ਅਕਾਲੀ ਦਲ-ਬਸਪਾ ਗਠਜੋੜ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਦਾ ਸਿਆਸੀ ਸਫਰ
ਦੀਪਕ ਗਰਗ
ਫਰੀਦਕੋਟ 25 ਜਨਵਰੀ 2022 - ਪੰਜਾਬ ਵਿਧਾਨਸਭਾ ਚੋਣਾਂ 2022 : ਫਰੀਦਕੋਟ ਵਿਧਾਨਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ - ਬਸਪਾ ਗਠਜੋੜ ਵਲੋਂ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਜੱਟ ਸਿੱਖ ਪਰਮਬੰਸ ਸਿੰਘ ਰੋਮਾਣਾ ਦਾ ਗੋਤ ਧਾਲੀਵਾਲ ਹੈ। ਪਰ ਪਿੰਡ ਡੱਗੋ ਰੋਮਾਣਾ ਦੇ ਵਸਨੀਕ ਹੋਣ ਕਰਕੇ ਇਹ ਪੁਰੀ ਦੁਨੀਆ ਦੇ ਪੰਜਾਬੀਆਂ ਵਿੱਚ ਬੰਟੀ ਰੋਮਾਣਾ ਦੇ ਨਾਂਅ ਨਾਲ ਹੀ ਜਾਣੇ ਜਾਂਦੇ ਹਨ। ਦੁਨੀਆ ਇਸ ਲਈ ਕਿਉਂਕਿ ਇਹ ਪੰਜਾਬੀਆਂ ਦੀ ਸਭ ਤੋਂ ਵੱਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਕੌਮੀ ਪ੍ਰਧਾਨ ਹਨ। ਬੰਟੀ ਰੋਮਾਣਾ ਨੇ ਅੰਗ੍ਰੇਜ਼ੀ ਆਨਰਸ ਅਤੇ ਐੱਮ.ਏ ਅੰਗ੍ਰੇਜ਼ੀ ਤੱਕ ਪੜਾਈ ਕੀਤੀ ਹੈ।
1998 ਵਿੱਚ ਸੁਖਬੀਰ ਬਾਦਲ ਨਾਲ ਇਨ੍ਹਾਂ ਦੀ ਪਹਿਲੀ ਮੁਲਾਕਾਤ ਹੋਈ ਸੀ। ਬੇਸ਼ਕ ਇਨ੍ਹਾਂ ਦਾ ਪਰਿਵਾਰ ਪਹਿਲਾਂ ਤੋਂ ਹੀ ਅਕਾਲੀ ਦਲ ਨਾਲ ਜੁੜਿਆ ਸੀ ਪਰ ਸੁਖਬੀਰ ਬਾਦਲ ਨੇ ਇਨ੍ਹਾਂ ਦੀਆਂ ਗਤੀਵਿਧੀਆਂ ਅਤੇ ਪਰਸਨੈਲਿਟੀ ਤੋਂ ਪ੍ਰੇਰਿਤ ਹੋਕੇ ਇਨ੍ਹਾਂ ਨੂੰ ਸਰਗਰਮ ਰਾਜਨੀਤੀ ਵਿੱਚ ਆਊਨ ਲਈ ਪ੍ਰੇਰਿਤ ਕੀਤਾ ਅਤੇ ਇਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਕਰ ਲਿਆ। 2017 ਵਿਧਾਨਸਭਾ ਚੋਣਾਂ ਮੌਕੇ ਭੀ ਸ਼੍ਰੋਮਣੀ ਅਕਾਲੀ ਦਲ ਨੇ ਇਨ੍ਹਾਂ ਨੂੰ ਫਰੀਦਕੋਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਸੀ।
ਪਰ ਇਹ ਚੋਣ ਹਾਰ ਗਏ ਸੀ। ਇਸ ਤੋਂ ਬਾਅਦ ਇਨ੍ਹਾਂ ਨੂੰ ਪਾਰਟੀ ਦਾ ਪ੍ਰਮੁੱਖ ਬੁਲਾਰਾ, ਮੀਡਿਆ ਇੰਚਾਰਜ ਅਤੇ ਯੂਥ ਅਕਾਲੀ ਦਲ ਦਾ ਕੌਮੀ ਮੀਤ ਪ੍ਰਧਾਨ ਲਗਾਇਆ ਗਿਆ । ਇਸ ਸਮੇਂ ਬੰਟੀ ਰੋਮਾਣਾ ਸ਼੍ਰੋਮਣੀ ਅਕਾਲੀ ਦਲ ਦੇ ਮੂਹਰਲੀ ਕਤਾਰ ਦੇ ਆਗੂ ਅਤੇ ਬੁਲਾਰੇ ਹਨ। ਬਾਦਲ ਪਰਿਵਾਰ ਇਨ੍ਹਾਂ ਦੀ ਮਿਹਨਤ ਅਤੇ ਪਾਰਟੀ ਪ੍ਰਤੀ ਵਫ਼ਾਦਾਰੀ ਤੋਂ ਬੇਹੱਦ ਪ੍ਰਭਾਵਿਤ ਦਿਖ ਰਿਹਾ ਹੈ।
ਇਨ੍ਹਾਂ ਦੀ ਧਰਮਪਤਨੀ ਸੁਖਜੀਵ ਕੌਰ ( ਸ਼ੇਰੀ ) ਇੰਡੋਨੇਸ਼ਿਆ ਦੀ ਰਾਜਧਾਨੀ ਜਕਾਰਤਾ ਵਿਖੇ ਜੰਮੀ ਪੱਲੀ ਹੈ। ਜਿਸਨੇ ਆਪਣੀ ਸਿੱਖਿਆ ਚੰਡੀਗੜ੍ਹ ਤੋਂ ਪ੍ਰਾਪਤ ਕੀਤੀ ਹੈ। ਸੁਖਜੀਵ ਦਾ ਪੇਕਾ ਪਰਿਵਾਰ ਗੈਰ ਰਾਜਨੈਤਿਕ ਹੈ। ਇਨ੍ਹੀ ਦਿਨੀਂ ਸੁਖਜੀਵ ਕੌਰ ਰੋਮਾਣਾ ਫਰੀਦਕੋਟ ਵਿਧਾਨਸਭਾ ਹਲਕੇ ਵਿੱਚ ਆਪਣੇ ਪਤੀ ਬੰਟੀ ਦੀ ਜਿੱਤ ਲਈ ਲਗਾਤਾਰ ਮਿਹਨਤ ਕਰ ਰਹੀ ਹੈ। ਉਹ ਆਪਣੇ ਪਤੀ ਦੀ ਜਿੱਤ ਯਕੀਨੀ ਬਣਾਉਣ ਲਈ ਲਗਾਤਾਰ ਲੋਕਾਂ ਤੱਕ ਪਹੁੰਚ ਕਰ ਰਹੀ ਹੈ। ਫਰੀਦਕੋਟ ਦੀ ਜਨਤਾ ਵੀ ਇਕ ਸੇਲਿਬ੍ਰਿਟੀ ਦੀ ਤਰਾਂ ਸੁਖਜੀਵ ਦਾ ਸਵਾਗਤ ਕਰ ਰਹੀ ਹੈ।
ਵਿਦੇਸ਼ ਵਿੱਚ ਜੰਮੀ ਪੱਲੀ ਹੋਣ ਦੇ ਬਾਵਜੁਦ ਸੁਖਜੀਵ ਨੇ ਆਪਣੀ ਵਾਕਫ਼ੀਅਤ ਅਤੇ ਅਦੁੱਤੀ ਊਰਜਾ ਨਾਲ ਫਰੀਦਕੋਟ ਵਿਧਾਨਸਭਾ ਦੀ ਸਿਆਸਤ ਨੂੰ ਬਹੁਤ ਦਿਲਚਸਪ ਬਣਾ ਦਿੱਤਾ ਹੈ।