ਹੁਸ਼ਿਆਰਪੁਰ: ਜ਼ਿਲ੍ਹਾ ਚੋਣ ਅਫ਼ਸਰ ਨੇ ਟਰਾਂਸਜੈਂਡਰਾਂ ਨੂੰ ਵੋਟ ਪਾਉਣ ਲਈ ਕੀਤਾ ਜਾਗਰੂਕ
- ਕਿਹਾ, ਸਾਰੇ ਆਪਣੀ ਵੋਟ ਪਾਉਣ ਦੇ ਲੋਕਤੰਤਰਿਕ ਅਧਿਕਾਰ ਦਾ ਪ੍ਰਯੋਗ ਕਰਦੇ ਹੋਏ ਹੋਰਨਾਂ ਨੂੰ ਵੀ ਕਰਨ ਜਾਗਰੂਕ
ਹੁਸ਼ਿਆਰਪੁਰ, 25 ਜਨਵਰੀ 2022 - ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿਚ ਵੋਟਿੰਗ ਜਾਗਰੂਕਤਾ ਵਿਚ ਜ਼ਿਲ੍ਹੇ ਦੇ ਟਰਾਂਸਜੈਂਡਰ ਵੋਟਰਾਂ ਦੀ ਮਹੱਤਵਪੂਰਨ ਭੂਮਿਕਾ ਹੈ। ਉਹ ਅੱਜ ਰਾਸ਼ਟਰੀ ਵੋਟਰ ਦਿਵਸ ’ਤੇ ਸਰਵਿਸਜ਼ ਕਲੱਬ ਵਿਚ ਟਰਾਂਸਜੈਂਡਰਸ ਵੋਟਰਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਟਰਾਂਸਜੈਂਡਰਸ ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਮਹਿਲਾ, ਪੁਰਸ਼ ਤੇ ਟਰਾਂਸਜੈਂਡਰ ਲੋਕਤੰਤਰ ਵਿਚ ਸਭ ਬਰਾਬਰ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਸਾਰਿਆਂ ਨੂੰ ਵੋਟ ਪਾਉਣ ਦੀ ਸਹੁੰ ਚੁਕਾਉਂਦੇ ਹੋਏ ਕਿਹਾ ਕਿ ਉਹ ਹੋਰ ਲੋਕਾਂ ਨੂੰ ਵੀ ਵੋਟਾਂ ਪਾਉਣ ਲਈ ਪ੍ਰੇਰਿਤ ਕਰਨ ਅਤੇ 20 ਫਰਵਰੀ ਨੂੰ ਆਪਣੇ ਵੋਟ ਪਾਉਣ ਦੇ ਅਧਿਕਾਰ ਦਾ ਪ੍ਰਯੋਗ ਜ਼ਰੂਰ ਕਰਨ। ਉਨ੍ਹਾਂ ਕਿਹਾ ਕਿ ਵੋਟ ਸਾਡੀ ਤਾਕਤ ਅਤੇ ਅਧਿਕਾਰ ਹੈ, ਇਸ ਲਈ ਇਸ ਅਧਿਕਾਰ ਦਾ ਪ੍ਰਯੋਗ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਇਸ ਦੌਰਾਨ ਉਨ੍ਹਾਂ ਨੇ ਆਏ ਸਾਰੇ ਟਰਾਂਸਜੈਂਡਰਾਂ ਦਾ ਸਨਮਾਨ ਵੀ ਕੀਤਾ। ਆਏ ਸਾਰੇ ਟਰਾਂਸਜੈਂਡਰਾਂ ਨੇ ਜ਼ਿਲ੍ਹਾ ਚੋਣ ਅਫ਼ਸਰ ਨੂੰ ਵਿਸ਼ਵਾਸ ਦੁਆਇਆ ਕਿ ਉਹ ਆਪਣੀ ਵੋਟ ਦਾ ਪ੍ਰਯੋਗ ਕਰਨ ਦੇ ਨਾਲ-ਨਾਲ ਹੋਰਨਾਂ ਨੂੰ ਵੀ ਪ੍ਰੇਰਿਤ ਕਰਨਗੇ।
ਇਸ ਮੌਕੇ ਜ਼ਿਲ੍ਹਾ ਵਿਕਾਸ ਫੈਲੋ ਸ੍ਰੀ ਅਦਿਤਿਆ ਮਦਾਨ, ਕਾਨੂੰਗੋ ਦੀਪਕ ਕੁਮਾਰ, ਹਰਪ੍ਰੀਤ ਕੌਰ, ਚੰਦਰ ਪ੍ਰਕਾਸ਼ ਸੈਣੀ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।