ਥਾਣੇਦਾਰੋ ਸਾਵਧਾਨ: ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ
ਅਸ਼ੋਕ ਵਰਮਾ
ਬਠਿੰਡਾ,14ਮਈ2022:ਸੀਨੀਅਰ ਪੁਲਿਸ ਕਪਤਾਨ ਬਠਿੰਡਾ ਜੇ ਇਲੈਂਚੇਜ਼ੀਅਨ ਨੇ ਮੀਟਿੰਗ ਕਰਕੇ ਬਠਿੰਡਾ ਜਿਲ੍ਹੇ ਵਿਚਲੇ ਥਾਣਿਆਂ ’ਚ ਤਾਇਨਾਤ ਸਮੂਹ ਮੁੱਖ ਥਾਣਾ ਅਫਸਰਾਂ ਅਤੇ ਬਾਕੀ ਅਧਿਕਾਰੀਆਂ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਸੁਨੇਹਾ ਲਾ ਦਿੱਤਾ ਹੈ। ਐਸਐਸਪੀ ਨੇ ਸ਼ੁੱਕਰਵਾਰ ਸ਼ਾਮ ਨੂੰ ਜ਼ਿਲ੍ਹੇ ਭਰ ਦੇ ਥਾਣੇਦਾਰਾਂ ਅਤੇ ਪੁਲੀਸ ਅਫਸਰਾਂ ਨਾਲ ਮੀਟਿੰਗ ਕਰਕੇ ਨਸ਼ੇ ਦੇ ਮੁੱਦੇ ਨਾਲ ਜੁੜੇ ਵੱਖ ਵੱਖ ਪਹਿਲੂਆਂ ਸਬੰਧੀ ਰਣਨੀਤੀ ਘੜਦਿਆਂ ਸੰਕੇਤ ਦਿੱਤੇ ਹਨ ਕਿ ਨਸ਼ਿਆਂ ਦੇ ਮਾਮਲੇ ’ਚ ਅਣਗਹਿਲੀ ਜਾਂ ਭ੍ਰਿਸ਼ਟਾਚਾਰ ਹੁਣ ਮਹਿੰਗਾ ਪੈ ਸਕਦਾ ਹੈ। ਐਸਐਸਪੀ ਨੇ ਨਸ਼ਿਆਂ ਦੀ ਤਸਕਰੀ ਦੇ ਮਾਮਲੇ ’ਚ ਕੋਤਾਹੀ ਲਈ ਥਾਣਾ ਇੰਚਾਰਜਾਂ ਅਤੇ ਸਬੰਧਤ ਅਧਿਕਾਰੀਆਂ ਦੀ ਜਿੰਮੇਵਾਰੀ ਵੀ ਤੈਅ ਕਰ ਦਿੱਤੀ ਹੈ।
ਮੁੱਖ ਮੰਤਰੀ ਦੇ ਹੁਕਮਾਂ ਤਹਿਤ ਪੰਜਾਬ ਪੁਲੀਸ ਹੁਣ ਮੁਸਤੈਦੀ ਦਿਖਾ ਰਹੀ ਹੈ ਤਾਂ ਜੋ ਪੰਜਾਬ ਦੇ ਨਸ਼ਾ ਮੁਕਤ ਹੋਣ ਦਾ ਪ੍ਰਭਾਵ ਦਿੱਤਾ ਜਾ ਸਕੇ। ਐਸਐਸਪੀ ਨੇ ਆਖਿਆ ਹੈ ਕਿ ਨਸ਼ਾ ਮੁਕਤ ਪੰਜਾਬ ਬਨਾਉਣਾ ਸਰਕਾਰ ਦਾ ਤਰਜੀਹੀ ਏਜੰਡਾ ਹੈ। ਇਸ ਲਈ ਉਹ ਕਿਸੇ ਵੀ ਥਾਣੇਦਾਰ ਜਾਂ ਹੋਰ ਅਧਿਕਾਰੀ ਦਾ ਕੋਈ ਬਹਾਨਾ ਨਹੀਂ ਸੁਣਗੇ। ਉਨ੍ਹਾਂ ਆਖਿਆ ਕਿ ਬਠਿੰਡਾ ਸਰਹੱਦੀ ਜਿਲ੍ਹਾ ਹੈ ਜਿਸ ਕਰਕੇ ਇੱਥੇ ਨਸ਼ਾ ਤਸਕਰੀ ਖਿਲਾਫ ਸਖਤੀ ਜਿਆਦਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੁਣ ਪੰਜਾਬ ਦੇ ਮੱਥੇ ਤੇ ਨਸ਼ੇੜੀ ਹੋਣ ਦੇ ਲੱਗੇ ਦਾਗ ਨੂੰ ਧੋਣਾ ਚਾਹੁੰਦੀ ਹੈ ਇਸ ਲਈ ਸਮੂਹ ਅਫਸਰ ਤਨਦੇਹੀ ਨਾਲ ਨਸ਼ਾ ਤਸਕਰਾਂ ਦੀ ਪੈੜ ਨੱਪਣ।
ਸੂਤਰ ਦੱਸਦੇ ਹਨ ਕਿ ਐਸਐਸਪੀ ਨੇ ਪੁਲੀਸ ਅਫਸਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਪਿੰਡ ਪੱਧਰ ਤੇ ਸੂਹੀਏ ਪੈਦਾ ਕਰਨ ਜੋ ਤਸਕਰਾਂ ਦੀ ਸੂਹ ਦੇ ਸਕਣ। ਦੱਸਿਆ ਜਾਂਦਾ ਹੈ ਕਿ ਥਾਣੇਦਾਰਾਂ ਨੇ ਪਿੰਡਾਂ ਚੋਂ ਸੂਹੀਏ ਵੀ ਲੱਭਣੇ ਸ਼ੁਰੂ ਕਰ ਦਿੱਤੇ ਹਨ ਅਤੇ ਉਨ੍ਹਾਂ ਨੂੰ ਲਾਲਚ ਵੀ ਦਿੱਤਾ ਜਾ ਰਿਹਾ ਹੈ ਤਾਂ ਜੋ ਉਹ ਪੁਲੀਸ ਨੂੰ ਤਸਕਰਾਂ ਬਾਰੇ ਦੱਸਦੇ ਰਹਿਣ। ਦੱਸਣਯੋਗ ਹੈ ਕਿ ਜੂਨ 2014 ਵਿਚ ਵੀ ਪੁਲੀਸ ਨੇ ਏਦਾਂ ਦਾ ਹੰਭਲਾ ਮਾਰਿਆ ਸੀ ਜੋ ਮਗਰੋਂ ਬਰਕਰਾਰ ਨਾ ਰਹਿ ਸਕਿਆ। ਇਸੇ ਤਰਾਂ ਹੀ ਕੈਪਟਨ ਸਰਕਾਰ ਆਉਣ ਤੋਂ ਬਾਅਦ ਵੀ ਪੰਜਾਬ ਪੁਲਿਸ ਨੇ ਨਸ਼ਿਆਂ ਖਿਲਾਫ ਹੱਲੇ ਤਹਿਤ ਪਿੰਡਾਂ ’ਚ ਡੈਪੋ ਅਤੇ ਨਸ਼ਾ ਵਿਰੋਧੀ ਕਮੇਟੀਆਂ ਬਣਾਈਆਂ ਸਨ।
ਕੁੱਝ ਦਿਨ ਤਾਂ ਕੈਪਟਨ ਹਕੂਮਤ ਦਾ ਜਲਵਾ ਨਜ਼ਰ ਆਇਆ ਪਰ ਪਿੱਛੇਂ ਕਪਤਾਨੀ ਮੁਹਿੰਮ ਸਾਹ ਸਤ ਗੁਆ ਬੈਠੀ । ਇਸ ਮਾਮਲੇ ਨਾਲ ਜੁੜਿਆ ਵਿਸ਼ੇਸ਼ ਪਹਿਲੂ ਹੈ ਕਿ ਉਨ੍ਹੀਂ ਦਿਨੀ ਬਠਿੰਡਾ ਰੇਂਜ ਦੇ ਆਈ.ਜੀ ਨੇ ਰਾਮਾਂ ਮੰਡੀ ’ਚ ਨਸ਼ਾ ਵਿਰੋਧੀ ਦਰਬਾਰ ਲਾਇਆ ਸੀ। ਜਦੋਂ ਇਸ ਮੌਕੇ ਮੰਡੀ ਦੀ ਤਰਾਸਦੀ ਦਾ ਪਤਾ ਲੱਗਾ ਤਾਂ ਉਨ੍ਹਾਂ ਫੌਰੀ ਐਸ.ਐਚ.ਓ ਮੁਅੱਤਲ ਕਰ ਦਿੱਤਾ। ਕੈਪਟਨ ਸਰਕਾਰ ਦੀ ਫੁਰਤੀ ਦੇਖੋ, ਉਦੋਂ ਹੀ ਆਈ.ਜੀ ਦੀ ਹੀ ਬਦਲੀ ਕਰ ਦਿੱਤੀ । ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੂੰ ਪੇਸ਼ਵਾਰਾਨਾ ਢੰਗ ਨਾਲ ਕੰਮ ਕਰਨ ਦਿੱਤਾ ਜਾਣਾ ਚਾਹੀਦਾ ਹੈ ਤਾਂ ਹੀ ਨਤੀਜੇ ਮਿਲ ਸਕਦੇ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਕਹਿੰਦੀ ਹੈ ਕਿ ਆਮ ਲੋਕਾਂ ਦਾ ਸਹਿਯੋਗ ਲਵੋ ਪਰ ਪਿੰਡਾਂ ਕਸਬਿਆਂ ਦੇ ਲੋਕ ਛੋਟੇ ਤਸਕਰਾਂ ਬਾਰੇ ਤਾਂ ਖੁੱਲ੍ਹ ਕੇ ਦੱਸ ਦਿੰਦੇ ਹਨ ਪਰ ਵੈਰ ਪੈਣ ਦੇ ਡਰੋਂ ਵੱਡੀਆਂ ਮੱਛੀਆਂ ਬਾਰੇ ਕੋਈ ਮੂੰਹ ਨਹੀਂ ਖੋਹਲਦਾ ਹੈ। ਇਸ ਕਰਕੇ ਪੁਲਿਸ ਦੇ ਹੱਥ ਵੱਡੇ ਸਮਗਲਰਾਂ ਤੱਕ ਪਹੁੰਚਣ ’ਤੇ ਪ੍ਰਸ਼ਨ ਚਿੰਨ੍ਹ ਲੱਗਿਆ ਹੋਇਆ ਹੈ। ਬਠਿੰਡਾ ਪੱਟੀ ’ਚ ਰਿਵਾਇਤਪ ਨਸ਼ਿਆਂ ਦੀ ਵਿੱਕਰੀ ਜਿਆਦਾ ਹੁੰਦੀ ਸੀ ਜਦੋਂਕਿ ਲੰਘੇ ਕਈ ਸਾਲਾਂ ਦੌਰਾਨ ਸੈਂਕੜੇ ਗੱਭਰੂਆਂ ਦੀਆਂ ਜਿੰਦਗੀਆਂ ਨੂੰ ਖਾ ਜਾਣ ਵਾਲੇ ਚਿੱਟੇ ਵਰਗੇ ਸਿੰਥੈਟਿਕ ਤੇ ਖਤਰਨਾਕ ਨਸ਼ੇ ਨੇ ਆਪਣੇ ਪੈਰ ਪਸਾਰੇ ਹਨ ਜਿਸ ਨੂੰ ਰੋਕਣਾ ਪੰਜਾਬ ਪੁਲਿਸ ਲਈ ਲਗਾਤਾਰ ਚੁਣੌਤੀ ਬਣਿਆ ਹੈ।
ਦੱਸਣਯੋਗ ਹੈ ਕਿ ਮੁੱਖ ਮੰਤਰੀ ਨੇ ਪੰਜਾਬ ਦੇ ਸਮੂਹ ਐਸਐਸਪੀਜ਼, ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਕਮਿਸ਼ਨਰਾਂ ਨਾਲ ਮੀਟਿੰਗ ਕਰਕੇ ਡਰੱਗ ਮਾਫੀਆ ਚਲਾ ਰਹੀਆਂ ਵੱਡੀਆਂ ਮੱਛੀਆਂ ਨੂੰ ਕਾਬੂ ਕਰਨ ਲਈ ਐਸਟੀਐਫ ਨਾਲ ਤਾਲਮੇਲ ਕਰਕੇ ਕੰਮ ਕਰਨ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਨਸ਼ਿਆਂ ਦੀ ਤਸਕਰੀ ਦਾ ਕੋਈ ਮਾਮਲਾ ਸਾਹਮਣੇ ਆਉਣ ਦੀ ਸੂਰਤ ’ਚ ਐਸ ਐਸ ਪੀ ਅਤੇ ਹੋਰ ਅਧਿਕਾਰੀਆਂ ਦੀ ਜਵਾਬਦੇਹੀ ਵੀ ਤੈਅ ਕੀਤੀ ਹੈ। ਮੁੱਖ ਮੰਤਰੀ ਨੇ ਨਸ਼ਿਆਂ ਦੀ ਕਮਰਸ਼ੀਅਲ ਬਰਾਮਦਗੀ ’ਚ ਚਲਾਨ ਪੇਸ਼ ਨਾਂ ਹੋਣ ਦੀ ਸੂਰਤ ’ਚ ਜਮਾਨਤ ਮਿਲਣ ਤੇ ਵੀ ਅਫਸਰਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਗੱਲ ਆਖੀ ਹੈ।
ਬਿਨਾਂ ਦਬਾਅ ਮੁਹਿੰਮ ਨੇਪਰੇ ਚੜ੍ਹੇ
ਸਮਾਜਿਕ ਕਾਰਕੁੰਨ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਸਾਂਝੀਆਂ ਥਾਵਾਂ ਤੋਂ ਟੂਟੀਆਂ ਦੀ ਚੋਰੀ, ਨਸ਼ੇੜੀਆਂ ਵੱਲੋਂ ਸ਼ਮਸ਼ਾਨਘਾਟ ’ਚੋਂ ਲੋਹੇ ਦੀ ਅਰਥੀ ਨੂੰ ਹੱਥ ਪਾ ਲੈਣਾ, ਭਿਖਾਰੀ ਦੀ ਆਟੇ ਵਾਲੀ ਪੋਟਲੀ ਖੋਹ ਕੇ ਭੱਜ ਜਾਣਾਂ ਅਤੇ ਸ਼ਮਸ਼ਾਨਘਾਟਾਂ ’ਚੋਂ ਲੱਕੜੀਆਂ ਦੀ ਚੋਰੀ ਇਹ ‘ਨਸ਼ਾ ਮੁਕਤ ਪੰਜਾਬ’ ਦੀ ਤਸਵੀਰ ਹੈ। ਉਨ੍ਹਾਂ ਮੰਗ ਕੀਤੀ ਕਿ ਜੇਕਰ ਪੰਜਾਬ ਸਰਕਾਰ ਨੇ ਨਸ਼ਿਆਂ ਦਾ ਕੋਹੜ ਖਤਮ ਕਰਨ ਲਈ ਹੱਥ ਪਾਇਆ ਹੀ ਹੈ ਤਾਂ ਇਸ ਮੁਹਿੰਮ ਨੂੰ ਬਿਨਾਂ ਕਿਸੇ ਦਬਾਅ ਦੇ ਨੇਪਰੇ ਚਾੜ੍ਹਿਆ ਜਾਣਾ ਚਾਹੀਦਾ ਹੈ।
ਨਸ਼ਿਆਂ ਖਿਲਾਫ ਮੁਹਿੰਮ ਦੇ ਹੁਕਮ
ਸੀਨੀਅਰ ਪੁਲਿਸ ਕਪਤਾਨ ਜੇ ਇਲੈਂਨਚੇਜ਼ੀਅਨ ਦਾ ਕਹਿਣਾ ਸੀ ਕਿ ਥਾਣਾ ਇੰਚਾਰਜਾਂ ਨੂੰ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਇਸ ਮਾਮਲੇ ’ਚ ਉਨ੍ਹਾਂ ਦੀ ਜਿੰਮੇਵਾਰੀ ਤੈਅ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਮਨ ਕਾਨੂੰਨ ਅਤੇ ਦੀਆਂ ਸ਼ਕਾਇਤਾਂ ਸਮਾਂ ਬੱਧ ਢੰਗ ਨਾਲ ਨਿਪਟਾੳਣ ਦੇ ਵੀ ਆਦੇਸ਼ ਦਿੱਤੇ ਹਨ ਪਰ ਨਸ਼ਾ ਤਸਕਰੀ ਨੂੰ ਨੱਥ ਪਾਉਣੀ ਪਹਿਲ ਰਹੇਗੀ।