ਟਕਸਾਲੀ ਅਕਾਲੀ ਲੋਪੋਂ ਪਰਿਵਾਰ ਸਾਰੇ ਗਿਲੇ-ਸ਼ਿਕਵੇ ਭੁਲਾ ਅਕਾਲੀ ਦਲ ਵੱਲੋਂ ਐਲਾਨ ਗਏ ਉਮੀਦਵਾਰ ਢਿੱਲੋਂ ਦੇ ਹੱਕ 'ਚ ਤੁਰਿਆ
ਸਮਰਾਲਾ, 25 ਜਨਵਰੀ 2022 - ਹਲਕਾ ਸਮਰਾਲਾ ਅੰਦਰ ਅੱਜ ਉਸ ਵੇਲੇ ਸਾਰੇ ਸਿਆਸੀ ਸਮੀਕਰਨ ਬਦਲਦੇ ਹੋਏ ਵਿਖਾਈ ਦਿੱਤੇ, ਜਦੋਂ ਇਸ ਹਲਕੇ ਤੋਂ ਅਕਾਲੀ ਦਲ ਦੀ ਟਿਕਟ ਦਾ ਪ੍ਰਮੁੱਖ ਦਾਅਵੇਦਾਰ ਰਿਹਾ ਟਕਸਾਲੀ ਅਕਾਲੀ ਲੋਪੋਂ ਪਰਿਵਾਰ ਵੀ ਆਪਣੇ ਸਾਰੇ ਗਿਲੇ-ਸ਼ਿਕਵੇ ਭੁਲਾ ਕੇ ਪਾਰਟੀ ਵੱਲੋਂ ਐਲਾਨ ਗਏ ਉਮੀਦਵਾਰ ਪਰਮਜੀਤ ਸਿੰਘ ਢਿੱਲੋਂ ਦੇ ਹੱਕ ਵਿੱਚ ਤੁਰ ਪਿਆ ਹੈ। ਹਲਕੇ ਵਿੱਚ ਆਪਣਾ ਵੱਡਾ ਸਿਆਸੀ ਆਧਾਰ ਰੱਖਣ ਵਾਲੇ ਲੋਪੋਂ ਪਰਿਵਾਰ ਨੇ ਸਮਰਾਲਾ ਹਲਕੇ ਦੀ ਸੀਟ ’ਤੇ ਅਕਾਲੀ ਦਲ ਦੀ ਜਿੱਤ ਪੱਕੀ ਕਰਨ ਲਈ ਨਾ ਸਿਰਫ ਪਾਰਟੀ ਉਮੀਦਵਾਰ ਪਰਮਜੀਤ ਢਿੱਲੋਂ ਦੀ ਚੋਣ ਕਮਾਨ ਹੀ ਸੰਭਾਲ ਲਈ ਹੈ, ਬਲਕਿ ਵਿਰੋਧੀਆ ਨੂੰ ਪਛਾੜਨ ਲਈ ਅੱਗੇ ਹੋਕੇ ਪੂਰੀ ਤਾਕਤ ਨਾਲ ਸਿਆਸੀ ਲੜਾਈ ਲੜਨ ਦਾ ਐਲਾਨ ਵੀ ਕਰ ਦਿੱਤਾ।
ਅੱਜ ਸਮਰਾਲਾ ਵਿਖੇ ਪਾਰਟੀ ਦਫ਼ਤਰ ਵਿਖੇ ਹਲਕੇ ਦੇ ਸੀਨੀਅਰ ਅਕਾਲੀ ਆਗੂਆਂ ਅਤੇ ਪਾਰਟੀ ਉਮੀਦਵਾਰ ਪਰਮਜੀਤ ਸਿੰਘ ਢਿੱਲੋਂ ਦੀ ਹਾਜ਼ਰੀ ਵਿੱਚ ਬੁਲਾਈ ਗਈ ਪ੍ਰੈਸ ਕਾਨਫੰਰਸ ਨੂੰ ਸੰਬੋਧਨ ਕਰਦਿਆ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਰਜਿੰਦਰ ਸਿੰਘ ਬਬਲੂ ਲੋਪੋਂ ਨੇ ਆਖਿਆ ਕਿ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੱਲ ਉਨਾਂ ਦੇ ਨਿਵਾਸ ਵਿਖੇ ਪਹੁੰਚ ਕੇ ਉਨਾਂ ਦੇ ਜਿਹੜੇ ਵੀ ਸ਼ਿਕਵੇ ਸਨ, ਉਹ ਦੂਰ ਕਰਦੇ ਹੋਏ ਸਮਰਾਲਾ ਹਲਕੇ ’ਚ ਅਕਾਲੀ ਦਲ ਨੂੰ ਵੱਡੀ ਜਿੱਤ ਦਿਵਾਉਣ ਦੀ ਜਿੰਮੇਵਾਰੀ ਸੌਂਪੀ ਹੈ। ਉਨਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਬਹੁਤ ਵੱਡਾ ਪਰਿਵਾਰ ਹੈ ਅਤੇ ਇਸ ਹਲਕੇ ’ਚ ਜਿੱਤ ਲਈ ਸਾਰੇ ਹੀ ਟਕਸਾਲੀ ਅਕਾਲੀ ਪਰਿਵਾਰ ਇਕਜੁੱਟ ਹੋਕੇ ਕੰਮ ਕਰਨਗੇ। ਉਨਾਂ ਪਾਰਟੀ ਤੋਂ ਨਰਾਜ਼ ਚੱਲ ਰਹੇ ਸਮਰਾਲਾ ਦੀ ਸਿਆਸਤ ਦਾ ਧੁਰਾ ਮੰਨੇ ਜਾਂਦੇ ਖੀਰਨੀਆਂ ਪਰਿਵਾਰ ਵੱਲ ਇਸ਼ਾਰਾ ਕਰਦਿਆ ਕਿਹਾ ਕਿ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਛੇਤੀ ਹੀ ਉਨਾਂ ਦੀਆਂ ਨਰਾਜ਼ਗੀਆਂ ਦੂਰ ਕਰਕੇ ਉਨਾਂ ਨੂੰ ਵੀ ਪਾਰਟੀ ਦੀ ਜਿੰਮੇਵਾਰੀ ਸੌਂਪਣਗੇ।
ਇਸ ਮੌਕੇ ਹਾਜ਼ਰ ਪਾਰਟੀ ਉਮੀਦਵਾਰ ਪਰਮਜੀਤ ਸਿੰਘ ਢਿੱਲੋਂ ਨੇ ਲੋਪੋਂ ਪਰਿਵਾਰ ਵੱਲੋਂ ਉਨਾਂ ਦੀ ਚੋਣ ਮੁਹਿੰਮ ਦੀ ਕਮਾਨ ਸੰਭਾਲਣ ’ਤੇ ਇਸ ਸੀਟ ’ਤੇ ਵੱਡੀ ਜਿੱਤ ਦਾ ਦਾਅਵਾ ਕਰਦੇ ਹੋਏ ਆਖਿਆ ਕਿ ਸੂਬੇ ਵਿੱਚ ਅਕਾਲੀ-ਬਸਪਾ ਗਠਜੋੜ ਦੀ ਸਰਕਾਰ ਬਣਾਉਣ ਲਈ ਸਾਰੇ ਹੀ ਵਰਗ ਤਤੱਪਰ ਹਨ। ਉਨਾਂ ਕਿਹਾ ਕਿ ਅਕਾਲੀ ਸਰਕਾਰ ਬਣਦੇ ਹੀ ਇਸ ਹਲਕੇ ਨੂੰ ਵਿਕਾਸ ਦੀਆਂ ਨਵੀਂਆ ਬੁਲੰਦੀਆਂ ’ਤੇ ਲਿਜਾਇਆ ਜਾਵੇਗਾ।