ਬੁਝਾਰਤ ਬਣੀ ਸਿੱਧੂ ਦੀ ਜੇਲ੍ਹ ਬੰਦੀ, ਕਿਵੇਂ ਹੋਏਗਾ ਸਰੰਡਰ?
ਜ਼ੀਨੀਆ ਬੱਲੀ
ਚੰਡੀਗੜ੍ਹ, 19 ਮਈ 2022- ਨਵਜੋਤ ਸਿੱਧੂ ਖਿਲਾਫ਼ ਸੁਪਰੀਮ ਕੋਰਟ ਤੋਂ ਆਏ ਫ਼ੈਸਲੇ ਮਗਰੋਂ ਇਹ ਸਵਾਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ, ਸਿੱਧੂ ਕਿੰਝ ਜੇਲ੍ਹ ਜਾਏਗਾ?
ਮੀਡੀਆ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਖ਼ਬਰਾਂ ਚੱਲ ਰਹੀਆਂ ਹਨ ਕਿ, ਸਿੱਧੂ ਨੂੰ ਪੁਲਿਸ ਗ੍ਰਿਫਤਾਰ ਕਰੇਗੀ, ਸਿੱਧੂ ਸਰੰਡਰ ਕਰੇਗਾ।
ਪਰ, ਬਾਬੂਸ਼ਾਹੀ ਕੋਲ ਪੁੱਜੀ ਜਾਣਕਾਰੀ ਦੇ ਮੁਤਾਬਿਕ, ਸੁਪਰੀਮ ਕੋਰਟ ਦੇ ਵੱਲੋਂ ਸਿੱਧੂ ਖਿਲਾਫ਼ ਸੁਣਾਏ ਗਏ ਫ਼ੈਸਲੇ ਦੀ ਕਾਪੀ ਸੈਸ਼ਨ ਜੱਜ ਪਟਿਆਲਾ ਨੂੰ ਪਹਿਲਾਂ ਭੇਜੀ ਜਾਵੇਗੀ।
ਫ਼ੈਸਲੇ ਦੀ ਕਾਪੀ ਮਿਲਣ ਤੋਂ ਬਾਅਦ ਸੈਸ਼ਨ ਜੱਜ ਪਟਿਆਲਾ ਤਹਿ ਕਰੇਗਾ ਕਿ, ਸਿੱਧੂ ਨੂੰ ਕੋਰਟ ਵਿੱਚ ਸਰੰਡਰ ਹੋਣ ਲਈ ਕਹਿਣਾ ਹੈ, ਜਾਂ ਫਿਰ ਪਟਿਆਲਾ ਪੁਲਿਸ ਨੂੰ ਹੁਕਮ ਜਾਰੀ ਕਰਕੇ ਸਿੱਧੂ ਦੀ ਗ੍ਰਿਫਤਾਰੀ ਪਾਉਣੀ ਹੈ।
ਖ਼ਬਰ ਲਿਖੇ ਜਾਣ ਤੱਕ (9:22 PM) ਸੁਪਰੀਮ ਕੋਰਟ ਤੋਂ ਹਾਲੇ ਤੱਕ ਆਰਡਰ ਦੀ ਕਾਪੀ ਪ੍ਰਾਪਤ ਨਹੀਂ ਸੀ ਹੋਈ।
ਪਰ ਸੰਭਾਵਨਾ ਹੈ ਕਿ, ਬਹੁਤ ਜਲਦ ਸੁਪਰੀਮ ਕੋਰਟ ਦੇ ਵੱਲੋਂ ਪਟਿਆਲਾ ਸੈਸ਼ਨ ਜੱਜ ਨੂੰ ਸਿੱਧੂ ਖਿਲਾਫ਼ ਸੁਣਾਏ ਫ਼ੈਸਲੇ ਦੀ ਕਾਪੀ ਭੇਜ ਦਿੱਤੀ ਜਾਵੇਗੀ ਅਤੇ ਅਗਲੇਰੀ ਕਾਰਵਾਈ ਲਈ ਕਿਹਾ ਜਾਵੇਗਾ।
ਇੱਥੇ ਜਾਣਕਾਰੀ ਲਈ ਦੱਸ ਦਈਏ ਕਿ, ਨਵਜੋਤ ਸਿੱਧੂ ਨੂੰ ਕਰੀਬ 34 ਸਾਲ ਪੁਰਾਣੇ ਰੋਡ ਰੇਜ ਕੇਸ ਵਿੱਚ ਸੁਪਰੀਮ ਕੋਰਟ ਦੇ ਵੱਲੋਂ 1 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ।
ਇਹ ਸਜ਼ਾ ਜਸਟਿਸ ਏ ਐਮ ਖਾਨਵਿਲਕਰ ਤੇ ਐਸਕੇ ਕੌਲ ਦੇ ਬੈਂਚ ਨੇ ਪੀੜਤ ਪਰਿਵਾਰ ਵੱਲੋਂ ਦਾਇਰ ਸਮੀਖਿਆ ਪਟੀਸ਼ਨ ਦੀ ਸੁਣਵਾਈ ਕਰਨ ਮਗਰੋਂ ਸੁਣਾਈ ਗਈ ਹੈ।