ ਗਿਆ ਹੈ। ਅਸੀ ਹੁਣ ਤੱਕ ਕਿਸੇ ਵੀ ਪਾਰਟੀ ਕੋਲੋਂ ਨਾ ਤਾਂ ਆਪਣੇ ਬੱਚਿਆਂ ਦਾ ਭਵਿੱਖ ਮੰਗਿਆ ਤੇ ਨਾ ਹੀ ਸਾਫ ਹਵਾ ਪਾਣੀ ਤੇ ਖੁਰਾਕ। ਉਹਨਾਂ ਕਿਹਾ ਕਿ ਲੀਡਰਾਂ ਨੂੰ ਸਤ੍ਹਾ ਵਿਚ ਲਿਆਉਣ ਦੀ ਤਾਕਤ ਸਾਡੀ ਵੋਟ ਵਿਚ ਹੈ ਜਿਸਨੂੰ ਅਸੀ ਹੁਣ ਸਮਝਦੇ ਨਹੀ ਤੇ ਬਾਅਦ ਵਿਚ ਧਰਨੇ ਲਗਾਉਂਦੇ ਹਾਂ। ਉਹਨਾਂ ਕਿਹਾ ਕਿ ਪੰਜਾਬ ਦੇ ਬੇਆਬ ਹੋ ਰਹੇ ਹਲਾਤ ਤਾਂ ਹੀ ਸੁਧਰਨਗੇ ਜਿਸ ਦਿਨ ਅਸੀ ਆਪਣੀ ਸੋਚ ਬਦਲਾਗੇ ਤੇ ਲੀਡਰਾਂ ਨੂੰ ਵਾਤਾਵਰਣ ਦੇ ਮੁੱਦੇ ਤੇ ਸਵਾਲ ਪੁੱਛਾਂਗੇ।
ਇਸ ਮੌਕੇ ਸੰਤ ਅਮਰੀਕ ਸਿੰਘ ਜੀ ਖੁਖਰੈਣ ਨੇ ਕਿਹਾ ਕਿ ਸੰਵਿਧਾਨ ਵਿਚ ਬੇੱਸ਼ੱਕ ਪ੍ਰਦੂਸ਼ਣ ਨੂੰ ਰੋਕਣ ਕਈ ਐਕਟ ਬਣਾਏ ਗਏ ਹਨ, ਪਰ ਹਲੇ ਤੱਕ ਲਾਗੂ ਨਹੀ ਹੋਏ ਕਿਉਂਕਿ ਇਸ ਪ੍ਰਤੀ ਨਾ ਤਾ ਅਸੀ ਅਵਾਜ਼ ਚੁੱਕੀ ਤੇ ਨੇ ਹੀ ਆਪਣੇ ਮੌਲਿਕ ਅਧਿਕਾਰਾਂ ਦੀ ਮੰਗ ਕਿਸੇ ਪਾਰਟੀ ਕੋਲੋਂ ਕੀਤੀ। ਉਹਨਾਂ ਭਰੋਸਾ ਦਿੱਤਾ ਕਿ ਉਹ ਰਾਜਸੀ ਪਾਰਟੀਆਂ ਨੂੰ ਇਸ ਬਾਰੇ ਅਪੀਲ ਕਰਨਗੇ ਤੇ ਲੋਕਾਂ ਨੂੰ ਜਾਗਰੂਕ ਕਰਨਗੇ ਤੇ ਸਾਡੇ ਜੀਵਨ ਨਾਲ ਜੁੜੇ ਇਸ ਗੰਭੀਰ ਮੁੱਦੇ ਨੂੰ ਵੱਖ-ਵੱਖ ਪਲੇਟ ਫਾਰਮਾਂ ’ਤੇ ਉਭਾਰਣਗੇ।
ਇਸ ਮੌਕੇ ਸ੍ਰੀ ਮਹੰਤ ਗਿਆਨੀ ਗਿਆਨ ਦੇਵ ਜੀ ਨਿਰਮਲ ਪੰਚਾਇਤੀ ਅਖਾੜਾ, ਸਾਬਕਾ ਜੱਥੇਦਾਰ ਗਿਆਨੀ ਗੁਰਬਚਨ ਸਿੰਘ, ਸੰਤ ਲੀਡਰ ਸਿੰਘ ਜੀ ਸੈਫਲਾਬਾਦ ਸਿੰਘ, ਸੰਤ ਅਵਤਾਰ ਸਿੰਘ ਜੀ, ਸੰਤ ਗੱਜਣ ਸਿੰਘ ਤਰਨਾ ਦਲ, ਸੰਤ ਬਲਬੀਰ ਸਿੰਘ ਰੱਬ ਜੀ, ਸੰਤ ਮਹਾਤਮਾ ਮੁਨੀ ਜੀ, ਸੰਤ ਦਰਸ਼ਨ ਸਿੰਘ ਸ਼ਾਸ਼ਤਰੀ ਆਦਿ ਮਹਾਂਪੁਰਸ਼ ਹਾਜ਼ਰ ਸਨ।