ਮਨਪ੍ਰੀਤ ਬਾਦਲ ਧੜੇ ਨੇ ਜ਼ਿਲ੍ਹਾ ਪ੍ਰਧਾਨ ਲਈ ਝੁੰਬਾ ਸਿਰ ਪਾਈ ਪੰਜਾਲੀ
ਅਸ਼ੋਕ ਵਰਮਾ
ਬਠਿੰਡਾ,18 ਮਈ 2022:ਬਠਿੰਡਾ ਕਾਂਗਰਸ ’ਚ ਮੰਗਲਵਾਰ ਨੂੰ ਪਏ ਕਲੇਸ਼ ਤੋਂ ਬਾਅਦ ਅੱਜ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਧੜੇ ਨਾਲ ਸਬੰਧਤ ਵੱਡੀ ਗਿਣਤੀ ਕਾਂਗਰਸੀ ਲੀਡਰਾਂ ਅਤੇ ਕੌਂਸਲਰਾਂ ਨੇ ਅੱਜ ਸਾਬਕਾ ਜਿਲ੍ਹਾ ਪ੍ਰਧਾਨ ਮੋਹਣ ਲਾਲ ਝੁੰਬਾ ਨੂੰ ਜਿਲ੍ਹਾ ਪ੍ਰਧਾਨ ਬਨਾਉਣ ਦੀ ਸਿਫਾਰਸ਼ ਕਰ ਦਿੱਤੀ ਹੈ। ਇੰਨ੍ਹਾਂ ਕਾਂਗਰਸੀ ਆਗੂਆਂ ਨੇ ਅੱਜ ਇਸ ਸਬੰਧ ’ਚ ਆਬਜ਼ਰਵਰਾਂ ਨੂੰ ਮੰਗ ਪੱਤਰ ਦਿੱਤਾ ਹੈ ਜਿਸ ’ਚ ਝੁੰਬਾ ਨੂੰ ਪ੍ਰਧਾਨ ਬਨਾਉਣ ਤੋਂ ਇਲਾਵਾ ਦੋ ਬਲਾਕ ਪ੍ਰਧਾਨਾਂ ਨੂੰ ਅਹੁਦਿਆਂ ਤੇ ਬਣੇ ਰਹਿਣ ਦੀ ਮੰਗ ਕੀਤੀ ਗਈ ਹੈ। ਮੰਗ ਪੱਤਰ ’ਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਸਲਾਹ ਲੈਣ ਲਈ ਵੀ ਆਖਿਆ ਗਿਆ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਝੁੰਬਾ ਦਾ ਚੰਗਾ ਅਸਰ ਰਸੂਖ ਹੈ ਜਿਸ ਨਾਲ ਕਾਂਗਰਸ ਪਾਰਟੀ ਮਜਬੂਤ ਹੋ ਸਕੇਗੀ।
ਹਾਲਾਂਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮਨਪ੍ਰੀਤ ਬਾਦਲ ਗਰੁੱਪ ਨੂੰ ਕਿੰਨੀ ਅਹਿਮੀਅਤ ਦਿੰਦੇ ਹਨ ਇਹ ਤਾਂ ਵਕਤ ਦੱਸੇਗਾ ਪਰ ਇੱਕ ਤਰਾਂ ਨਾਲ ਸਥਾਨਕ ਕਾਂਗਰਸੀ ਲੀਡਰਸ਼ਿਪ ਨੇ ਆਪਣੇ ਵੱਲੋਂ ਝੁੰਬਾ ਨੂੰ ਵਿਵਾਦ ਰਹਿਤ ਨੇਤਾ ਦੇ ਤੌਰ ਤੇ ਪੇਸ਼ ਕਰਦਿਆਂ ਜਿਲ੍ਹਾ ਪ੍ਰਧਾਨ ਬਨਾਉਣ ਦੀ ਮੰਗ ਰੱਖ ਦਿੱਤੀ ਹੈ। ਸ਼ਹਿਰ ਦੀ ਰਾਜਨੀਤੀ ’ਚ ਮੋਹਣ ਲਾਲ ਝੁੰਬਾ ਨੂੰ ਇੱਕ ਧਾਕੜ ਕਿਸਮ ਦੇ ਮਹਾਜਨ ਆਗੂ ਵਜੋਂ ਜਾਣਿਆ ਜਾਂਦਾ ਹੈ। ਗੱਲ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੀ ਹੈ ਜਦੋਂ ਝੁੰਬਾ ਨੇ ਆਪਣੇ ਇਲਾਕੇ ’ਚ ਕਾਂਗਰਸ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦੀ ਮੌਜੂਦਗੀ ’ਚ ਵੱਡਾ ਇਕੱਠ ਕੀਤਾ ਸੀ ।
ਇਸ ਇਕੱਠ ਨੂੰ ਇੱਕ ਤਰਾਂ ਨਾਲ ਤਾਕਤ ਦਾ ਵਿਖਾਵਾ ਹੀ ਸਮਝਿਆ ਗਿਆ ਜੋ ਦੂਰੀਆਂ ਵਧਾਉਣ ਵਾਲਾ ਸਾਬਤ ਹੋਇਆ ਸੀ। ਸ਼ਹਿਰੀ ਕਾਂਗਰਸ ਦਾ ਸਾਬਕਾ ਪ੍ਰਧਾਨ ਮੋਹਣ ਲਾਲ ਝੁੰਬਾ ਕਰੀਬ ਤਿੰਨ ਦਹਾਕਿਆਂ ਤੋਂ ਵੱਧ ਅਰਸੇ ਤੋਂ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹੈ। ਇਸ ਟਕਸਾਲੀ ਆਗੂ ਨੇ ਹਰ ਔਖ ਸੌਖ ’ਚ ਪਾਰਟੀ ਨਾਲ ਹਿੱਕ ਡਾਹ ਕੇ ਖਲੋਣ ਨੂੰ ਤਰਜੀਹ ਦਿੱਤੀ ਹੈ । ਇਸ ਦੇ ਬਾਵਜੂਦ ਕਾਂਗਰਸੀ ਸਰਕਾਰ ਆਉਣ ਤੋਂ ਬਾਅਦ ਉਸ ਬੇਗਾਨਗੀ ਦਾ ਸਾਹਮਣਾ ਕਰਨਾ ਪਿਆ ਸੀ। ਬਾਅਦ ’ਚ ਸਰਕਾਰ ਨੇ ਮੋਹਣ ਲਾਲ ਝੁੰਬਾ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਾ ਦਿੱਤਾ। ਮਾਰਕੀਟ ਫੀਸ ’ਚ ਚੱਕ ਥੱਲ ਦੀ ਆਸ਼ੰਕਾ ਦੇ ਚੱਲਦਿਆਂ ਜਦੋਂ ਇੱਕ ਦੁਕਾਨ ਤੇ ਛਾਪਾ ਮਾਰਿਆ ਜਿਸ ਨੇ ਕਾਂਗਰਸ ਚਲਾ ਰਹੇ ਲੀਡਰਾਂ ਅਤੇ ਝੁੰਬਾ ’ਚ ਦੂਰੀਆਂ ਵਧਾ ਦਿੱਤੀਆਂ ।
ਇਸ ਤੋਂ ਬਾਅਦ ਝੁੰਬਾ ਨੇ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੇ ਕੈਪਟਨ ਅਮਰਿੰਦਰ ਸਿੰਘ ਦੇ ਬੋਰਡ ਲਗਵਾ ਦਿੱਤੇ ਜਿੰਨ੍ਹਾਂ ’ਤੇ ‘ਪੰਜਾਬ ਦਾ ਕੈਪਟਨ ਇੱਕ ਹੀ ਹੁੰਦਾ ਹੈ ’ਛਪਿਆ ਹੋਇਆ ਸੀ । ਭਾਵੇਂ ਬੋਰਡ ਪਾੜ ਦਿੱਤੇ ਗਏ ਪਰ ਮੋਹਨ ਲਾਲ ਝੁੰਬਾ ਸਥਾਨਕ ਆਗੂਆਂ ਨੂੰ ਦਿਖਾਉਣ ’ਚ ਸਫਲ ਰਿਹਾ ਕਿ ਉਸ ਦਾ ਉੱਪਰ ਤੱਕ ਹੱਥ ਵੀ ਹੈ। ਜਦੋਂ ਹਾਲੀਆ ਵਿਧਾਨ ਸਭਾ ਚੋਣਾਂ ਸਿਰ ਤੇ ਆ ਗਈਆਂ ਤਾਂ ਸਿਆਸੀ ਨਫੇ ਨੁਕਸਾਨ ਨੂੰ ਦੇਖਦਿਆਂ ਮਨਪ੍ਰੀਤ ਬਾਦਲ ਧੜੇ ਨੇ ਮੋਹਣ ਲਾਲ ਝੁੰਬਾ ਨੂੰ ਇੱਕ ਵਾਰ ਫਿਰ ਰਾਜੀ ਕਰਕੇ ਆਪਣੇ ਨਾਲ ਤੋਰ ਲਿਆ ਅਤੇ ਹੁਣ ਤੱਕ ਝੁੰਬਾ ਇਸ ਗਰੁੱਪ ਦੇ ਨਾਲ ਹੀ ਚੱਲਿਆ ਆ ਰਹਾ ਹੈ।
ਮੰਗਲਵਾਰ ਨੂੰ ਜਿਲ੍ਹਾ ਪ੍ਰਧਾਨਗੀ ਨੂੰ ਲੈਕੇ ਘਮਸਾਨ ਮੱਚਣ ਤੋਂ ਬਾਅਦ ਅੱਜ ਕਾਂਗਰਸੀ ਲੀਡਰਾਂ ਨੇ ਡੈਮਜ ਕੰਟਰੋਲ ਕਰਨ ਦੀ ਨੀਤੀ ਤਹਿਤ ਮੋਹਣ ਲਾਲ ਝੁੰਬਾ ਦੇ ਨਾਮ ਦਾ ਪ੍ਰਸਤਾਵ ਪੇਸ਼ ਕਰ ਦਿੱਤਾ। ਅੱਜ ਵੀ ਕਾਂਗਰਸ ਪਾਰਟੀ ਨੇ ਮੀਟਿੰਗ ਕੀਤੀ ਜਿਸ ’ਚ ਮੰਗਲਵਾਰ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹਮਾਇਤੀਆਂ ਨਾਲ ਦੋ ਦੋ ਹੱਥ ਕਰਨ ਵਾਲੇ ਕਾਂਗਰਸੀ ਆਗੂ ਰਾਜਾ ਵੜਿੰਗ ਜਿੰਦਾਬਾਦ ਦੇ ਨਾਅਰੇ ਮਾਰਦੇ ਸ਼ਾਮਲ ਹੋਏ।
ਸ਼ਹਿਰ ਦੀ ਲੀਡਰਸ਼ਿਪ ਦਾ ਫੈਸਲਾ:ਝੁੰਬਾ
ਸਾਬਕਾ ਜਿਲ੍ਹਾ ਪ੍ਰਧਾਨ ਮੋਹਣ ਲਾਲ ਝੁੰਬਾ ਦਾ ਕਹਿਣਾ ਸੀ ਕਿ ਅੰਤਮ ਫੈਸਲਾ ਹਾਈਕਮਾਂਡ ਵੱਲੋਂ ਕੀਤਾ ਜਾਣਾ ਹੈ ਕਿ ਫਿਰਵੀ ਬਠਿੰਡਾ ਕਾਂਗਰਸ ਦੇ ਹੁਕਮ ਨੂੰ ਉਹ ਖਿੜੇ ਮੱਥੇ ਪ੍ਰਵਾਨ ਕਰਨਗੇ। ਉਨ੍ਹਾਂ ਕਿਹਾ ਕਿ ਜਦੋਂ ਤਿੰਨ ਦਰਜਨ ਕੌਂਸਲਰਾਂ ਅਤੇ ਹੋ ਸੀਨੀਅਰ ਆਗੂਆਂ ਨੇ ਉਨ੍ਹਾਂ ਤੇ ਸਹਿਮਤੀ ਬਣਾਈ ਹੈ ਤਾਂ ਉਹ ਕਿਸ ਤਰਾਂ ਨਾਂਹ ਕਰ ਸਕਦੇ ਹਨ।
ਇਹ ਵੀ ਮੈਦਾਨ ਹਨ ’ਚ
ਸਾਬਕਾ ਮੰਤਰੀ ਚਿਰੰਜੀ ਲਾਲ ਗਰਗ ਦੇ ਲੜਕੇ ਐਡਵੋਕੇਟ ਰਾਜਨ ਗਰਗ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਕੇ ਕੇ ਅਗਰਵਾਲ ਵੀ ਜਿਲ੍ਹਾ ਪ੍ਰਧਾਨਗੀ ਦੀ ਦੌੜ ’ਚ ਸ਼ਾਮਲ ਦੱਸੇ ਜਾ ਰਹੇ ਹਨ। ਦੋਵਾਂ ਹੀ ਆਗੂਆਂ ਦੀ ਰਾਜਾ ਵੜਿੰਗ ਨਾਲ ਬੇਹੱਦ ਨੇੜਤਾ ਹੈ। ਖਾਸ ਤੌਰ ਤੇ ਰਾਜਾ ਵੜਿੰਗ ਚਿਰੰਜੀ ਲਾਲ ਗਰਗ ਦੇ ਬੇਹੱਦ ਸਨਮਾਨ ਕਰਦੇ ਹਨ। ਹੁਣ ਅਜਿਹੇ ਹਾਲਾਤਾਂ ਦਰਮਿਆਨ ਸ਼ਹਿਰ ਵਾਸੀਆਂ ਦੀਆਂ ਨਜ਼ਰਾਂ ਸੂਬਾ ਪ੍ਰਧਾਨ ਤੇ ਟਿਕੀਆਂ ਹੋਈਆਂ ਹਨ।