ਗੱਭਰੂ ਦੀ ਮੌਤ: ‘ਸੱਪ ਲੰਘਣ ਪਿੱਛੋਂ ਲਕੀਰ ਕੁੱਟਣ ਲੱਗਾ ਪੁਲਿਸ ਪ੍ਰਸ਼ਾਸਨ
ਅਸ਼ੋਕ ਵਰਮਾ
ਬਠਿੰਡਾ,23 ਜੂਨ2022:ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ਉੱਪਰ ਪੈਂਦੇ ਬਰਨਾਲਾ ਬਾਈਪਾਸ ਤੇ ਗੁਰੂ ਘਰ ਵਾਲੇ ਕੱਟ ਤੇ ਵਾਪਰੇ ਸੜਕ ਹਾਦਸੇ ਦੌਰਾਨ ਹੋਈ ‘ਕੜੀ ਵਰਗੇ ਗੱਭਰੂ’ ਦੀ ਮੌਤ ਪਿੱਛੋਂ ਗੂੜ੍ਹੀ ਨੀਦ ਤੋਂ ਜਾਗੇ ਪੁਲਿਸ ਪ੍ਰਸ਼ਾਸ਼ਨ ਨੇ ਖੂਨੀ ਅਖਵਾਉਂਦੀ ਸੜਕ ਬੰਦ ਕਰ ਦਿੱਤੀ ਹੈ। ਇਲਾਕਾ ਵਾਸੀਆਂ ਨੇ ਇਸ ਸਬੰਧ ’ਚ ਧਰਨਾ ਦਿੱਤਾ ਸੀ ਜਿਸ ਦੇ ਦਬਾਅ ਹੇਠ ਪੁਲਿਸ ਨੂੰ ਮਜਬੂਰੀ ਵੱਸ ਇਹ ਕਦਮ ਚੁੱਕਣਾ ਪਿਆ ਹੈ। ਹੁਣ ਸੜਕ ਦਾ ਇੱਕ ਪਾਸਾ ਟਰੈਫਿਕ ਪੁਲਿਸ ਨੇ ਬੈਰੀਕੇਡ ਲਾਕੇ ਬੰਦ ਕੀਤਾ ਹੈ ਜਦੋਂਕਿ ਦੂਜੇ ਪਾਸੇ ਲੋਕਾਂ ਨੇ ‘ਮੌਤ ਦਾ ਦਰਵਾਜਾ’ ਨਾਂ ਦਾ ਫਲੈਕਸ ਲਾਇਆ ਹੈ।
ਇਸ ਸੜਕ ਤੇ ਵਾਪਰੇ ਹਾਦਸੇ ’ਚ ਨੌਜਵਾਨ ਕ੍ਰਿਕਟ ਖਿਡਾਰੀ ਅਮਨ ਨਿਵਾਸੀ ਭਾਈ ਰੂਪਾ ਦੀ ਉਦੋਂ ਮੌਤ ਹੋ ਗਈ ਸੀ ਜਦੋਂ ਊਬੜ ਖਾਬੜ ਹੋਈ ਸੜਕ ਤੇ ਪਈ ਮਿੱਟੀ ਅਤੇ ਰੋੜਿਆਂ ਆਦਿ ਕਾਰਨ ਉਸ ਦੀ ਕਾਰ ਸੰਤੁਲਨ ਗਵਾ ਬੈਠੀ ਸੀ। ਇਹ ਪਹਿਲਾ ਮੌਕਾ ਨਹੀਂ ਹੈ ਕਿ ਇਸ ਤਰਾਂ ਕੋਈ ਕਹਿਰ ਦੀ ਮੌਤ ਹੋਈ ਹੋਵੇ ਇਸ ਤੋਂ ਮਹੀਨਾ ਕੁ ਪਹਿਲਾਂ ਇੱਕ ਘਰ ਦਾ ਇਕਲੌਤਾ ਚਿਰਾਗ ਵੀ ਇਸ ਸੜਕ ਨੇ ਨਿਗਲ ਲਿਆ ਸੀ। ਲੋਕ ਆਖਦੇ ਹਨ ਕਿ ਚਲੋ ਦੋ ਦਰਜਨ ਮੌਤਾਂ ਤੋਂ ਬਾਅਦ ਪੁਲਿਸ ਪ੍ਰਸ਼ਾਸ਼ਨ ਦੀ ਅੱਖ ਤਾਂ ਖੁੱਲ੍ਹੀ ਹੈ।
ਗੌਰਤਲਬ ਹੈ ਕਿ ਗੰਗਾਨਗਰ ਕੌਮੀ ਮਾਰਗ ਤੇ ਤੇਜੀ ਨਾਲ ਸਫਰ ਯਕੀਨੀ ਬਨਾਉਣ ਅਤੇ ਹਾਦਸਿਆਂ ਦੀ ਰੋਕਥਾਮ ਲਈ ਇਸ ਨੂੰ ਚਹੁੰਮਾਰਗੀ ਕੀਤਾ ਗਿਆ ਸੀ। ਬਠਿੰਡਾ ਵਿਕਾਸ ਅਥਾਰਟੀ ਇਨਕਲੇਵ ,ਗਰੀਨ ਸਿਟੀ,ਨੈਸ਼ਨਲ ਕਲੋਨੀ, ਬੈਂਕ ਕਲੋਨੀ, ਗੁਰੂ ਗੋਬਿੰਦ ਸਿੰਘ ਨਗਰ ,ਹਜੂਰਾ ਕਪੂਰਾ ਕਲੋਨੀ ਆਦਿ ਦੇ ਲੋਕ ਆਪੋ ਆਪਣੇ ਟਿਕਾਣਿਆਂ ਨੂੰ ਜਾਣ ਲਈ ਇਸ ਸੜਕ ਉੱਪਰ ਦੀ ਲੰਘਦੇ ਹਨ। ਬਠਿੰਡਾ ਟਰੈਫਿਕ ਪੁਲਿਸ ਅਤੇ ਨਕਰ ਨਿਗਮ ਵੱਲੋਂ ਆਵਾਜਾਈ ਨੂੰ ਸੁਚਾਰੂ ਰੱਖਣ ਵਾਸਤੇ ਦੋ ਕੱਟਾਂ ਤੇ ਲਾਈਟਾਂ ਲਾਈਆਂ ਗਈਆਂ ਹਨ ਜਿੰਨ੍ਹਾਂ ਤੇ ਅਕਸਰ ਭੀੜ ਭੜੱਕਾ ਰਹਿੰਦਾ ਸੀ।
ਬਰਨਾਲਾ ਬਾਈਪਾਸ ਤੇ ਬਣੇ ਇੰਨ੍ਹਾਂ ਕੱਟਾਂ ਤੇ ਟਰੈਫਿਕ ਲਾਈਟਾਂ ਦੇ ਬਾਵਜੂਦ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ ਜਿੰਨ੍ਹਾਂ ਕਾਰਨ ਪਹਿਲਾਂ ਵੀ ਕਈ ਮੌਤਾਂ ਹੋ ਚੁੱਕੀਆਂ ਹਨ। ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਨੈਸ਼ਨਲ ਹਾਈਵੇਅ ਅਥਾਰਟੀ ਨੇ ਇਸ ਸੜਕ ਤੇ ਬਣੇ ਕੱਟਾਂ ਤੇ ਰੋਜਾਨਾ ਹੁੰਦੇ ਹਾਦਸਿਆਂ ਅਤੇ ਰੁਕਾਵਟਾਂ ਖਤਮ ਕਰਨ ਲਈ ਨਵਾਂ ਫਲਾਈਓਵਰ ਉਸਾਰਨ ਦੀ ਯੋਜਨਾ ਬਣਾਈ ਸੀ ਜੋਕਿ ਕੰਧਾਂ ਵਿਚਕਾਰ ਮਿੱਟੀ ਭਰਕੇ ਬਣਾਇਆ ਜਾਣਾ ਸੀ। ਜਦੋਂ ਇਸ ਸਬੰਧ ’ਚ ਲੋਕਾਂ ਨੂੰ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਪੁਲ ਸੁਧਾਰ ਕਮੇਟੀ ਬਣ ਲਈ ਅਤੇ ਸੰਘਰਸ਼ ਸ਼ੁਰੂ ਕਰ ਦਿੱਤਾ।
ਇਸ ਸੜਕ ਤੇ ਕੰਮ ਕਰਦੇ ਕਾਰੋਬਾਰੀਆਂ ਨੇ ਤੱਤਕਾਲੀ ਅਕਾਲੀ ਆਗੂ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਅਗਵਾਈ ਹੇਠ ਜਦੋਂ ਧਰਨਾ ਲਾਇਆ ਤਾਂ ਕਾਂਗਰਸ ਦੇ ਕੁੱਝ ਲੀਡਰਾਂ ਨੇ ਧਰਨੇ ’ਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ। ਕਾਂਗਰਸੀ ਲੀਡਰਾਂ ਦੀ ਇਸ ਕਾਰਵਾਈ ਤੋਂ ਖਫਾ ਹੋਏ ਸਿੰਗਲਾ ਨੇ ਪੁਲਿਸ ਦੀ ਉਸਾਰੀ ਨੂੰ ਨੱਕ ਦਾ ਸਵਾਲ ਬਣਾ ਲਿਆ। ਸਿੰਗਲਾ ਨੇ ਮਾਮਲਾ ਸਾਬਕਾ ਕੇਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕੋਲ ਰੱਖਿਆ ਜਿੰਨ੍ਹਾਂ ਕੇਂਦਰੀ ਸੜਕ ਟਰਾਂਸਪੋਰਟ ਮੰਤਰੀ ਨੂੰ ਕਹਿਕੇ ਪੁਲ ਦੀ ਉਸਾਰੀ ਰੁਕਵਾ ਦਿੱਤੀ।
ਹਾਲਾਂਕਿ ਉਦੋਂ ਆਖਿਆ ਸੀ ਕਿ ਨਵੇਂ ਡਿਜ਼ਾਇਨ ਨਾਲ ਫਲਾਈਓਵਰ ਦਾ ਕੰਮ ਜਲਦੀ ਹੀ ਚਾਲੂ ਹੋ ਜਾਏਗਾ ਪਰ ਨੌਂ ਮਹੀਨੇ ਬੀਤ ਜਾਣ ਦੇ ਬਾਵਜੂਦ ਇਸ ਦਿਸ਼ਾ ’ਚ ਕੋਈ ਕਾਰਵਾੲਾਂੀ ਨਹੀਂ ਹੋਈ ਹੈ। ਇਸੇ ਦੌਰਾਨ ਪੁਲਿਸ ਦੀ ਉਸਾਰੀ ਕਰ ਰਹੇ ਠੇਕੇਦਾਰ ਨੇ ਸੜਕ ਤੇ ਲੱਗੇ ਮਿੱਟੀ ਦੇ ਅੰਬਾਰ ਚੁੱਕਵਾ ਦਿੱਤੇ ਤਾਂ ਕੋਈ ਰੁਕਾਵਟ ਨਾਂ ਰਹੀ ਅਤੇ ਗੱਡੀਆਂ ਵਾਲੇ ਫਰਾਟੇ ਨਾਲ ਲੰਘਣ ਲੱਗ ਪਏ। ਸੜਕ ਪੁੱਟੀ ਹੋਣ ਕਾਰਨ ਐਨਾ ਕੂੜਾ ਕਰਕਟ ਖਿੱਲਰਿਆ ਹੋਇਆ ਹੈ ਜਿਸ ਕਾਰਨ ਕਾਰਾਂ ਆਦਿ ਵਾਲਿਆਂ ਨੂੰ ਦਿੱਕਤਾਂ ਆਉਣ ਲੱਗੀਆਂ।
ਇਸੇ ਦੌਰਾਨ ਜਦੋਂ ਸੜਕ ਲੋਕਾਂ ਦੀਆਂ ਜਾਨਾਂ ਲੈਣ ਲੱਗੀ ਤਾਂ ਇਲਾਕਾ ਵਾਸੀਆਂ ਨੇ ਹੁਣ ਮੁੜ ਲਾਮਬੰਦੀ ਸ਼ੁਰੂ ਕਰ ਦਿੱਤੀ ਅਤੇ ਪ੍ਰਸ਼ਾਸ਼ਨ ਨੂੰ ਮੰਗ ਪੱਤਰ ਦਿੱਤਾ ਹੈ। ਅੱਜ ਵੀ ਕੱਟ ਦੇ ਨਜ਼ਦੀਕ ਪੈਂਦੀਆਂ ਕੁੱਝ ਦੁਕਾਨਾਂ ਦੇ ਮਾਲਕਾਂ ਨੇ ਦੱਸਿਆ ਕਿ ਜਦੋਂ ਤੋਂ ਸੜਕ ਪੱਟੀ ਹੈ ਉਦੋਂ ਤੋਂ ਤਾਂ ਇਸ ਕੱਟ ਤੇ ਗੱਡੀਆਂ ਦੇ ਭੇੜ ਤੇ ਮੋਟਰਸਾਈਕਲਾਂ ਵਗੈਰਾ ’ਚ ਟਕਰਾਅ ਆਮ ਜਿਹੀ ਗੱਲ ਬਣ ਗਿਆ ਹੈ । ਉਨ੍ਹਾਂ ਦੱਸਿਆ ਕਿ ਸੜਕ ਚਹੁੰਮਾਰਗੀ ਹੋਣ ਕਰਕੇ ਗੱਡੀਆਂ ਦੇ ਚਾਲਕ ਆਸਾ ਪਾਸਾ ਦੇਖਣ ਦੀ ਬਜਾਏ ਹਵਾ ਨੂੰ ਗੰਢਾਂ ਦਿੰਦੇ ਲੰਘਣ ਲੱਗੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਇਸ ਮਸਲੇ ਦਾ ਹੱਲ ਨਾਂ ਕੱਢਿਆ ਤਾਂ ਇਹ ਕੱਟ ਖੂਨੀ ਹੀ ਨਹੀਂ ਮੌਤ ਦਾ ਖੂਹ ਬਣ ਜਾਣਾ ਹੈ।
ਪ੍ਰਸ਼ਾਸ਼ਨ ਕੰਮ ਚਾਲੂ ਕਰਵਾਏ-ਹੈਪੀ ਕੰਵਰ
ਕਾਂਗਰਸੀ ਆਗੂ ਹੈਪੀ ਕੰਵਰ ਦਾ ਕਹਿਣਾ ਸੀ ਕਿ ਉਹ ਕਲੋਨੀਆਂ ਦੇ ਪ੍ਰਤੀਨਿਧਾਂ ਨਾਲ ਮੀਟਿੰਗ ਕਰਕੇ ਕੋਈ ਅਗਲਾ ਫੈਸਲਾ ਲੈਣਗੇ। ਉਨ੍ਹਾਂ ਆਖਿਆ ਕਿ ਇਸ ਸੜਕ ਰਾਹੀਂ ਸਫਰ ਕਰਨ ਵਾਲਿਆਂ ਦੇ ‘ਅੱਛੇ ਦਿਨ’ ਆ ਗਏ ਹੋਣਗੇ ਪਰ ਸੜਕ ਦੀ ਮੰਦੀ ਹਾਲਤ ਕਾਰਨ ਹਜ਼ਾਰਾਂ ਲੋਕਾਂ ਦੀ ਜਾਨ ਮੁੱਠੀ ’ਚ ਆਈ ਹੋਈ ਹੈ। ਉਨ੍ਹਾਂ ਕਿਹਾ ਕਿਸੜਕ ਬੰਦ ਕਰ ਦੇਣਾ ਮਸਲੇ ਦਾ ਹੱਲ ਨਹੀਂ ਬਲਕਿ ਪ੍ਰਸ਼ਾਸ਼ਨ ਨੂੰ ਪਿੱਲਰਾਂ ਵਾਲਾ ਪੁਲ ਬਨਾਉਣ ਲਈ ਕੰਮ ਸ਼ੁਰੂ ਕਰਵਾਉਣਾ ਚਾਹੀਦਾ ਹੈ।